Malerkotla News: ਪੁਲਿਸ ਦੀ ਵੱਡੀ ਕਾਰਵਾਈ, ਗਲੌਕ ਸਮੇਤ ਹਥਿਆਰਾਂ ਦਾ ਜ਼ਖੀਰਾ ਬਰਾਮਦ

ਮਲੇਰਕੋਟਲਾ ਪੁਲਿਸ ਦੀ ਵੱਡੀ ਕਾਰਵਾਈ, 4 ਹਥਿਆਰਬੰਦ ਮੁਲਜ਼ਮ ਗ੍ਰਿਫਤਾਰ

Khushdeep Singh Picture
Published On

ਮਲੇਰਕੋਟਲਾ (ਗੁਰਤੇਜ ਜੋਸ਼ੀ)। ਜ਼ਿਲ੍ਹਾ ਪੁਲਿਸ ਮਲੇਰਕੋਟਲਾ ਨੇ ਨਸ਼ਾ ਤਸਕਰਾਂ ਤੇ ਅਪਰਾਧਿਕ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਚਾਰ ਹਥਿਆਰਬੰਦ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਤਿੰਨ ਦੇਸੀ ਪਸਤੌਲ, ਇੱਕ ਵਿਦੇਸ਼ੀ ਗਲੌਕ ਪਸਤੌਲ ਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇੱਕ ਹੋਰ ਵਿਅਕਤੀ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਪੀਬੀਆਈ) ਮਲੇਰਕੋਟਲਾ ਰਾਜਵਿੰਦਰ ਸਿੰਘ ਰੰਧਾਵਾ (ਪੀਪੀਐਸ) ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ (ਪੀਪੀਐਸ) ਦੇ ਦਿਸ਼ਾ-ਨਿਰਦੇਸ਼ਾਂ ਹੇਠ 25 ਤੇ 26 ਜੁਲਾਈ ਨੂੰ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਕਾਰਵਾਈ ਦੌਰਾਨ ਇਹ ਸਫ਼ਲਤਾ ਹਾਸਲ ਹੋਈ ਹੈ।

ਉਨ੍ਹਾਂ ਦੱਸਿਆ ਕਿ 25 ਜੁਲਾਈ ਨੂੰ ਸੀਆਈਏ ਸਟਾਫ ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਮੁਖਬਰ ਦੀ ਸੂਚਨਾ ’ਤੇ ਵਰਨਾ ਕਾਰ ਨੰਬਰ ਡੀ ਐਲ-3 ਸੀਬੀਪੀ -5663 ਨੂੰ ਰੋਕ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਸਿਮਰਨਪ੍ਰੀਤ ਸਿੰਘ ਉਰਫ਼ ਸਿਮਰੀ ਪੁੱਤਰ ਰਮੇਸ਼ ਕੁਮਾਰ ਵਾਸੀ ਉੱਪਲਖੇੜੀ (ਥਾਣਾ ਅਮਰਗੜ੍ਹ) ਕੋਲੋਂ ਇੱਕ ਕਾਲੇ ਰੰਗ ਦਾ 9 ਐੱਮਐੱਮ ਗਲੌਕ ਪਸਤੌਲ, ਮੈਗਜ਼ੀਨ ਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਇਸੇ ਕਾਰ ’ਚ ਸਵਾਰ ਸਮੀਰ ਸਿੰਘ ਉਰਫ਼ ਬਿੱਲਾ ਪੁੱਤਰ ਰੁਲਦੂ ਸਿੰਘ ਵਾਸੀ ਗੜ੍ਹੀ ਤਰਖਾਣਾ (ਥਾਣਾ ਮਾਛੀਵਾੜਾ) ਕੋਲੋਂ .30 ਬੋਰ ਦਾ ਦੇਸੀ ਪਸਤੌਲ, ਮੈਗਜ਼ੀਨ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਪੁੱਛਗਿੱਛ ਦੌਰਾਨ ਸਿਮਰਨਪ੍ਰੀਤ ਸਿੰਘ ਦੇ ਖੁਲਾਸੇ ’ਤੇ ਮੁਹੰਮਦ ਸਾਨ ਪੁੱਤਰ ਮੁਹੰਮਦ ਸ਼ਕੀਲ ਵਾਸੀ ਨਵੀਂ ਆਬਾਦੀ, ਸਰਹਿੰਦੀ ਗੇਟ, ਮਲੇਰਕੋਟਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਮੁਹੰਮਦ ਕਲੀਮ ਉਰਫ਼ ਕਲੀਮ ਪੁੱਤਰ ਬਾਬੂ ਵਾਸੀ ਬਿੰਜੋਕੀ ਖੁਰਦ (ਥਾਣਾ ਅਮਰਗੜ੍ਹ) ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। Malerkotla News

Read Also : Faridkot News: ਧਰਨੇ ਦੀ ਚੇਤਾਵਨੀ ਮਗਰੋਂ ਵਿਭਾਗ ਨਾਲ ਅਹਿਮ ਮੀਟਿੰਗ

ਇਸ ਸਬੰਧੀ ਥਾਣਾ ਅਮਰਗੜ੍ਹ ’ਚ ਧਾਰਾ 25/54/59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਸਿਮਰਨਪ੍ਰੀਤ ਸਿੰਘ ਖਿਲਾਫ਼ ਪਹਿਲਾਂ ਪੰਜ ਤੇ ਸਮੀਰ ਸਿੰਘ ਖਿਲਾਫ਼ ਇੱਕ ਅਪਰਾਧਿਕ ਮਾਮਲਾ ਪਹਿਲਾਂ ਹੀ ਦਰਜ ਹੈ। ਇੱਕ ਹੋਰ ਕਾਰਵਾਈ ਦੌਰਾਨ 26 ਜੁਲਾਈ ਨੂੰ ਸੀਆਈਏ ਸਟਾਫ ਮਾਹੋਰਾਣਾ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਅਸਲਮ ਖਾਂ ਪੁੱਤਰ ਅਬਦੁਲ ਮਜੀਦ ਵਾਸੀ ਨਾਰੋਮਾਜਰਾ (ਥਾਣਾ ਸਦਰ ਅਹਿਮਦਗੜ੍ਹ) ਨੂੰ ਪਿੰਡ ਰੋਹੀੜਾ ਦੇ ਬੱਸ ਸਟੈਂਡ ਨੇੜਿਓਂ ਗ੍ਰਿਫ਼ਤਾਰ ਕੀਤਾ। ਉਸ ਦੀ ਤਲਾਸ਼ੀ ਦੌਰਾਨ .32 ਬੋਰ ਦਾ ਦੇਸੀ ਪਸਤੌਲ, ਮੈਗਜ਼ੀਨ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ। ਅਸਲਮ ਖਿਲਾਫ਼ ਪਹਿਲਾਂ ਹੀ ਅੱਠ ਅਪਰਾਧਿਕ ਮਾਮਲੇ ਦਰਜ ਹਨ। ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ’ਚ ਧਾਰਾ 25/54/59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਪਤਾਨ ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਹਥਿਆਰਾਂ ਦੀ ਸਪਲਾਈ ਲੜੀ ਦਾ ਪਤਾ ਲਾਉਣ ਲਈ ਜਾਂਚ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ।

About The Author

Related Posts