Punjab Assembly Elections: ਕਾਂਗਰਸ ਨੇ ਐਲਾਨੀ ਸਕਰੀਨਿੰਗ ਕਮੇਟੀ, ਡਾ. ਸਿਰੀਵੇਲਾ ਪ੍ਰਸਾਦ ਨੂੰ ਸੌਂਪੀ ਕਮਾਨ
ਸਚਿਨ ਸਾਵੰਤ ਅਤੇ ਨਿਵੇਦਿਤ ਅਲਵਾ ਵੀ ਕਮੇਟੀ ਵਿੱਚ ਸ਼ਾਮਲ, ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਦਾਅਵੇਦਾਰੀ ਦੀ ਹੋਵੇਗੀ ਜਾਂਚ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਕਾਂਗਰਸ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਵੱਲੋਂ ਪੰਜਾਬ ਲਈ ਸਕਰੀਨਿੰਗ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਵੱਲੋਂ ਬਣਾਈ ਗਈ ਇਸ ਕਮੇਟੀ ਦੀ ਅਗਵਾਈ ਡਾ. ਸਿਰੀਵੇਲਾ ਪ੍ਰਸਾਦ ਕਰਨਗੇ, ਜਦਕਿ ਸਚਿਨ ਸਾਵੰਤ ਅਤੇ ਨਿਵੇਦਿਤ ਅਲਵਾ ਨੂੰ ਇਸ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ 16 ਨਵੰਬਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਅਨੁਸਾਰ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਲਈ ਵੀ ਸਕਰੀਨਿੰਗ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਸਕਰੀਨਿੰਗ ਕਮੇਟੀ ਦੀ ਅਹਿਮ ਜ਼ਿੰਮੇ੍ਹਵਾਰੀ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਦਾਅਵੇਦਾਰਾਂ ਦੀ ਪੜਤਾਲ ਕਰਨਾ ਹੋਵੇਗੀ।
ਵੱਖ-ਵੱਖ ਹਲਕਿਆਂ ਤੋਂ ਚੋਣ ਲੜਨ ਦੇ ਇੱਛੁਕ ਆਗੂਆਂ ਦੀ ਦਾਅਵੇਦਾਰੀ, ਉਨ੍ਹਾਂ ਦੇ ਸਿਆਸੀ ਪਿਛੋਕੜ ਅਤੇ ਚੋਣ ਲੜਨ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰਾਂ ਦੇ ਨਾਵਾਂ ਦੀ ਜਾਂਚ ਕੀਤੀ ਜਾਵੇਗੀ। ਇਸ ਪ੍ਰਕਿਰਿਆ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਬਾਰੇ ਪਾਰਟੀ ਦੇ ਕੇਂਦਰੀ ਚੋਣ ਢਾਂਚੇ ਨੂੰ ਸਿਫ਼ਾਰਸ਼ਾਂ ਭੇਜੀਆਂ ਜਾਣਗੀਆਂ।ਸਕਰੀਨਿੰਗ ਕਮੇਟੀ ਦੇ ਚੇਅਰਮੈਨ ਡਾ. ਸਿਰੀਵੇਲਾ ਪ੍ਰਸਾਦ ਆਂਧਰਾ ਪ੍ਰਦੇਸ਼ ਨਾਲ ਸਬੰਧਤ ਕਾਂਗਰਸ ਦੇ ਆਗੂ ਹਨ।
ਉਹ ਅਰਥਸ਼ਾਸਤਰ ਵਿੱਚ ਪੀਐੱਚਡੀ ਹਨ ਅਤੇ ਦਲਿਤ ਅਧਿਕਾਰਾਂ ਤੇ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ’ਤੇ ਲੰਮਾ ਸਮਾਂ ਕੰਮ ਕਰ ਚੁੱਕੇ ਹਨ। ਉਹ ਆਲ ਇੰਡੀਆ ਕਾਂਗਰਸ ਕਮੇਟੀ ਵਿੱਚ ਸਕੱਤਰ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ ਅਤੇ ਮਹਾਰਾਸ਼ਟਰ ਕਾਂਗਰਸ ਦੇ ਇੰਚਾਰਜ ਵਜੋਂ ਵੀ ਕੰਮ ਕਰ ਰਹੇ ਹਨ। ਓਧਰ ਸਚਿਨ ਸਾਵੰਤ ਮਹਾਂਰਾਸ਼ਟਰ ਕਾਂਗਰਸ ਦੇ ਪ੍ਰਮੁੱਖ ਆਗੂਆਂ ਵਿੱਚ ਸ਼ਾਮਲ ਹਨ, ਜੋ ਪਾਰਟੀ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉਹ ਕਾਂਗਰਸ ਦੇ ਬੁਲਾਰੇ ਵਜੋਂ ਵੀ ਸਰਗਰਮ ਰਹੇ ਹਨ।
ਇਹ ਵੀ ਪੜ੍ਹੋ : Sandeep Sandhu Resignation: ਕਾਂਗਰਸ ਪਾਰਟੀ ਕੋਲ ਨਹੀਂ ਐ ‘ਜਨਰਲ ਸਕੱਤਰ’!, ਸੰਦੀਪ ਸੰਧੂ ਦੇ ਅਸਤੀਫ਼ੇ ਸਬੰਧੀ ਭੰਬਲਭੂਸਾ ਬਰਕਰਾਰ
Comments