ਨਸ਼ੇ ਦੀਆਂ ਗਲਤ ਧਾਰਨਾਵਾਂ ਨੌਜਵਾਨਾਂ ਨੂੰ ਕਰ ਰਹੀਆਂ ਬਰਬਾਦ, ਸਕੂਲਾਂ ’ਚ ਸਿਲੇਬਸ ਨੇ ਕਈ ਧਾਰਨਾਵਾਂ ਤੋਂ ਚੁੱਕਿਆ ਪਰਦਾ 

ਪੰਜਾਬ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕਰ ਰਹੀ ਦੂਰ: ਡਾ. ਬਲਬੀਰ ਸਿੰਘ

Ravinder Sharma Picture
Published On

ਚੰਡੀਗੜ੍ਹ (ਹਿੰ.ਸ.)। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ‘ਸਕੂਲ ਨਸ਼ਿਆਂ ਵਿਰੁੱਧ’ ਪਾਠਕ੍ਰਮ ਰਾਹੀਂ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਤੋੜਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਰਕਾਰ ਮੁਤਾਬਕ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਲਤ ਲੱਗਣ ਤੋਂ ਬਾਅਦ ਨਹੀਂ, ਸਗੋਂ ਨੌਜਵਾਨ ਵੱਲੋਂ ਪਹਿਲੀ ਵਾਰ ਨਸ਼ੇ ਬਾਰੇ ਸੋਚਣ ਤੋਂ ਪਹਿਲਾਂ ਹੀ ਸ਼ੁਰੂ ਹੋਣੀ ਚਾਹੀਦੀ ਹੈ।

ਇਹ ਪਾਠਕ੍ਰਮ ਸੀਈਜੀਏ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੇ ਅਤੇ ਨੋਬੇਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਤੇ ਐਸਥਰ ਡੁਫਲੋ ਵੱਲੋਂ ਸਹਿ-ਸਥਾਪਿਤ ਜੇ-ਪਾਲ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਖ਼ਾਸ ਤੌਰ ’ਤੇ ਓਪੀਓਇਡਜ਼ ਸਮੇਤ ਨਸ਼ੀਲੇ ਪਦਾਰਥਾਂ ਦੀ ਲਤ ਦੇ ਖ਼ਤਰੇ ਨੂੰ ਘੱਟ ਸਮਝਣ ਵਾਲੀ ਸੋਚ ’ਤੇ ਧਿਆਨ ਦਿੱਤਾ ਗਿਆ ਹੈ।

Read Also : ਦਿੱਲੀ ਦੇ ਗਾਂਧੀ ਨਗਰ ’ਚ ਚਾਰ ਮੰਜ਼ਿਲਾ ਇਮਾਰਤ ਝੁਕੀ, ਨੋਟਿਸ ਜਾਰੀ

ਪਾਠਕ੍ਰਮ ਵਿੱਚ ਨੌਜਵਾਨਾਂ ਵਿੱਚ ਮੌਜੂਦ ਕਈ ਗਲਤ ਧਾਰਨਾਵਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਇਹ ਸੋਚ ਵੀ ਸ਼ਾਮਲ ਹੈ ਕਿ ਚਿੱਟੇ ਜਾਂ ਹੈਰੋਇਨ ਨੂੰ ਇੱਕ-ਦੋ ਵਾਰ ਅਜ਼ਮਾਉਣ ਨਾਲ ਲਤ ਨਹੀਂ ਲੱਗਦੀ। ਪਾਠਕ੍ਰਮ ਅਨੁਸਾਰ ਹੈਰੋਇਨ ਬਹੁਤ ਜ਼ਿਆਦਾ ਨਸ਼ੀਲਾ ਪਦਾਰਥ ਹੈ ਅਤੇ ਇਸ ਦੀ ਵਰਤੋਂ ਨਾਲ ਲਤ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਇੱਕ ਹੋਰ ਗਲਤ ਧਾਰਨਾ ਇਹ ਹੈ ਕਿ ਨਸ਼ਾ ਕਰਨ ਵਾਲਾ ਵਿਅਕਤੀ ਜਦੋਂ ਚਾਹੇ ਇਸ ਨੂੰ ਛੱਡ ਸਕਦਾ ਹੈ। ਮਾਹਿਰਾਂ ਮੁਤਾਬਕ ਨਸ਼ੇ ਦੀ ਨਿਰਭਰਤਾ ਵਿਕਸਿਤ ਹੋਣ ਤੋਂ ਬਾਅਦ ਇਸ ਨੂੰ ਛੱਡਣਾ ਸਿਰਫ਼ ਇੱਛਾ-ਸ਼ਕਤੀ ਦਾ ਮਾਮਲਾ ਨਹੀਂ ਰਹਿੰਦਾ ਅਤੇ ਕਈ ਵਾਰ ਲਗਾਤਾਰ ਇਲਾਜ ਤੇ ਸਹਿਯੋਗ ਦੀ ਲੋੜ ਪੈਂਦੀ ਹੈ।

