Punjab
IND vs ENG ਤੀਜਾ ਟੀ20 ਮੁਕਾਬਲਾ ਅੱਜ, ਸ਼੍ਰੇਅਸ ਦੀ ਕਪਤਾਨੀ ’ਚ ਅੱਜ ਤੱਕ ਨਹੀਂ ਜਿੱਤਿਆ ਭਾਰਤ
ਅੱਜ ਵਾਲਾ ਮੈਚ ਹਾਰੇ ਤਾਂ ਸੀਰੀਜ਼ ਜਿੱਤਣ ਦੀ ਉਮੀਦ ਖਤਮ
IND vs ENG: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਮੰਗਲਵਾਰ ਨੂੰ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਸੀਰੀਜ਼ ’ਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ, ਜਦੋਂ ਕਿ ਦੂਜੇ ਮੈਚ ’ਚ ਇੰਗਲੈਂਡ ਨੇ 4 ਵਿਕਟਾਂ ਨਾਲ 191 ਦੌੜਾਂ ਦਾ ਟੀਚਾ ਹਾਸਲ ਕਰਕੇ ਲੀਡ ਹਾਸਲ ਕੀਤੀ। ਜੇਕਰ ਭਾਰਤ ਇਹ ਮੈਚ ਹਾਰ ਜਾਂਦਾ ਹੈ ਤਾਂ ਸੀਰੀਜ਼ ਜਿੱਤਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਚਕਨਾਚੂਰ ਹੋ ਜਾਣਗੀਆਂ। ਭਾਰਤ ਨੇ ਸ਼੍ਰੇਅਸ ਅਈਅਰ ਦੀ ਕਪਤਾਨੀ ’ਚ ਹੁਣ ਤੱਕ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਉਹ ਲਗਾਤਾਰ ਚਾਰ ਮੈਚ ਹਾਰ ਚੁੱਕੇ ਹਨ। ਸ਼੍ਰੇਅਸ ਪਿਛਲੇ 10 ਟੀ-20 ਮੈਚਾਂ ’ਚੋਂ 9 ਹਾਰੇ ਹਨ, ਜਿਸ ਵਿੱਚ ਆਈਪੀਐਲ ਵੀ ਸ਼ਾਮਲ ਹੈ। ਭਾਰਤ ਤੇ ਇੰਗਲੈਂਡ ਵਿਚਕਾਰ ਹੁਣ ਤੱਕ 32 ਟੀ-20 ਮੈਚ ਖੇਡੇ ਗਏ ਹਨ। ਭਾਰਤ ਨੇ 18 ਜਿੱਤੇ ਹਨ ਤੇ ਇੰਗਲੈਂਡ ਨੇ 13 ਜਿੱਤੇ ਹਨ, ਜਦੋਂ ਕਿ ਇੱਕ ਮੈਚ ਡਰਾਅ ਰਿਹਾ।
ਇਹ ਖਬਰ ਵੀ ਪੜ੍ਹੋ : Viral News: ਵਿਅਕਤੀ ਦੇ ਸ਼ੌਂਕ ਨੇ ਸਕੂਟਰ ਦਾ ਮੁੱਲ ਸਾਢੇ 8 ਲੱਖ ਤੋਂ ਕੀਤਾ ਪਾਰ, ਜਾਣੋ ਕਿੱਥੋਂ ਦਾ ਹੈ ਇਹ ਸਖਸ਼
ਵੈਭਵ ਨੂੰ ਆਪਣਾ ਕੁਦਰਤੀ ਖੇਡ ਖੇਡਣ ਦੀ ਅਪੀਲ : ਕੋਟਕ | IND vs ENG
ਸਾਰੀਆਂ ਨਜ਼ਰਾਂ 15 ਸਾਲਾ ਵੈਭਵ ਸੂਰਿਆਵੰਸ਼ੀ ’ਤੇ ਹੋਣਗੀਆਂ। ਦੂਜੇ ਟੀ-20 ਮੈਚ ’ਚ ਆਪਣਾ ਡੈਬਿਊ ਕਰਨ ਵਾਲੇ ਵੈਭਵ ਨੇ 10 ਗੇਂਦਾਂ ’ਚ 14 ਦੌੜਾਂ ਬਣਾਈਆਂ। ਉਹ 15 ਸਾਲ 99 ਦਿਨਾਂ ਦੀ ਉਮਰ ’ਚ ਭਾਰਤ ਦੇ ਸਭ ਤੋਂ ਘੱਟ ਉਮਰ ਦਾ ਭਾਰਤੀ ਕ੍ਰਿਕੇਟਰ ਬਣ ਗਏ ਹਨ। ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ ਨੇ ਕਿਹਾ ਕਿ ਟੀਮ ਪ੍ਰਬੰਧਨ ਨੇ ਵੈਭਵ ਨੂੰ ਆਪਣਾ ਕੁਦਰਤੀ ਖੇਡ ਖੇਡਣ ਲਈ ਕਿਹਾ ਹੈ।
