Punjab Aam Aadmi Party News: ਜਲੰਧਰ ਕੈਂਟ 'ਚ 'ਆਪ' ਦੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ 'ਤੇ ਭਾਵੁਕ ਹੋਈ ਰਾਜਵਿੰਦਰ ਕੌਰ ਥਿਆੜਾ

ਜਲੰਧਰ ਕੈਂਟ ਵਿੱਚ 'ਆਪ' ਦਾ ਆਧਾਰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਵਰਕਰਾਂ ਨੇ ਦਿਨ-ਰਾਤ ਮਿਹਨਤ ਕੀਤੀ

Satinder Mathur  Picture
Published On

Punjab Aam Aadmi Party News: ਜਲੰਧਰ, (ਸੱਚ ਕਹੂੰ ਨਿਊਜ਼/ਹਿੰ.ਸ.)। ਜਲੰਧਰ ਕੈਂਟ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਰਾਜਵਿੰਦਰ ਕੌਰ ਥਿਆੜਾ ਭਾਵੁਕ ਹੋ ਗਈ ਅਤੇ ਗੱਲਬਾਤ ਦੌਰਾਨ ਰੋ ਪਈ। 'ਆਪ' ਦੀ ਦਿੱਲੀ ਟੀਮ ਨਾਲ ਹੋਈ ਕਾਨਫਰੰਸ ਕਾਲ ਦੀ ਇੱਕ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਵਿੱਚ ਥਿਆੜਾ ਆਪਣੀ ਨਾਰਾਜ਼ਗੀ ਜ਼ਾਹਰ ਕਰਦੀ ਸੁਣਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ 14 ਸਾਲ ਦਿੱਤੇ ਅਤੇ ਜਲੰਧਰ ਕੈਂਟ ਵਿੱਚ ਪਾਰਟੀ ਦਾ ਆਧਾਰ ਬਣਾਉਣ ਲਈ ਦਿਨ-ਰਾਤ ਮਿਹਨਤ ਕੀਤੀ, ਪਰ ਹੁਣ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕਾਨਫਰੰਸ ਕਾਲ ਦੌਰਾਨ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 14 ਸਾਲ ਪਾਰਟੀ ਨੂੰ ਸਮਰਪਿਤ ਕੀਤੇ ਹਨ। ਜਲੰਧਰ ਕੈਂਟ ਵਿੱਚ 'ਆਪ' ਦਾ ਆਧਾਰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਵਰਕਰਾਂ ਨੇ ਦਿਨ-ਰਾਤ ਮਿਹਨਤ ਕੀਤੀ।

ਉਨ੍ਹਾਂ ਦੱਸਿਆ ਕਿ ਪਾਰਟੀ ਦੇ ਨੌਜਵਾਨ ਵਰਕਰ ਰਾਤ 12 ਵਜੇ ਤੱਕ ਕੰਮ ਕਰਦੇ ਰਹੇ। ਉਨ੍ਹਾਂ ਨੇ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਗੁਜਰਾਤ ਵਿੱਚ ਵੀ ਕਈ ਮਹੀਨੇ ਰਹਿ ਕੇ ਪਾਰਟੀ ਲਈ ਚੋਣ ਪ੍ਰਚਾਰ ਕੀਤਾ। ਥਿਆੜਾ ਨੇ ਨਵੇਂ ਨਿਯੁਕਤ ਕੀਤੇ ਗਏ ਆਗੂ ਬਾਰੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਬਾਲੀ ਨੂੰ ਕੋਈ ਜਾਣਦਾ ਤੱਕ ਨਹੀਂ, ਉਸ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ। ਗੱਲਬਾਤ ਦੌਰਾਨ ਥਿਆੜਾ ਆਪਣੀਆਂ ਨਿੱਜੀ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਭਾਵੁਕ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਭੈਣ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਸੀ, ਤਾਂ ਉਹ ਉਸ ਨੂੰ ਮਿਲਣ ਤੱਕ ਨਹੀਂ ਜਾ ਸਕੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੀ ਉਨ੍ਹਾਂ ਨੂੰ ਮਿਲਣ ਲਈ ਤਰਸਦੇ ਰਹੇ। ਹਸਪਤਾਲ ਵਿੱਚ ਦਾਖ਼ਲ ਹੋਣ ਦੌਰਾਨ ਪਿਤਾ ਨੇ ਕਈ ਵਾਰ ਉਨ੍ਹਾਂ ਨੂੰ ਯਾਦ ਕੀਤਾ, ਪਰ ਪਾਰਟੀ ਦੇ ਕੰਮਾਂ ਕਾਰਨ ਉਹ ਉਨ੍ਹਾਂ ਨੂੰ ਮਿਲਣ ਨਹੀਂ ਜਾ ਸਕੀ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ।

ਥਿਆੜਾ ਨੇ ਇਹ ਵੀ ਕਿਹਾ ਕਿ ਉਹ ਕਈ-ਕਈ ਹਫ਼ਤਿਆਂ ਤੱਕ ਆਪਣੇ ਬੱਚਿਆਂ ਦਾ ਚਿਹਰਾ ਨਹੀਂ ਦੇਖ ਸਕੀ ਅਤੇ ਪਰਿਵਾਰ ਨੂੰ ਸਮਾਂ ਨਹੀਂ ਦੇ ਸਕੀ। ਉਨ੍ਹਾਂ ਨੇ ਪਾਰਟੀ ਨੂੰ ਹਮੇਸ਼ਾ ਆਪਣੇ ਪਰਿਵਾਰ ਤੋਂ ਉੱਪਰ ਰੱਖਿਆ। ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਹੁਣ ਪਾਰਟੀ ਵੱਲੋਂ ਉਨ੍ਹਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਸਰਵੇ ਦੇ ਆਧਾਰ 'ਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਹਟਾਇਆ ਗਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਇਹ ਸਰਵੇ ਕਿੱਥੇ ਹੋਇਆ ਅਤੇ ਕਿਸ ਨੇ ਕੀਤਾ।

ਉਨ੍ਹਾਂ ਕਿਹਾ ਕਿ ਜੇਕਰ ਸਰਵੇ ਕਰਵਾਇਆ ਗਿਆ ਹੈ ਤਾਂ ਪਾਰਟੀ ਇਸ ਦੀ ਰਿਪੋਰਟ ਜਨਤਕ ਕਿਉਂ ਨਹੀਂ ਕਰ ਰਹੇ। ਥਿਆੜਾ ਮੁਤਾਬਕ, ਉਨ੍ਹਾਂ ਨੂੰ ਰੋਜ਼ਾਨਾ ਲੋਕਾਂ ਦੇ ਫੋਨ ਆ ਰਹੇ ਹਨ ਅਤੇ ਲੋਕ ਨਵੇਂ ਆਗੂ ਦੀ ਪਛਾਣ ਬਾਰੇ ਪੁੱਛ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੇਂਡੂ ਖੇਤਰਾਂ ਵਿੱਚ ਲੋਕ ਦੀਪਕ ਨੂੰ ਜਾਣਦੇ ਤੱਕ ਨਹੀਂ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਕੈਂਟ ਸਮੇਤ ਪੂਰੇ ਜ਼ਿਲ੍ਹੇ ਦੀ ਸਿਆਸਤ ਵਿੱਚ ਹਲਚਲ ਪੈਦਾ ਹੋ ਗਈ ਹੈ।

About The Author

Related Posts