Punjab Weather: ਪੰਜਾਬ ਤੇ ਚੰਡੀਗੜ੍ਹ ’ਚ ਬਦਲਿਆ ਮੌਸਮ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ, 13 ਜ਼ਿਲ੍ਹਿਆਂ ਲਈ ਅਲਰਟ
40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ ਹਵਾਵਾਂ, ਕੁਝ ਥਾਵਾਂ ’ਤੇ 60 ਕਿਲੋਮੀਟਰ ਤੱਕ ਪਹੁੰਚਣ ਦੀ ਸੰਭਾਵਨਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਏਜੰਸੀ)। Punjab Weather: ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਤਰਨਤਾਰਨ ਦੇ ਪੱਟੀ ਇਲਾਕੇ ’ਚ ਬੁੱਧਵਾਰ ਦੇਰ ਰਾਤ ਗੜੇਮਾਰੀ ਹੋਈ, ਜਦਕਿ ਵੀਰਵਾਰ ਸਵੇਰੇ ਪਠਾਨਕੋਟ ਤੇ ਮਾਨਸਾ ’ਚ ਮੀਂਹ ਪਿਆ। ਜਲੰਧਰ ਵਿੱਚ ਤੇਜ਼ ਹਵਾਵਾਂ ਚੱਲਣ ਦੀ ਵੀ ਜਾਣਕਾਰੀ ਮਿਲੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਅੱਜ ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਬਿਜਲੀ ਡਿੱਗਣ ਤੇ ਗੜੇਮਾਰੀ ਦੇ ਵੀ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ।
ਜਦਕਿ ਕੁਝ ਥਾਵਾਂ ’ਤੇ ਹਵਾ ਦੇ ਤੇਜ਼ ਝੱਖੜ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੇ ਹਨ। 16 ਅਕਤੂਬਰ ਤੋਂ ਮੌਸਮ ਦੀਆਂ ਗਤੀਵਿਧੀਆਂ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਤੂਫ਼ਾਨ, ਬਿਜਲੀ ਡਿੱਗਣ ਤੇ ਤੇਜ਼ ਹਵਾਵਾਂ ਸਬੰਧੀ ਚਿਤਾਵਨੀ ਦਿੱਤੀ ਗਈ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮੋਹਾਲੀ ’ਚ ਗੜੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਕਪੂਰਥਲਾ, ਜਲੰਧਰ ਤੇ ਸੰਗਰੂਰ ਵਿੱਚ ਗਰਜ-ਚਮਕ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ’ਚ ਵੱਖ-ਵੱਖ ਥਾਵਾਂ ’ਤੇ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ’ਚ ਵੀ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਦਾ ਖ਼ਤਰਾ ਹੈ। ਤੇਜ਼ ਹਵਾਵਾਂ ਕਾਰਨ ਦਰੱਖਤਾਂ, ਬਿਜਲੀ ਦੀਆਂ ਤਾਰਾਂ ਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਹੈ। ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਬਦਲਣ ਦਾ ਕਾਰਨ ਉੱਤਰੀ ਪਾਕਿਸਤਾਨ ਤੇ ਇਸ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਇਲਾਕੇ ’ਚ ਸਰਗਰਮ ਪੱਛਮੀ ਗੜਬੜੀ ਤੇ ਉੱਤਰੀ ਹਰਿਆਣਾ ਉੱਪਰ ਬਣਿਆ ਚੱਕਰਵਾਤੀ ਹਵਾਵਾਂ ਦਾ ਸਿਸਟਮ ਦੱਸਿਆ ਗਿਆ ਹੈ। Punjab Weather
ਇਹ ਵੀ ਪੜ੍ਹੋ : Delhi NCR Weather Update: ਦਿੱਲੀ NCR ’ਚ ਫਿਰ ਤੋਂ ਮੀਂਹ ਦੀ ਸੰਭਾਵਨਾ