Punjab Government Scheme: ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਲਾਲ ਲਕੀਰ ਅੰਦਰਲੇ ਘਰਾਂ ਨੂੰ ਦਿੱਤੀ ਮਾਲਕਾਨਾ ਹੱਕ ਦੀ ਕਾਪੀ : ਰਾਏ
ਲਾਲ ਲਕੀਰ ਅੰਦਰ ਸਥਿਤ ਪਿਤਾ-ਪੁਰਖੀ ਮਕਾਨਾਂ ਦੇ ਮਾਲਕਾਂ ਦੇ ਨਾਮ ਮਾਲ ਵਿਭਾਗ ਦੇ ਰਿਕਾਰਡ ਵਿੱਚ ਹੋਣਗੇ ਦਰਜ
Punjab Government Scheme: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰਾ ਘਰ, ਮੇਰੇ ਨਾਮ’ ਸਕੀਮ ਤਹਿਤ ਪੀੜ੍ਹੀ ਦਰ ਪੀੜ੍ਹੀ ਲਾਲ ਲਕੀਰ ਦੇ ਅੰਦਰ ਆਪਣੇ ਪਿਤਾ-ਪੁਰਖੀ ਮਕਾਨਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਹੁਣ ਮਾਲਕਾਨਾ ਹੱਕ ਮਿਲਣੇ ਸ਼ੁਰੂ ਹੋ ਗਏ ਹਨ। ਇਸ ਸਕੀਮ ਤਹਿਤ ਯੋਗ ਲਾਭਪਾਤਰੀਆਂ ਦੇ ਨਾਮ ਮਾਲ ਵਿਭਾਗ ਦੇ ਸਰਕਾਰੀ ਰਿਕਾਰਡ ਵਿੱਚ ਦਰਜ ਕੀਤੇ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਦੀ ਮਾਲਕੀ ਦਾ ਅਧਿਕਾਰਤ ਸਬੂਤ ਮਿਲ ਸਕੇਗਾ। ਇਸੇ ਲੜੀ ਦੇ ਤਹਿਤ ਪਿੰਡ ਪਤਾਰਸੀ ਕਲਾਂ, ਰਜਿੰਦਰਗੜ੍ਹ, ਸਲੇਮਪੁਰ, ਸਿੰਧੜਾ, ਈਸਰਹੇਲ, ਹਿੰਦੂਪੁਰ, ਖੇੜਾ, ਦੁਭਾਲੀ, ਤਿੰਬਰਪੁਰ, ਝਾਮਪੁਰ, ਕੋਟਲਾ ਭਾਈ ਕਾ ਵਿਖੇ ਵੱਖ-ਵੱਖ ਪ੍ਰੋਗਰਾਮਾਂ ਤਹਿਤ ਯੋਗ ਉਮੀਦਵਾਰਾਂ ਨੂੰ ਮਾਲਕਾਨਾ ਹੱਕ ਦੀ ਕਾਪੀ ਸੌਂਪੀ ਗਈ।
ਇਹ ਵੀ ਪੜ੍ਹੋ: Punjab Pilgrimage Scheme: ਅੰਮ੍ਰਿਤਸਰ ਤੋਂ ਤੀਰਥ ਯਾਤਰਾ ਯੋਜਨਾ ਤਹਿਤ 97ਵੀਂ ਬੱਸ ਰਵਾਨਾ
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਸਮਾਜ ਦੇ ਹਰ ਵਰਗ ਦੇ ਯੋਗ ਪਰਿਵਾਰਾਂ ਨੂੰ ਮਿਲੇਗਾ, ਜਿਨ੍ਹਾਂ ਦੇ ਮਕਾਨ ਲਾਲ ਲਕੀਰ ਦੇ ਅੰਦਰ ਸਥਿਤ ਹਨ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਲੋਕਾਂ ਨੂੰ ਆਪਣੇ ਘਰਾਂ ਦੇ ਮਾਲਕਾਨਾ ਹੱਕ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮਾਲਕਾਨਾ ਹੱਕ ਮਿਲਣ ਨਾਲ ਪਰਿਵਾਰਾਂ ਵਿਚਕਾਰ ਜਾਇਦਾਦ ਸਬੰਧੀ ਝਗੜਿਆਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਘਰਾਂ ਦੀ ਕਾਨੂੰਨੀ ਤੇ ਆਰਥਿਕ ਮਹੱਤਤਾ ਵਧੇਗੀ।
ਇਸ ਤੋਂ ਇਲਾਵਾ, ਜਾਇਦਾਦ ਸਬੰਧੀ ਸਰਕਾਰੀ ਦਸਤਾਵੇਜ਼ ਹੋਣ ਨਾਲ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਅਤੇ ਸੇਵਾਵਾਂ ਦਾ ਲਾਭ ਲੈਣ ਵਿੱਚ ਵੀ ਸੌਖ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਕੀਮ ਲਾਲ ਲਕੀਰ ਦੇ ਅੰਦਰ ਰਹਿ ਰਹੇ ਪਰਿਵਾਰਾਂ ਲਈ ਆਪਣੇ ਘਰ ਦੀ ਮਾਲਕੀ ਦਾ ਅਧਿਕਾਰਤ ਸਬੂਤ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
Comments