Punjabi University Patiala: ਪੰਜਾਬੀ ਯੂਨੀਵਰਸਿਟੀ ਦਾ ਨੌਜਵਾਨਾਂ ’ਤੇ ਅਧਿਐਨ, ਵੀਡੀਓ ਦੇਖਣ ਦੀ ਆਦਤ ਦਾ ਕਿਵੇਂ ਪੈਂਦਾ ਐ ਅਸਰ!

ਕਾਲਜਾਂ ਤੇ ਯੂਨੀਵਰਸਿਟੀਆਂ ’ਚੋਂ 18 ਤੋਂ 25 ਸਾਲ ਉਮਰ ਦੇ 668 ਵਿਅਕਤੀਆਂ ਨੂੰ ਬਣਾਇਆ ਮੁੱਖ ਵਿਸ਼ਲੇਸ਼ਣ ਲਈ ਅਧਾਰ

Ravinder Sharma Picture
Published On

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਲਗਾਤਾਰ ਵੀਡੀਓ ਵੇਖਣ ਦੀ ਆਦਤ ਨਾਲ਼ ਨੀਂਦ ਦੀ ਗੁਣਵੱਤਾ ਤੇ ਮਾਨਸਿਕ ਤੰਦਰੁਸਤੀ ’ਤੇ ਪੈਣ ਵਾਲ਼ੇ ਪ੍ਰਭਾਵਾਂ ਦਾ ਡੂੰਘਾਈ ਨਾਲ਼ ਅਧਿਐਨ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਿਖੇ ਇਹ ਖੋਜ ਕਾਰਜ ਖੋਜਾਰਥੀ ਡਾ. ਅੰਮ੍ਰਿਤ ਕੌਰ ਹਾਂਸ ਵੱਲੋਂ ਪ੍ਰੋ. ਹਰਪ੍ਰੀਤ ਕੌਰ ਦੀ ਅਗਵਾਈ ’ਚ ਕੀਤਾ ਗਿਆ। ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਡਿਜ਼ੀਟਲ ਯੁੱਗ ’ਚ ਇਹ ਖੋਜ ਬਹੁਤ ਪ੍ਰਸੰਗਿਕ ਹੈ।

ਉਨ੍ਹਾਂ ਕਿਹਾ ਕਿ ਮੀਡੀਆ ਦੀ ਬੇਲੋੜੀ ਵਰਤੋਂ ਤੇ ਇਸ ਨਾਲ ਜੁੜੇ ਮਨੋ-ਸਮਾਜਿਕ ਕਾਰਕ ਨੌਜਵਾਨਾਂ ਦੀ ਸਿਹਤ ’ਤੇ ਡੂੰਘਾ ਅਸਰ ਪਾ ਰਹੇ ਹਨ, ਜਿਸ ਸਬੰਧੀ ਅਜਿਹੇ ਅਧਿਐਨਾਂ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਧਿਐਨ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖੋਜਾਰਥੀ ਡਾ. ਅੰਮ੍ਰਿਤ ਕੌਰ ਹਾਂਸ ਨੇ ਦੱਸਿਆ ਕਿ ਮੌਜ਼ੂਦਾ ਡਿਜ਼ੀਟਲ ਯੁੱਗ ’ਚ ਲਗਾਤਾਰ ਵੀਡੀਓ ਜਾਂ ਸਕਰੀਨ ਵੇਖਣਾ (ਬਿੰਜ ਵਾਚਿੰਗ) ਇੱਕ ਆਮ ਵਰਤਾਰਾ ਬਣ ਚੁੱਕਾ ਹੈ।

Read Also: ਪਰਸ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

ਉਨ੍ਹਾਂ ਦੱਸਿਆ ਕਿ ਇਸ ਅਧਿਐਨ ਰਾਹੀਂ ਇਸ ਆਦਤ ਨੂੰ ਇੱਕ ਮਨੋਵਿਗਿਆਨਕ ਤੇ ਵਿਵਹਾਰਕ ਵਰਤਾਰੇ ਵਜੋਂ ਜਾਂਚਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਐਨ ਪੰਜਾਬ ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ’ਚੋਂ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ’ਤੇ ਕੀਤਾ ਗਿਆ, ਜਿਸ ਵਿੱਚ 1170 ਸ਼ੁਰੂਆਤੀ ਭਾਗੀਦਾਰਾਂ ’ਚੋਂ ਮਾਪਦੰਡਾਂ ’ਤੇ ਖਰਾ ਉਤਰਨ ਵਾਲੇ 668 ਵਿਅਕਤੀਆਂ ਨੂੰ ਮੁੱਖ ਵਿਸ਼ਲੇਸ਼ਣ ’ਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਆਦਤ ਦੇ ਕਈ ਪਹਿਲੂ ਮਾੜੀ ਨੀਂਦ ਦੀ ਗੁਣਵੱਤਾ ਤੇ ਘੱਟ ਮਾਨਸਿਕ ਤੰਦਰੁਸਤੀ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ।

ਨਿਗਰਾਨ ਪ੍ਰੋ. ਹਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਖੋਜ ਦੱਸਦੀ ਹੈ ਕਿ ਲਗਾਤਾਰ ਵੀਡੀਓ ਵੇਖਣ ਦੀ ਆਦਤ ਪਲ-ਭਰ ਲਈ ਖੁਸ਼ੀ ਦੇ ਸਕਦੀ ਹੈ, ਪਰ ਬਹੁਤ ਜ਼ਿਆਦਾ ਤੇ ਬੇਕਾਬੂ ਹੋਣ ’ਤੇ ਇਹ ਨੀਂਦ ਦੇ ਪੈਟਰਨ ਨੂੰ ਵਿਗਾੜਦੀ ਹੈ ਤੇ ਮਾਨਸਿਕ ਤੰਦਰੁਸਤੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਐਨ ਨੌਜਵਾਨਾਂ ਵਿੱਚ ਸਿਹਤਮੰਦ ਡਿਜੀਟਲ ਆਦਤਾਂ, ਸੌਂਣ ਦਾ ਸਹੀ ਰੁਟੀਨ ਤੇ ਸਮਾਜਿਕ ਰਾਬਤੇ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਾ ਹੈ ਤਾਂ ਜੋ ਡਿਜੀਟਲ ਯੁੱਗ ਵਿੱਚ ਨੌਜਵਾਨਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ। 

About The Author

Related Posts