Punjab
Fazilka News: ਫਾਜ਼ਿਲਕਾ ’ਚ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਵਾਸਤੇ ਅਰਜ਼ੀਆਂ ਮੰਗੀਆਂ
ਜ਼ਿਲ੍ਹੇ ’ਚ 67 ਆਰਜ਼ੀ ਲਾਇਸੈਂਸ ਜਾਰੀ ਹੋਣਗੇ, 28 ਅਕਤੂਬਰ ਨੂੰ ਕੱਢਿਆ ਜਾਵੇਗਾ ਡਰਾਅ
ਫਾਜ਼ਿਲਕਾ (ਸੱਚ ਕਹੂੰ ਨਿਊਜ਼/ਏਜੰਸੀ)। Fazilka News: ਤਿਉਹਾਰਾਂ ਦੇ ਮੱਦੇਨਜ਼ਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਲੈਣ ਦੇ ਚਾਹਵਾਨ ਬਿਨੈਕਾਰ 16 ਅਕਤੂਬਰ ਤੋਂ 21 ਅਕਤੂਬਰ 2026 ਤੱਕ ਆਪਣੀਆਂ ਅਰਜ਼ੀਆਂ ਜਮ੍ਹਾ ਕਰਵਾ ਸਕਦੇ ਹਨ। ਅਰਜ਼ੀਆਂ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਰਾਹੀਂ ਜਮ੍ਹਾ ਕਰਵਾਈਆਂ ਜਾਣਗੀਆਂ। ਨਿਰਧਾਰਤ ਮਿਆਦ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਆਫ਼ 2017 ਵਿੱਚ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ। Fazilka News
ਉਨ੍ਹਾਂ ਕਿਹਾ ਕਿ ਲਾਇਸੈਂਸ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਆਰਜ਼ੀ ਲਾਇਸੈਂਸ 28 ਅਕਤੂਬਰ ਨੂੰ ਸਵੇਰੇ 11 ਵਜੇ ਡਿਪਟੀ ਕਮਿਸ਼ਨਰ ਦਫ਼ਤਰ, ਫਾਜ਼ਿਲਕਾ ਦੇ ਮੀਟਿੰਗ ਹਾਲ ’ਚ ਡਰਾਅ ਪ੍ਰਣਾਲੀ ਰਾਹੀਂ ਜਾਰੀ ਕੀਤੇ ਜਾਣਗੇ। ਡਰਾਅ ’ਚ ਸਫ਼ਲ ਰਹਿਣ ਵਾਲੇ ਬਿਨੈਕਾਰਾਂ ਨੂੰ ਹੀ ਲਾਇਸੈਂਸ ਮਿਲੇਗਾ। ਜ਼ਿਲ੍ਹੇ ’ਚ ਕੁੱਲ 67 ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ। ਇਨ੍ਹਾਂ ਵਿੱਚ ਫਾਜ਼ਿਲਕਾ ਲਈ 18, ਅਬੋਹਰ ਲਈ 25, ਜਲਾਲਾਬਾਦ ਲਈ 18 ਤੇ ਅਰਨੀਵਾਲਾ ਸ਼ੇਖ ਸੁਭਾਨ ਲਈ 6 ਲਾਇਸੈਂਸ ਸ਼ਾਮਲ ਹਨ। Fazilka News
ਲਾਇਸੈਂਸ ਧਾਰਕ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਪਟਾਕਿਆਂ ਦੀ ਵਿਕਰੀ ਕਰ ਸਕਣਗੇ। ਪਟਾਕਿਆਂ ਦੀ ਵਿਕਰੀ ਲਈ ਨਿਰਧਾਰਤ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਾਜ਼ਿਲਕਾ ’ਚ ਨਵਾਂ ਬੱਸ ਸਟੈਂਡ, ਅਬੋਹਰ ’ਚ ਫਾਜ਼ਿਲਕਾ ਰੋਡ ਸਥਿਤ ਪੁੱਡਾ ਕਲੋਨੀ, ਜਲਾਲਾਬਾਦ ’ਚ ਬਹੁਮੰਤਵੀ ਖੇਡ ਸਟੇਡੀਅਮ ਦਾ ਪਲੇਅ ਗਰਾਊਂਡ ਵਾਲਾ ਹਿੱਸਾ ਛੱਡ ਕੇ ਬਾਕੀ ਨਿਰਧਾਰਤ ਖੇਤਰ ਤੇ ਅਰਨੀਵਾਲਾ ਸ਼ੇਖ ਸੁਭਾਨ ਵਿੱਚ ਪੁਲਿਸ ਥਾਣੇ ਦੇ ਨਾਲ ਲੱਗਦੀ ਪੰਚਾਇਤੀ ਜ਼ਮੀਨ ’ਤੇ ਵਿਕਰੀ ਕੀਤੀ ਜਾ ਸਕੇਗੀ। ਹੁਕਮਾਂ ਅਨੁਸਾਰ ਦੀਵਾਲੀ ਵਾਲੇ ਦਿਨ 8 ਨਵੰਬਰ 2026 ਨੂੰ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਗੁਰਪੁਰਬ ਮੌਕੇ ਸਵੇਰੇ 4 ਤੋਂ 5 ਵਜੇ ਤੇ ਰਾਤ 9 ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ। Fazilka News
ਕ੍ਰਿਸਮਸ ਤੇ ਨਵੇਂ ਸਾਲ ਮੌਕੇ ਰਾਤ 11:55 ਵਜੇ ਤੋਂ ਅਗਲੇ ਦਿਨ 12:30 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਪਟਾਕਿਆਂ ਦੀ ਵਿਕਰੀ ਸਿਰਫ਼ ਉਨ੍ਹਾਂ ਵਿਕਰੇਤਾਵਾਂ ਵੱਲੋਂ ਕੀਤੀ ਜਾ ਸਕੇਗੀ, ਜਿਨ੍ਹਾਂ ਕੋਲ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵੱਲੋਂ ਜਾਰੀ ਆਰਜ਼ੀ ਲਾਇਸੈਂਸ ਹੋਵੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਐਕਸਪਲੋਸਿਵ ਰੂਲਜ਼, 2008 ਤੇ ਲਾਗੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Mansa News: ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਐਸਐਚਓ ਮੁਅਤਲ