Patiala News: ਅਤਾਲਾਂ ਦੀ ਸੜਕ ਲਈ ਧਰਨੇ ’ਤੇ ਬੈਠੇ ਲੋਕਾਂ ਨੇ 25 ਦਿਨਾਂ ਦਾ ਸਮਾਂ ਦੇ ਕੇ ਚੁੱਕਿਆ ਧਰਨਾ

ਪਾਤੜਾਂ-ਪਟਿਆਲਾ ਮੁੱਖ ਮਾਰਗ ਕੀਤਾ ਜਾਮ, ਪੀਡਬਲਿਊਡੀ ਦੇ ਜੇਈ ਨੂੰ ਕੀਤੇ ਤਿੱਖੇ ਸਵਾਲ, ਐਸਡੀਓ ਵੱਲੋਂ ਲਿਖਤੀ ਭਰੋਸਾ ਦੇਣ ਮਗਰੋਂ ਮੰਨੇ ਲੋਕ

Ravinder Sharma Picture
Published On

ਘੱਗਾ (ਵਿਸ਼ਾਲ ਕੁਮਾਰ ਗੋਇਲ)। ਪਿੰਡ ਅਤਾਲਾਂ ਦੀ ਸੜਕ ਦਾ ਨਿਰਮਾਣ ਨਾ ਹੋਣ ਤੋਂ ਖਫ਼ਾ ਪਿੰਡ ਵਾਸੀਆਂ ਨੇ ਸੋਮਵਾਰ ਨੂੰ ਘੱਗਾ ਵਿਖੇ ਅਤਾਲਾਂ ਮੋੜ ’ਤੇ ਧਰਨਾ ਲਾ ਕੇ ਪਾਤੜਾਂ-ਪਟਿਆਲਾ ਮੁੱਖ ਮਾਰਗ ਜਾਮ ਕਰ ਦਿੱਤਾ। ਇਸ ਦੌਰਾਨ ਪਿੰਡ ਅਤਾਲਾਂ, ਡਰੌਲੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੇ ਸਬੰਧਤ ਵਿਭਾਗ ਵਿਰੁੱਧ ਰੋਸ ਪ੍ਰਗਟਾਇਆ। ਕਾਫ਼ੀ ਦੇਰ ਤੱਕ ਚੱਲੇ ਇਸ ਧਰਨੇ ਦੌਰਾਨ ਲੋਕਾਂ ਨੇ ਪੀਡਬਲਿਊਡੀ ਵਿਭਾਗ ਦੇ ਜੇਈ ਨੂੰ ਤਿੱਖੇ ਸਵਾਲ ਕੀਤੇ। ਆਖ਼ਰ ਵਿਭਾਗ ਦੇ ਐਸਡੀਓ ਸਰਬਜੀਤ ਸਿੰਘ ਵੱਲੋਂ ਲਿਖਤੀ ਭਰੋਸਾ ਦੇਣ ਅਤੇ ਐਸਡੀਐਮ ਕਾਲਾ ਰਾਮ ਕਾਂਸਲ ਤੇ ਡੀਐਸਪੀ ਪਾਤੜਾਂ ਦੀ ਮੌਜੂਦਗੀ ਵਿੱਚ ਭਰੋਸਾ ਦਿਵਾਏ ਜਾਣ ਮਗਰੋਂ ਪਿੰਡ ਵਾਸੀਆਂ ਨੇ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ 25 ਦਿਨਾਂ ਦਾ ਸਮਾਂ ਦੇ ਕੇ ਧਰਨਾ ਚੁੱਕ ਲਿਆ।

ਧਰਨੇ ਵਿੱਚ ਪਹੁੰਚੇ ਲੋਕਾਂ ਨੇ ਦੱਸਿਆ ਕਿ ਘੱਗਾ ਤੋਂ ਪਿੰਡ ਅਤਾਲਾਂ ਅਤੇ ਆਸ-ਪਾਸ ਦੇ ਪਿੰਡਾਂ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਖਸਤਾ ਹੈ। ਸੜਕ ’ਤੇ ਥਾਂ-ਥਾਂ ਡੂੰਘੇ ਟੋਏ ਪਏ ਹੋਣ ਕਾਰਨ ਰਾਹਗੀਰਾਂ, ਮੋਟਰਸਾਈਕਲ ਸਵਾਰਾਂ ਅਤੇ ਸਕੂਲੀ ਬੱਚਿਆਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਲੋਕ ਲੰਮੇ ਸਮੇਂ ਤੋਂ ਇਸ ਸਮੱਸਿਆ ਦੇ ਹੱਲ ਦੀ ਉਡੀਕ ਕਰ ਰਹੇ ਹਨ।

