Punjab
Obesity Causes: ਮੋਟਾਪਾ ਇੱਕ ਵਿਸ਼ਵ-ਪੱਧਰੀ ਵੰਗਾਰ ਅਤੇ ਗੰਭੀਰ ਬਿਮਾਰੀ
ਮੋਟਾਪਾ ਹੁਣ ਸਿਰਫ਼ ਸਰੀਰਕ ਬਣਤਰ ਦੀ ਗੱਲ ਨਹੀਂ ਰਹੀ, ਸਗੋਂ ਇਹ ਇੱਕ ‘ਸਾਈਲੈਂਟ ਕਿਲਰ’ ਬਣ ਗਿਆ ਹੈ
ਮੋਟਾਪਾ ਹੁਣ ਸਿਰਫ਼ ਸਰੀਰਕ ਬਣਤਰ ਦੀ ਗੱਲ ਨਹੀਂ ਰਹੀ, ਸਗੋਂ ਇਹ ਇੱਕ ‘ਸਾਈਲੈਂਟ ਕਿਲਰ’ ਬਣ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਮੋਟਾਪੇ ਦੇ ਮਾਮਲੇ ਤਿੰਨ ਗੁਣਾ ਵਧ ਗਏ ਹਨ। ਭਾਰਤ ਵਿੱਚ ਵੀ ਇਹ ਸਥਿਤੀ ਚਿੰਤਾਜਨਕ ਹੈ, ਜਿੱਥੇ 2050 ਤੱਕ 17.4 ਫੀਸਦੀ ਔਰਤਾਂ ਅਤੇ 12.1 ਫੀਸਦੀ ਮਰਦਾਂ ਦੇ ਮੋਟਾਪੇ ਤੋਂ ਪੀੜਤ ਹੋਣ ਦਾ ਅਨੁਮਾਨ ਹੈ। ਪੰਜਾਬ ਵਰਗੇ ਖੁਸ਼ਹਾਲ ਸੂਬਿਆਂ ਵਿੱਚ, ਜਿੱਥੇ ਖੁਰਾਕ ਵਿੱਚ ਘਿਓ, ਮੱਖਣ ਅਤੇ ਖੰਡ ਦੀ ਬਹੁਤਾਤ ਹੈ, ਉੱਥੇ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਜਦੋਂ ਸਰੀਰ ਵਿੱਚ ਕੈਲੋਰੀ ਦੀ ਮਾਤਰਾ ਖਰਚ ਕੀਤੀ ਗਈ ਊਰਜਾ ਤੋਂ ਜ਼ਿਆਦਾ ਹੋ ਜਾਂਦੀ ਹੈ, ਤਾਂ ਇਹ ਚਰਬੀ ਦੇ ਰੂਪ ਵਿੱਚ ਜਿਗਰ, ਦਿਲ ਅਤੇ ਗੁਰਦਿਆਂ ਵਰਗੇ ਅੰਗਾਂ ਦੇ ਆਲੇ-ਦੁਆਲੇ ਜਮ੍ਹਾ ਹੋ ਕੇ ਉਨ੍ਹਾਂ ਦੀ ਕਾਰਜਪ੍ਰਣਾਲੀ ਵਿੱਚ ਵਿਘਨ ਪਾਉਂਦੀ ਹੈ। ਵਿਗਿਆਨ ਅਨੁਸਾਰ ਮੋਟਾਪੇ ਵਿੱਚ ਸਾਡੇ ਜੀਨਸ 40 ਫੀਸਦੀ ਤੋਂ 70 ਫੀਸਦੀ ਤੱਕ ਭੂਮਿਕਾ ਨਿਭਾਉਂਦੇ ਹਨ, ਜੋ ਸਾਡਾ ਮੈਟਾਬੋਲਿਜ਼ਮ ਨਿਰਧਾਰਤ ਕਰਦੇ ਹਨ।
