Farmers Protest Punjab: ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਘੱਗਾ ਟੋਲ ਪਲਾਜ਼ੇ ਤੋਂ ਧਰਨਾ ਮੁਲਤਵੀਂ

14 ਅਕਤੂਬਰ ਤੱਕ ਪਾਈਪਲਾਈਨਾਂ ਦਾ ਅਵਾਰਡ ਅਤੇ 13 ਅਕਤੂਬਰ ਤੱਕ ਵਧੀ ਹੋਈ ਮੁਆਵਜ਼ਾ ਰਾਸ਼ੀ ਜਾਰੀ ਕਰਨ ਦਾ ਭਰੋਸਾ; ਮੰਗਾਂ ਪੂਰੀਆਂ ਨਾ ਹੋਣ ’ਤੇ ਮੁੜ ਸੰਘਰਸ਼ ਵਿੱਢਣ ਦੀ ਚਿਤਾਵਨੀ

Satinder Mathur  Picture
Published On

Farmers Protest Punjab: (ਵਿਸ਼ਾਲ ਕੁਮਾਰ ਗੋਇਲ) ਘੱਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਰੋਡ ਕਿਸਾਨ ਸੰਘਰਸ਼ ਕਮੇਟੀ, ਜ਼ਿਲ੍ਹਾ ਪਟਿਆਲਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ’ਤੇ ਘੱਗਾ ਵਿਖੇ ਸਥਿਤ ਟੋਲ ਪਲਾਜ਼ੇ ’ਤੇ 8 ਅਕਤੂਬਰ ਨੂੰ ਆਵਾਜਾਈ ਮੁਫ਼ਤ ਕਰਵਾ ਕੇ ਸ਼ੁਰੂ ਕੀਤਾ ਗਿਆ ਸੰਘਰਸ਼ ਪ੍ਰਸ਼ਾਸਨ ਅਤੇ ਐਨਐਚਏਆਈ ਦੇ ਅਧਿਕਾਰੀਆਂ ਵੱਲੋਂ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਮਗਰੋਂ ਮੁਲਤਵੀਂ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਅਤੇ ਅਧਿਕਾਰੀਆਂ ਵਿਚਕਾਰ 9 ਅਕਤੂਬਰ ਨੂੰ ਸ਼ਾਮ 6 ਵਜੇ ਹੋਈ ਮੀਟਿੰਗ ਦੌਰਾਨ ਵੱਖ-ਵੱਖ ਮਸਲਿਆਂ ਦੇ ਹੱਲ ਲਈ ਸਮਾਂ-ਸੀਮਾਵਾਂ ਤੈਅ ਕੀਤੀਆਂ ਗਈਆਂ।

ਕਿਸਾਨ ਆਗੂ ਅਮਰਿੰਦਰ ਸਿੰਘ ਘੱਗਾ ਨੇ ਦੱਸਿਆ ਕਿ ਮੀਟਿੰਗ ਵਿੱਚ ਐਸਡੀਐਮ ਪਾਤੜਾਂ ਕਾਲਾ ਰਾਮ ਕਾਂਸਲ, ਐਨਐਚਏਆਈ ਦੀ ਟੈਕਨੀਕਲ ਮੈਨੇਜਰ ਮੀਨੂ ਭਵਾਨੀ, ਲੁਧਿਆਣਾ ਦੇ ਡਿਪਟੀ ਮੈਨੇਜਰ, ਐਸਡੀਓ ਸਲਮਾਨ, ਐਸਡੀਐਮ ਰੀਡਰ ਹਰਦੇਵ ਕੁਮਾਰ, ਡੀਐਸਪੀ ਪਾਤੜਾਂ ਅਤੇ ਥਾਣਾ ਘੱਗਾ ਦੇ ਐਸਐਚਓ ਜੈਦੀਪ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਜ਼ਮੀਨਾਂ ਹੇਠਾਂ ਸਿੰਚਾਈ ਲਈ ਦੱਬੀਆਂ ਪਾਈਪਲਾਈਨਾਂ ਦੇ ਲੰਬਿਤ ਐਵਾਰਡ 14 ਅਕਤੂਬਰ ਤੱਕ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕਮਿਸ਼ਨਰ ਦੇ ਫ਼ੈਸਲੇ ਅਨੁਸਾਰ ਕਿਸਾਨਾਂ ਦੀਆਂ ਜ਼ਮੀਨਾਂ ਦੇ ਮੁਆਵਜ਼ੇ ਵਿੱਚ ਹੋਏ ਵਾਧੇ ਦੀ ਰਾਸ਼ੀ 13 ਅਕਤੂਬਰ ਤੱਕ ਜਾਰੀ ਕਰਨ ਦਾ ਭਰੋਸਾ ਵੀ ਐਨਐਚਏਆਈ ਵੱਲੋਂ ਦਿੱਤਾ ਗਿਆ ਹੈ।