ਧਰਨਾਕਾਰੀਆਂ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਕਰੀਬ ਇੱਕ ਮਹੀਨਾ ਪਹਿਲਾਂ ਵੀ ਧਰਨਾ ਦਿੱਤਾ ਗਿਆ ਸੀ। ਉਸ ਸਮੇਂ ਸਬੰਧਤ ਅਧਿਕਾਰੀਆਂ ਨੇ ਇੱਕ ਮਹੀਨੇ ਦੇ ਅੰਦਰ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਮਗਰੋਂ ਲੋਕਾਂ ਨੇ ਧਰਨਾ ਚੁੱਕ ਲਿਆ ਸੀ। ਪਰ ਨਿਰਧਾਰਤ ਸਮਾਂ ਬੀਤ ਜਾਣ ਦੇ ਬਾਵਜੂਦ ਸੜਕ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਲੋਕਾਂ ਨੂੰ ਮੁੜ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ।

ਲੋਕਾਂ ਨੇ ਦੋਸ਼ ਲਾਇਆ ਕਿ ਸੜਕ ਦੇ ਨਿਰਮਾਣ ਲਈ ਤਿੰਨ ਵਾਰ ਟੈਂਡਰ ਲੱਗਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਹੋ ਸਕਿਆ। ਧਰਨੇ ਦੌਰਾਨ ਜਾਮ ਖੁਲ੍ਹਵਾਉਣ ਲਈ ਪਹੁੰਚੇ ਪੀਡਬਲਿਊਡੀ ਵਿਭਾਗ ਦੇ ਜੇਈ ਨੂੰ ਲੋਕਾਂ ਨੇ ਸੜਕ ਦੇ ਨਿਰਮਾਣ ਵਿੱਚ ਹੋ ਰਹੀ ਦੇਰੀ ਸਬੰਧੀ ਕਈ ਤਿੱਖੇ ਸਵਾਲ ਕੀਤੇ। ਧਰਨਾਕਾਰੀਆਂ ਅਨੁਸਾਰ, ਜੇਈ ਉਨ੍ਹਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।

ਇਸ ਮੌਕੇ ਜਦੋਂ ਤਹਿਸੀਲਦਾਰ ਪਾਤੜਾਂ ਨੇ ਲੋਕਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧਰਨਾਕਾਰੀਆਂ ਨੇ ਉਨ੍ਹਾਂ ਨੂੰ ਪਿਛਲੇ ਧਰਨੇ ਦੌਰਾਨ ਦਿੱਤੇ ਇੱਕ ਮਹੀਨੇ ਦੇ ਭਰੋਸੇ ਬਾਰੇ ਸਵਾਲ ਕੀਤਾ। ਉਨ੍ਹਾਂ ਪੁੱਛਿਆ ਕਿ ਜਦੋਂ ਪਹਿਲਾਂ ਹੀ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਸਮਾਂ ਲਿਆ ਗਿਆ ਸੀ ਤਾਂ ਇੱਕ ਮਹੀਨਾ ਬੀਤਣ ਦੇ ਬਾਵਜੂਦ ਕੰਮ ਕਿਉਂ ਨਹੀਂ ਸ਼ੁਰੂ ਹੋਇਆ।

ਧਰਨੇ ਵਿੱਚ ਕਾਂਗਰਸੀ ਆਗੂ ਬੀਬੀ ਪਲਵਿੰਦਰ ਕੌਰ ਹਰਿਆਉ ਅਤੇ ਅਮਰਜੀਤ ਸਿੰਘ ਘੱਗਾ ਵੀ ਪਿੰਡ ਵਾਸੀਆਂ ਦੀ ਹਮਾਇਤ ਵਿੱਚ ਪਹੁੰਚੇ। ਬੀਬੀ ਪਲਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਧਰਨਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ਸਮੇਂ ਕਿਹਾ ਸੀ ਕਿ ਲੋਕਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ, ਪਰ ਮੌਜੂਦਾ ਹਾਲਾਤ ਵਿੱਚ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਧਰਨਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਧਰਨਾ ਲਾਉਣਾ ਲੋਕਾਂ ਦਾ ਸ਼ੌਕ ਨਹੀਂ, ਸਗੋਂ ਮਜਬੂਰੀ ਬਣ ਚੁੱਕਾ ਹੈ। ਜਦੋਂ ਸਰਕਾਰ ਅਤੇ ਸਬੰਧਤ ਵਿਭਾਗ ਲੋਕਾਂ ਦੀਆਂ ਜਾਇਜ਼ ਮੰਗਾਂ ਦਾ ਸਮੇਂ ਸਿਰ ਹੱਲ ਨਹੀਂ ਕਰਦੇ ਤਾਂ ਲੋਕਾਂ ਨੂੰ ਸੜਕਾਂ ’ਤੇ ਉਤਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਧਰਨਿਆਂ ਕਾਰਨ ਭਾਵੇਂ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਪਰ ਲੋਕ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਮਜਬੂਰੀਵੱਸ ਇਹ ਕਦਮ ਚੁੱਕਦੇ ਹਨ।

ਹਲਕਾ ਸ਼ੁਤਰਾਣਾ, ਖ਼ਾਸ ਕਰਕੇ ਘੱਗਾ ਇਲਾਕੇ ਵਿੱਚ ਸੜਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਲਗਾਤਾਰ ਧਰਨੇ ਲੱਗ ਰਹੇ ਹਨ। ਪਹਿਲਾਂ ਕਕਰਾਲਾ, ਫਿਰ ਚੁੱਪਕੀ ਅਤੇ ਅਤਾਲਾਂ ਦੇ ਲੋਕਾਂ ਨੇ ਸੜਕਾਂ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ। ਇਸੇ ਤਰ੍ਹਾਂ ਬ੍ਰਾਹਮਣ ਮਾਜਰਾ, ਬਰਾਸ ਅਤੇ ਖੇੜੀ ਦੇ ਲੋਕਾਂ ਨੇ ਵੀ ਖ਼ਰਾਬ ਸੜਕਾਂ ਤੋਂ ਦੁਖੀ ਹੋ ਕੇ ਧਰਨੇ ਲਾਏ ਸਨ। ਬੀਤੇ ਦਿਨੀਂ ਪਰਮਿੰਦਰ ਝੋਟੇ ਦੇ ਹੱਕ ਵਿੱਚ ਵੀ ਘੱਗਾ ਵਿਖੇ ਧਰਨਾ ਲਾਇਆ ਗਿਆ ਸੀ। ਹੁਣ ਅਤਾਲਾਂ ਦੇ ਲੋਕਾਂ ਵੱਲੋਂ ਮੁੜ ਧਰਨਾ ਲਾਇਆ ਜਾਣਾ ਇਲਾਕੇ ਵਿੱਚ ਸੜਕਾਂ ਦੀ ਮਾੜੀ ਹਾਲਤ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦਾ ਹੈ।

ਧਰਨਾਕਾਰੀਆਂ ਦੇ ਰੋਸ ਨੂੰ ਦੇਖਦਿਆਂ ਪੀਡਬਲਿਊਡੀ ਵਿਭਾਗ ਦੇ ਐਸਡੀਓ ਸਰਬਜੀਤ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸੜਕ ਦੇ ਨਿਰਮਾਣ ਸਬੰਧੀ ਲਿਖਤੀ ਭਰੋਸਾ ਦਿੱਤਾ। ਇਸ ਮੌਕੇ ਐਸਡੀਐਮ ਕਾਲਾ ਰਾਮ ਕਾਂਸਲ ਅਤੇ ਡੀਐਸਪੀ ਪਾਤੜਾਂ ਨੇ ਵੀ ਵਿਚੋਲਗੀ ਕਰਦਿਆਂ ਲੋਕਾਂ ਨੂੰ ਭਰੋਸਾ ਦਿਵਾਇਆ। ਐਸਡੀਐਮ ਨੇ ਲਿਖਤੀ ਭਰੋਸੇ ਨੂੰ ਪੜ੍ਹ ਕੇ ਸੁਣਾਇਆ, ਜਿਸ ਮਗਰੋਂ ਧਰਨਾਕਾਰੀਆਂ ਨੇ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ 25 ਦਿਨਾਂ ਦੀ ਮੋਹਲਤ ਦਿੰਦਿਆਂ ਧਰਨਾ ਸਮਾਪਤ ਕਰ ਦਿੱਤਾ।

ਧਰਨੇ ਕਾਰਨ ਪਾਤੜਾਂ-ਪਟਿਆਲਾ ਮੁੱਖ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਧਰਨਾਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਸੜਕ ਦੇ ਨਿਰਮਾਣ ਸਬੰਧੀ ਕਾਰਵਾਈ ਨਾ ਹੋਈ ਤਾਂ ਉਹ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਵਿਭਾਗ 25 ਦਿਨਾਂ ਦੇ ਅੰਦਰ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਉਣ ਲਈ ਕੀ ਕਦਮ ਚੁੱਕਦਾ ਹੈ।

Read Also : ਅਮਲੋਹ ਕੈਮਿਸਟ ਐਸੋਸੀਏਸ਼ਨ ਦਾ ਐਲਾਨ, ਨਸ਼ਾ ਤਸਕਰਾਂ ਦਾ ਨਹੀਂ ਦੇਵਾਂਗੇ ਸਾਥ

About The Author

Related Posts