ਅੱਜ ਦੇ ਦੌਰ ਵਿੱਚ ਅਸੀਂ ਅਸਲ ਭੋਜਨ ਦੀ ਬਜਾਏ ‘ਕੈਮੀਕਲ ਦਾ ਮਿਸ਼ਰਣ’ ਖਾ ਰਹੇ ਹਾਂ, ਜਿਸ ਵਿੱਚ ਮੌਜੂਦ ‘ਹਾਈ ਫਰੂਟੋਜ਼ ਕੌਰਨ ਸਿਰਪ’ ਸਾਡੇ ਦਿਮਾਗ ਨੂੰ ਪੇਟ ਭਰਨ ਦਾ ਸੰਕੇਤ ਦੇਣਾ ਬੰਦ ਕਰ ਦਿੰਦਾ ਹੈ। ਮੋਟੇ ਵਿਅਕਤੀਆਂ ਵਿੱਚ ‘ਲੇਪਟਿਨ ਰੇਸਿਸਟੈਂਸ’ ਹੋ ਜਾਂਦੀ ਹੈ, ਜਿਸ ਨਾਲ ਦਿਮਾਗ ਨੂੰ ਸਰੀਰ ਵਿੱਚ ਮੌਜੂਦ ਵਾਧੂ ਚਰਬੀ ਦਾ ਪਤਾ ਹੀ ਨਹੀਂ ਲੱਗਦਾ। ਇਸ ਤੋਂ ਇਲਾਵਾ, ਤਣਾਅ ਅਤੇ ਨੀਂਦ ਦੀ ਕਮੀ ਕਾਰਨ ‘ਘਰੇਲਿਨ’ ਅਤੇ ‘ਇੰਸੁਲਿਨ’ ਵਰਗੇ ਹਾਰਮੋਨਸ ਦਾ ਸੰਤੁਲਨ ਵਿਗੜ ਜਾਂਦਾ ਹੈ, ਜੋ ਖਾਸ ਕਰਕੇ ਪੇਟ ਦੇ ਆਲੇ-ਦੁਆਲੇ ਚਰਬੀ ਜਮ੍ਹਾ ਕਰਦੇ ਹਨ। ਮੋਟਾਪਾ ਆਪਣੇ-ਆਪ ਵਿੱਚ ਬਿਮਾਰੀ ਤਾਂ ਹੈ ਹੀ, ਪਰ ਇਹ ਘੱਟੋ-ਘੱਟ 50 ਹੋਰ ਬਿਮਾਰੀਆਂ ਦਾ ਮੁੱਢ ਬੰਨ੍ਹਦਾ ਹੈ, ਜਿਸ ਵਿੱਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਸਟ੍ਰੋਕ ਸ਼ਾਮਲ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਮੋਟਾਪਾ 13 ਤਰ੍ਹਾਂ ਦੇ ਕੈਂਸਰ, ਜਿਵੇਂ ਕਿ ਬ੍ਰੈਸਟ, ਕੋਲਨ ਅਤੇ ਪੈਨਕ੍ਰਿਆਜ਼ ਕੈਂਸਰ ਦੇ ਖਤਰੇ ਨੂੰ ਵਧਾਉਂਦਾ ਹੈ। ਸਰੀਰ ਵਿੱਚ ਵਧੀ ਹੋਈ ਚਰਬੀ ਲਗਾਤਾਰ ਸੋਜ ਪੈਦਾ ਕਰਦੀ ਹੈ ਅਤੇ ਔਰਤਾਂ ਵਿੱਚ ਐਸਟ੍ਰੋਜਨ ਦੇ ਪੱਧਰ ਨੂੰ ਵਧਾ ਕੇ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰਦੀ ਹੈ। Obesity Health Risks
ਇਹ ਵੀ ਪੜ੍ਹੋ : US Kashmir Policy: ਕਸ਼ਮੀਰ ਬਾਰੇ ਬਦਲਿਆ ਅਮਰੀਕੀ ਰੁਖ, ਭਾਰਤ ਦਾ ਵਧਿਆ ਕੂਟਨੀਤਿਕ ਪ੍ਰਭਾਵ
ਇਸ ਤੋਂ ਇਲਾਵਾ, ਮੋਟਾਪੇ ਨਾਲ ਜੁੜੇ ਸਿਹਤ ਖਰਚੇ ਅਤੇ ਆਰਥਿਕ ਬੋਝ 2060 ਤੱਕ 17 ਗੁਣਾ ਵਧਣ ਦਾ ਅਨੁਮਾਨ ਹੈ। ਭਾਰ ਘਟਾਉਣਾ 80 ਫੀਸਦੀ ਖੁਰਾਕ ’ਤੇ ਨਿਰਭਰ ਕਰਦਾ ਹੈ। ਇਸ ਲਈ ਕਾਰਬੋਹਾਈਡ੍ਰੇਟਸ (ਰੋਟੀ, ਚੌਲ, ਖੰਡ) ਨੂੰ ਘਟਾ ਕੇ ਪ੍ਰੋਟੀਨ ਅਤੇ ਫਾਈਬਰ ਵਧਾਉਣਾ ਚਾਹੀਦਾ ਹੈ। ‘ਰੁਕ-ਰੁਕ ਕੇ ਵਰਤ ਰੱਖਣਾ’ ਇਸ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ, ਜਿਸ ਵਿੱਚ 16 ਘੰਟੇ ਵਰਤ ਤੇ 8 ਘੰਟੇ ਦੇ ਅੰਤਰਾਲ ਵਿੱਚ ਭੋਜਨ ਕੀਤਾ ਜਾਂਦਾ ਹੈ। ਇਸ ਨਾਲ ਸਰੀਰ ‘ਆਟੋਫੈਗੀ’ ਦੀ ਪ੍ਰਕਿਰਿਆ ਵਿੱਚ ਜਾਂਦਾ ਹੈ, ਜਿੱਥੇ ਉਹ ਖੁਦ ਆਪਣੀ ਵਾਧੂ ਚਰਬੀ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ। ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣਾ ਅਤੇ ਹਰ ਬੁਰਕੀ ਨੂੰ 25-30 ਵਾਰ ਚਬਾ ਕੇ ਖਾਣਾ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਵਿੱਚ ਬਹੁਤ ਮੱਦਦਗਾਰ ਹੁੰਦਾ ਹੈ। ਸਿਰਫ਼ ਜਿੰਮ ਜਾਣਾ ਹੀ ਕਾਫ਼ੀ ਨਹੀਂ ਹੈ, ਸਗੋਂ ਦਿਨ ਭਰ ਦੀਆਂ ਗਤੀਵਿਧੀਆਂ ਜਿਵੇਂ ਪੌੜੀਆਂ ਚੜ੍ਹਨਾ, ਰੱਸੀ ਟੱਪਣਾ ਵੀ ਜ਼ਰੂਰੀ ਹੈ। ਤੇਜ਼ ਸੈਰ, ਦੌੜਨਾ, ਸਾਈਕਲ ਚਲਾਉਣਾ ਤੇ ਵਜ਼ਨ ਚੁੱਕਣ ਵਾਲੀ ਕਸਰਤ ਮਾਸਪੇਸ਼ੀਆਂ ਬਣਾਉਣ ਵਿੱਚ ਮੱਦਦ ਕਰਦੀ ਹੈ, ਜਿਸ ਨਾਲ ਸਰੀਰ ਬੈਠੇ-ਬੈਠੇ ਵੀ ਜ਼ਿਆਦਾ ਕੈਲੋਰੀਜ਼ ਬਰਨ ਕਰਦਾ ਹੈ। ਜੇਕਰ ਸਮਾਂ ਘੱਟ ਹੋਵੇ, ਤਾਂ ‘ਸੂਰਿਆ ਨਮਸਕਾਰ’ ਇੱਕ ਸੰਪੂਰਨ ਵਰਕਆਊਟ ਹੈ ਜੋ ਪੂਰੇ ਸਰੀਰ ਦੀ ਚਰਬੀ ਨੂੰ ਨਿਸ਼ਾਨਾ ਬਣਾਉਂਦਾ ਹੈ। ਯਾਦ ਰੱਖੋ, ਭਾਰ ਘਟਾਉਣਾ ਕੋਈ ਸਜ਼ਾ ਨਹੀਂ ਸਗੋਂ ਸਵੈ-ਪਿਆਰ ਦਾ ਤਰੀਕਾ ਹੈ, ਕਿਉਂਕਿ ਤੰਦਰੁਸਤ ਸਰੀਰ ਹੀ ਸਭ ਤੋਂ ਵੱਡੀ ਦੌਲਤ ਹੈ।
ਡਾ. ਕ੍ਰਿਸ਼ਨ ਲਾਲ
ਚੌੜੀ ਗਲੀ, ਬੁਢਲਾਡਾ (ਮਾਨਸਾ)
ਮੋ. 62831-16797