ਮੀਟਿੰਗ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਵੀ ਉਠਾਇਆ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਐਨਐਚਏਆਈ ਦੇ ਡਿਜ਼ਾਈਨ ਅਨੁਸਾਰ ਪਾਣੀ ਦੀ ਨਿਕਾਸੀ ਅਤੇ ਰੀਚਾਰਜ ਲਈ ਬਣਾਏ ਗਏ ਬੋਰ ਸਹੀ ਢੰਗ ਨਾਲ ਕੰਮ ਕਰਨ, ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅਧਿਕਾਰੀਆਂ ਨੇ ਇਸ ਸਬੰਧੀ ਵੀ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: School Inspection Punjab: ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਦੌਰਾ

ਪਿੰਡ ਅਤਾਲਾ ਦੇ ਸੁੱਚਾ ਸਿੰਘ ਪੁੱਤਰ ਤਾਰਾ ਸਿੰਘ ਦੀ ਐਕਵਾਇਰ ਕੀਤੀ ਜ਼ਮੀਨ ਦੇ 2 ਕਰੋੜ 42 ਲੱਖ ਰੁਪਏ ਦੇ ਬਕਾਇਆ ਮੁਆਵਜ਼ੇ ਦਾ ਮਾਮਲਾ ਵੀ ਮੀਟਿੰਗ ਵਿੱਚ ਉਠਾਇਆ ਗਿਆ। ਇਹ ਰਕਮ ਜ਼ਿਲ੍ਹਾ ਅਦਾਲਤ ਵਿੱਚ ਜੱਜ ਕਮਲਜੀਤ ਧਾਲੀਵਾਲ ਦੀ ਅਦਾਲਤ ਵਿੱਚ ਲੰਬਿਤ ਹੈ। ਐਸਡੀਐਮ ਪਾਤੜਾਂ ਨੇ ਭਰੋਸਾ ਦਿੱਤਾ ਕਿ ਉਹ ਖ਼ੁਦ ਜੱਜ ਸਾਹਿਬ ਨੂੰ ਬੇਨਤੀ ਕਰਕੇ ਇਸ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਇਸ ਤੋਂ ਇਲਾਵਾ ਐਸਡੀਐਮ ਦੀ ਅਦਾਲਤ ਵਿੱਚ ਚੱਲ ਰਹੇ ਮਾਈਨਿੰਗ ਸਬੰਧੀ ਕੇਸ ਵਿੱਚ ਐਨਐਚਏਆਈ ਵੱਲੋਂ ਦਿੱਤੇ ਜਵਾਬ ਦੀ ਕਾਪੀ ਸੋਮਵਾਰ ਨੂੰ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਕਿਸਾਨਾਂ ਨੇ ਮੰਗ ਰੱਖੀ ਕਿ ਜਿਸ ਜ਼ਮੀਨ ਵਿੱਚ ਵੱਡੇ ਪੱਧਰ ’ਤੇ ਕਥਿਤ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ, ਉੱਥੇ ਕੰਪਨੀ ਵੱਲੋਂ ਮੁੜ ਮਿੱਟੀ ਪਾਈ ਜਾਵੇ। ਰਸਤਿਆਂ ਸਬੰਧੀ ਮਸਲਿਆਂ ਦੇ ਹੱਲ ਲਈ 21 ਅਕਤੂਬਰ ਨੂੰ ਪੀਡੀ ਦੇ ਹਿਸਾਬ ਨਾਲ ਮੀਟਿੰਗ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਗਿਆ।

ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਲਿਖਤੀ ਰੂਪ ਵਿੱਚ ਰੱਖੀਆਂ ਗਈਆਂ ਮੰਗਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਕਿਸਾਨ ਜਥੇਬੰਦੀਆਂ ਨੇ ਧਰਨਾ ਮੁਲਤਵੀ ਕਰਨ ਦਾ ਫ਼ੈਸਲਾ ਲਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਿੱਥੇ ਸਮੇਂ ਵਿੱਚ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕਿਸਾਨ ਜਥੇਬੰਦੀਆਂ ਮੁੜ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ, ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ, ਅਮਨਦੀਪ ਸਿੰਘ ਘੱਗਾ, ਸੁਰਜੀਤ ਸਿੰਘ ਤੰਬੂਵਾਲਾ, ਹਰਜੀਤ ਸਿੰਘ ਤੇਈਪੁਰ, ਪ੍ਰਿਤਪਾਲ ਸਿੰਘ ਤੰਬੂਵਾਲਾ, ਅਜੈਬ ਸਿੰਘ ਵਾਣਵਾਲਾ, ਜ਼ੋਰਾਵਰ ਸਿੰਘ ਠਰੂਆ, ਮਨਦੀਪ ਸਿੰਘ ਤੇਈਪੁਰ, ਜਤਿੰਦਰ ਸਿੰਘ ਸਤਰਾਣਾ, ਗਗਨਦੀਪ ਸਿੰਘ ਮਾਨ, ਪ੍ਰੀਤਮ ਸਿੰਘ ਘੱਗਾ, ਕੁਲਦੀਪ ਸਿੰਘ ਅਤਾਲਾ ਅਤੇ ਬਲਵੰਤ ਸਿੰਘ ਅਤਾਲਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।

 

About The Author

Related Posts