ਈਸ਼ਾਨ ਸਭ ਤੋਂ ਵੱਧ ਸਕੋਰਰ, ਅਰਸ਼ਦੀਪ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼
ਈਸ਼ਾਨ ਕਿਸ਼ਨ ਇਸ ਸਾਲ ਟੀ-20 ਮੈਚਾਂ ’ਚ ਭਾਰਤ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਉਸਨੇ 17 ਮੈਚਾਂ ’ਚ 594 ਦੌੜਾਂ ਬਣਾਈਆਂ ਹਨ। ਹਾਲਾਂਕਿ, ਉਹ ਪਿਛਲੇ ਮੈਚ ’ਚ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ, ਜਿਸਨੇ 40 ਗੇਂਦਾਂ ’ਚ 49 ਦੌੜਾਂ ਬਣਾਈਆਂ। ਗੇਂਦਬਾਜ਼ੀ ’ਚ, ਅਰਸ਼ਦੀਪ ਸਿੰਘ ਨੇ ਇਸ ਸਾਲ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, 16 ਮੈਚਾਂ ’ਚ 24 ਵਿਕਟਾਂ ਲਈਆਂ ਹਨ। ਇਸ ਦੌਰਾਨ, ਅਕਸ਼ਰ ਪਟੇਲ ਪਿਛਲੇ ਮੈਚ ’ਚ ਟੀ-20 ਮੈਚਾਂ ’ਚ 100 ਵਿਕਟਾਂ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਸਪਿਨਰ ਬਣ ਗਏ ਹਨ।
ਬੈਥਲ ਸ਼ਾਨਦਾਰ ਫਾਰਮ ’ਚ, ਬਟਲਰ ਦੌੜਾਂ ਲਈ ਸੰਘਰਸ਼ ਕਰ ਰਹੇ
- ਇੰਗਲੈਂਡ ਦੇ ਜੈਕਬ ਬੈਥਲ ਨੇ ਇਸ ਸਾਲ 13 ਟੀ-20 ਮੈਚਾਂ ’ਚ 381 ਦੌੜਾਂ ਬਣਾਈਆਂ ਹਨ। ਪਿਛਲੇ ਮੈਚ ’ਚ, ਉਸਨੇ 46 ਗੇਂਦਾਂ ’ਚ ਅਜੇਤੂ 76 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਤੇ ਉਸਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ।
- ਵਿਕਟਕੀਪਰ ਜੋਸ ਬਟਲਰ ਖਰਾਬ ਫਾਰਮ ’ਚੋਂ ਲੰਘ ਰਹੇ ਹਨ। ਆਪਣੀਆਂ ਪਿਛਲੀਆਂ 16 ਟੀ-20 ਮੈਚਾਂ ’ਚ, ਉਸਨੇ ਸਿਰਫ ਇੱਕ ਵਾਰ 30 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਪਿਛਲੇ ਮੈਚ ’ਚ, ਉਹ ਪਹਿਲੀ ਹੀ ਗੇਂਦ ’ਤੇ ਆਊਟ ਹੋ ਗਏ ਸਨ।
- ਗੇਂਦਬਾਜ਼ੀ ’ਚ, ਆਦਿਲ ਰਾਸ਼ਿਦ ਨੇ ਇਸ ਸਾਲ 13 ਮੈਚਾਂ ’ਚ 19 ਵਿਕਟਾਂ ਲਈਆਂ ਹਨ। ਉਸਦੇ ਟੀ-20 ਮੈਚਾਂ ’ਚ 164 ਵਿਕਟਾਂ ਹਨ ਤੇ ਉਸਨੂੰ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਬਣਨ ਲਈ ਸਿਰਫ਼ ਦੋ ਹੋਰ ਵਿਕਟਾਂ ਦੀ ਲੋੜ ਹੈ, ਸਿਰਫ਼ ਅਫਗਾਨਿਸਤਾਨ ਦੇ ਰਾਸ਼ਿਦ ਖਾਨ (193 ਵਿਕਟਾਂ) ਤੋਂ ਬਾਅਦ।
ਪਿੱਚ ਰਿਪੋਰਟ ਤੇ ਮੌਸਮ | IND vs ENG