ਪਾਠਕ੍ਰਮ ਵਿੱਚ ਇਹ ਵੀ ਸਮਝਾਇਆ ਗਿਆ ਹੈ ਕਿ ਮੁੜ ਵਸੇਬਾ ਕੇਂਦਰ ਵਿੱਚ ਜਾਣਾ ਨਸ਼ੇ ਤੋਂ ਸਥਾਈ ਤੌਰ ’ਤੇ ਠੀਕ ਹੋਣ ਦੀ ਗਾਰੰਟੀ ਨਹੀਂ ਹੈ। ਨਸ਼ੇ ਤੋਂ ਉਭਰਨਾ ਲੰਬੀ ਪ੍ਰਕਿਰਿਆ ਹੋ ਸਕਦੀ ਹੈ ਅਤੇ ਮੁੜ ਨਸ਼ੇ ਵੱਲ ਜਾਣ ਦੀ ਸੰਭਾਵਨਾ ਵੀ ਰਹਿੰਦੀ ਹੈ। ਇਸੇ ਤਰ੍ਹਾਂ ਤੰਬਾਕੂ, ਸ਼ਰਾਬ, ਅਫ਼ੀਮ, ਗੋਲੀਆਂ ਅਤੇ ਕੁਝ ਦਵਾਈਆਂ ਨੂੰ ‘ਹਲਕਾ ਨਸ਼ਾ’ ਸਮਝਣਾ ਵੀ ਖ਼ਤਰਨਾਕ ਹੋ ਸਕਦਾ ਹੈ।

ਪਾਠਕ੍ਰਮ ਨਸ਼ਿਆਂ ਦੀ ਸ਼ੁਰੂਆਤ ਪਿੱਛੇ ਸਾਥੀਆਂ ਦਾ ਦਬਾਅ, ਨਿੱਜੀ ਸੰਕਟ, ਮਾਨਸਿਕ ਸਿਹਤ ਸਬੰਧੀ ਚੁਣੌਤੀਆਂ ਅਤੇ ਕਾਰਗੁਜ਼ਾਰੀ ਦੇ ਦਬਾਅ ਵਰਗੇ ਕਾਰਨਾਂ ਨੂੰ ਵੀ ਉਜਾਗਰ ਕਰਦਾ ਹੈ। ਇਸ ਦੇ ਨਾਲ ਨਸ਼ੇ ਦੇ ਸਰੀਰਕ, ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁਹਿੰਮ ਦਾ ਮਕਸਦ ਨਸ਼ਿਆਂ ਬਾਰੇ ਗੱਲਬਾਤ ਦਾ ਰੁਖ ਬਦਲਣਾ ਹੈ। ਉਨ੍ਹਾਂ ਕਿਹਾ ਕਿ ਗਲਤ ਧਾਰਨਾਵਾਂ ਨੂੰ ਆਦਤ ਬਣਨ ਤੋਂ ਪਹਿਲਾਂ ਤੋੜਨਾ ਅਤੇ ਪ੍ਰਯੋਗ ਨੂੰ ਨਿਰਭਰਤਾ ਵਿੱਚ ਬਦਲਣ ਤੋਂ ਪਹਿਲਾਂ ਰੋਕਣਾ ਜ਼ਰੂਰੀ ਹੈ।

ਸਕੂਲ ਆਫ਼ ਐਮੀਨੈਂਸ, ਛੇਹਰਟਾ ਦੀ ਨੋਡਲ ਅਧਿਆਪਕਾ ਅਮਨਦੀਪ ਕੌਰ ਨੇ ਦੱਸਿਆ ਕਿ ਪਾਠਕ੍ਰਮ ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦਿਮਾਗ ਅਤੇ ਸਰੀਰ ’ਤੇ ਪ੍ਰਭਾਵਾਂ ਬਾਰੇ ਵਿਗਿਆਨ-ਆਧਾਰਿਤ ਜਾਣਕਾਰੀ ਮਿਲ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਥੀਆਂ ਦੇ ਦਬਾਅ ਜਾਂ ਨਸ਼ੇ ਦੀ ਪੇਸ਼ਕਸ਼ ਦਾ ਸਾਹਮਣਾ ਕਰਨ ਸਮੇਂ ‘ਨਾ’ ਕਹਿਣ ਲਈ ਵਿਹਾਰਕ ਤਰੀਕੇ ਵੀ ਸਿਖਾਏ ਜਾ ਰਹੇ ਹਨ।

About The Author

Related Posts