Barnala News: ਬਰਨਾਲਾ ਘਟਨਾ ਮਾਮਲੇ ’ਚ ਭਾਜਪਾ ਵਫ਼ਦ ਨੇ ਰਾਜਪਾਲ ਨੂੰ ਸੌਂਪਿਆ ਮੰਗ-ਪੱਤਰ

ਸਫਾਈ ਕਰਮਚਾਰੀਆਂ ’ਤੇ ਕਥਿਤ ਪੁਲਿਸ ਕਾਰਵਾਈ ਦੀ ਨਿਰਪੱਖ ਜਾਂਚ ਤੇ ਦੋਸ਼ੀ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਵਾਲਮੀਕੀ ਸਭਾ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਗੇਜਾ ਰਾਮ ਵਾਲਮੀਕੀ ਦੀ ਅਗਵਾਈ ਹੇਠ ਭਾਜਪਾ ਦੇ ਇੱਕ ਵਫ਼ਦ ਨੇ ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਬਰਨਾਲਾ ’ਚ ਸ਼ਾਂਤੀਪੂਰਵਕ ਧਰਨਾ ਦੇ ਰਹੇ ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ’ਤੇ ਹੋਈ ਕਥਿਤ ਪੁਲਿਸ ਕਾਰਵਾਈ ਸਬੰਧੀ ਮੰਗ-ਪੱਤਰ ਸੌਂਪਿਆ। ਵਫ਼ਦ ’ਚ ਭਾਜਪਾ ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਸੂਬਾ ਸਕੱਤਰ ਪੀਐਸ ਗੰਮੀ ਕਲੀਆਂ, ਸਾਬਕਾ ਸੂਬਾ ਪ੍ਰਧਾਨ ਭਾਜਪਾ ਐੱਸਸੀ ਮੋਰਚਾ ਅਮਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ‘ਹਨੀ’, ਰਮਨ ਮੱਟੋ ਤੇ ਤਰੁਣ ਵਾਲੀਆ ਵੀ ਸ਼ਾਮਲ ਸਨ। ਗੇਜਾ ਰਾਮ ਵਾਲਮੀਕੀ ਨੇ ਮੰਗ-ਪੱਤਰ ’ਚ ਦੋਸ਼ ਲਾਇਆ ਕਿ ਆਪਣੇ ਜਾਇਜ਼ ਹੱਕਾਂ ਦੀ ਮੰਗ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ’ਤੇ ਡੀਐਸਪੀ ਸਤਵੀਰ ਸਿੰਘ ਬੈਂਸ ਤੇ ਐਸਐਚਓ ਲਖਵਿੰਦਰ ਸਿੰਘ ਵੱਲੋਂ ਕਥਿਤ ਤੌਰ ’ਤੇ ਬਿਨਾਂ ਕਿਸੇ ਉਕਸਾਵੇ ਦੇ ਬਲ ਪ੍ਰਯੋਗ ਕੀਤਾ ਗਿਆ।

Read Also : Malerkotla News: ਪੁਲਿਸ ਦੀ ਵੱਡੀ ਕਾਰਵਾਈ, ਗਲੌਕ ਸਮੇਤ ਹਥਿਆਰਾਂ ਦਾ ਜ਼ਖੀਰਾ ਬਰਾਮਦ

ਉਨ੍ਹਾਂ ਇਸ ਘਟਨਾ ਨੂੰ ਸਰਕਾਰੀ ਅਧਿਕਾਰਾਂ ਦੀ ਦੁਰਵਰਤੋਂ ਕਰਾਰ ਦਿੰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਭਾਜਪਾ ਵਫ਼ਦ ਨੇ ਰਾਜਪਾਲ ਕੋਲ ਮੰਗ ਕੀਤੀ ਕਿ ਦੋਵੇਂ ਪੁਲਿਸ ਅਧਿਕਾਰੀਆਂ ਨੂੰ ਕੇਵਲ ਮੁਅੱਤਲ ਕਰਨ ਦੀ ਬਜਾਏ ਸਰਕਾਰੀ ਸੇਵਾ ਤੋਂ ਬਰਖ਼ਾਸਤ ਕੀਤਾ ਜਾਵੇ। ਇਸ ਨਾਲ ਹੀ ਪੀੜਤ ਸਫਾਈ ਕਰਮਚਾਰੀਆਂ ਦੀਆਂ ਮੈਡੀਕੋ-ਲੀਗਲ ਰਿਪੋਰਟਾਂ (ਐਮਐਲਆਰ) ਆਧਾਰ ’ਤੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਰੋਕਥਾਮ) ਐਕਟ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ ਗਈ।ਵਫ਼ਦ ਨੇ ਇਹ ਵੀ ਅਪੀਲ ਕੀਤੀ ਕਿ ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ ਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਭਾਜਪਾ ਆਗੂਆਂ ਨੇ ਉਮੀਦ ਜਤਾਈ ਕਿ ਰਾਜਪਾਲ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣਗੇ ਤੇ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

About The Author

Related Posts