ਟ੍ਰੈਂਟ ਬ੍ਰਿਜ ਨੂੰ ਇੱਕ ਉੱਚ ਸਕੋਰਿੰਗ ਮੈਦਾਨ ਮੰਨਿਆ ਜਾਂਦਾ ਹੈ। 2025 ਤੋਂ ਬਾਅਦ ਇੱਥੇ ਖੇਡੇ ਗਏ ਪਿਛਲੇ 15 ਟੀ-20 ਮੈਚਾਂ ਵਿੱਚ, ਪਿੱਛਾ ਕਰਨ ਵਾਲੀ ਟੀਮ 11 ਵਾਰ ਜਿੱਤੀ ਹੈ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 191 ਦੌੜਾਂ ਰਿਹਾ ਹੈ। ਹਾਲਾਂਕਿ, ਇਸ ਸੀਜ਼ਨ ’ਚ ਇੰਗਲੈਂਡ ਦੇ ਘਰੇਲੂ ਟੀ-20 ਬਲਾਸਟ ’ਚ ਔਸਤ ਪਹਿਲੀ ਪਾਰੀ ਦਾ ਸਕੋਰ ਲਗਭਗ 165 ਦੌੜਾਂ ਰਿਹਾ ਹੈ। ਮੰਗਲਵਾਰ ਨੂੰ ਨਾਟਿੰਘਮ ’ਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ, ਤਾਪਮਾਨ ਲਗਭਗ 25 ਡਿਗਰੀ ਸੈਲਸੀਅਸ ਹੈ।
ਅੰਕੜਿਆਂ ’ਚ ਮੈਚ
- ਭਾਰਤ ਨੇ 2021 ਤੋਂ ਬਾਅਦ ਪਹਿਲੀ ਵਾਰ ਲਗਾਤਾਰ ਤਿੰਨ ਪੂਰੇ ਹੋਏ ਟੀ-20 ਮੈਚ ਹਾਰੇ ਹਨ।
- ਆਇਰਲੈਂਡ ਵਿਰੁੱਧ ਲੜੀ ਹਾਰਨ ਤੋਂ ਪਹਿਲਾਂ, ਭਾਰਤ ਨੇ ਲਗਾਤਾਰ 12 ਟੀ-20 ਸੀਰੀਜ਼ ਜਿੱਤੀਆਂ ਸਨ।
- ਇੰਗਲੈਂਡ ਨੇ 2022 ’ਚ ਟ੍ਰੈਂਟ ਬ੍ਰਿਜ ਵਿਖੇ ਭਾਰਤ ਵਿਰੁੱਧ ਇੱਕੋ-ਇੱਕ ਟੀ-20 ਮੈਚ ਜਿੱਤਿਆ ਸੀ।
- ਜੋਸ਼ ਟੰਗ ਟਰੈਂਟ ਬ੍ਰਿਜ ਵਿਖੇ ਆਪਣਾ ਪਹਿਲਾ ਘਰੇਲੂ ਟੀ-20 ਮੈਚ ਖੇਡੇਗਾ।
ਇੰਗਲੈਂਡ ਬਿਨਾਂ ਕਿਸੇ ਬਦਲਾਅ ਦੇ ਉੱਤਰੇਗਾ, ਭਾਰਤ ਕਰ ਸਕਦਾ ਹੈ ਬਦਲਾਅ
ਇੰਗਲੈਂਡ ਨੇ ਤੀਜੇ ਟੀ-20 ਮੈਚ ਲਈ ਆਪਣੇ ਪਲੇਇੰਗ ਇਲੈਵਨ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਭਾਰਤ ਦੀ ਟੀਮ ’ਚ ਬਦਲਾਅ ਸੰਭਵ ਹਨ। ਪਿਛਲੇ ਮੈਚ ’ਚ ਤਿੰਨ ਸਪਿੰਨਰਾਂ ਨੂੰ ਖੇਡਣ ਦੀ ਰਣਨੀਤੀ ਕੰਮ ਨਹੀਂ ਆਈ। ਰਵੀ ਬਿਸ਼ਨੋਈ ਦੇ ਮਹਿੰਗੇ ਸਾਬਤ ਹੋਣ ਤੋਂ ਬਾਅਦ, ਵਾਸ਼ਿੰਗਟਨ ਸੁੰਦਰ ਨੂੰ ਉਸਦੀ ਜਗ੍ਹਾ ’ਤੇ ਮੌਕਾ ਦਿੱਤਾ ਜਾ ਸਕਦਾ ਹੈ, ਹਾਲਾਂਕਿ ਪ੍ਰਿੰਸ ਯਾਦਵ ਤੇ ਸੂਰਯਾਂਸ਼ ਸ਼ੈੱਡਗੇ ਵੀ ਵਿਕਲਪ ਹਨ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਇੰਗਲੈਂਡ : ਫਿਲ ਸਾਲਟ, ਜੋਸ ਬਟਲਰ (ਵਿਕਟਕੀਪਰ), ਹੈਰੀ ਬਰੂਕ (ਕਪਤਾਨ), ਜੈਕਬ ਬੈਥਲ, ਟੌਮ ਬੈਂਟਨ, ਸੈਮ ਕੁਰਨ, ਵਿਲ ਜੈਕਸ, ਲਿਆਮ ਡਾਸਨ, ਆਦਿਲ ਰਾਸ਼ਿਦ, ਜੋਫਰਾ ਆਰਚਰ ਤੇ ਜੋਸ਼ ਟੰਗ।
ਭਾਰਤ : ਅਭਿਸ਼ੇਕ ਸ਼ਰਮਾ, ਵੈਭਵ ਸੂਰਯਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਵਾਸ਼ਿੰਗਟਨ ਸੁੰਦਰ/ਪ੍ਰਿੰਸ ਯਾਦਵ ਤੇ ਵਰੁਣ ਚੱਕਰਵਰਤੀ।
About The Author