Punjab
Charanjit Singh Channi: ਟਿਕਟਾਂ ਦੀ ਵੰਡ ਦਾ ਅਤਾ-ਪਤਾ ਨ੍ਹੀਂ, ਮੰਤਰੀਆਂ ਦੇ ਅਹੁਦੇ ਵੰਡਣ ਲੱਗੇ ਚੰਨੀ
ਪੈਂਤਰੇਬਾਜ਼ੀ: ਫਰੀਦਕੋਟ ’ਚ ਬੋਲੇ ਚਰਨਜੀਤ ਚੰਨੀ, ਕਿੱਕੀ ਢਿੱਲੋਂ ਨੂੰ ਬਣਾਇਆ ਜਾਏਗਾ ਕੈਬਨਿਟ ਮੰਤਰੀ
ਚੰਡੀਗੜ (ਅਸ਼ਵਨੀ ਚਾਵਲਾ)। ਕਾਂਗਰਸ ਪਾਰਟੀ ’ਚ ਅੱਜ-ਕੱਲ੍ਹ ਵੱਖਰਾ ਹੀ ਸੂਰਤ ਏ ਹਾਲ ਹੋਇਆ ਹੈ। ਪਾਰਟੀ ਵਿੱਚ ਅੱਜੇ ਟਿਕਟਾਂ ਦੀ ਵੰਡ ਸਬੰਧੀ ਕੋਈ ਅਤਾ-ਪਤਾ ਨਹੀਂ ਹੈ ਕਿ ਕਦੋਂ ਤੋਂ ਟਿਕਟਾਂ ਦੀ ਵੰਡ ਸ਼ੁਰੂ ਹੋਏਗੀ ਤੇ ਕਿਹੜੇ-ਕਿਹੜੇ ਉਮੀਦਵਾਰ ਹੋਣਗੇ ਪਰ ਇਸ ਤੋਂ ਪਹਿਲਾਂ ਹੀ ਮੰਤਰੀਆਂ ਦੇ ਅਹੁਦਿਆਂ ਦੀ ਵੰਡ ਸ਼ੁਰੂ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੰਤਰੀਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਿਸ ਨੂੰ ਸੁਣ-ਦੇਖ ਕੇ ਖ਼ੁਦ ਕਾਂਗਰਸ ਦੇ ਵੱਡੇ ਲੀਡਰ ਹੈਰਾਨ ਤੇ ਪਰੇਸ਼ਾਨ ਹਨ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਜੇਕਰ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਜਾਂ ਫਿਰ ਮੁੱਖ ਮੰਤਰੀ ਵੀ ਬਣਾਉਂਦੀ ਹੈ ਤਾਂ ਉਸ ਵਿੱਚ ਕੋਈ ਹਰਜ਼ ਨਹੀਂ ਹੈ ਪਰ ਜਦੋਂ ਤੱਕ ਹਾਈ ਕਮਾਨ ਇਸ ਤਰ੍ਹਾਂ ਦਾ ਐਲਾਨ ਨਹੀਂ ਕਰਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਨੂੰ ਐਵੇਂ ਮੰਤਰੀਆਂ ਦੀਆਂ ਕੁਰਸੀਆਂ ਨਹੀਂ ਵੰਡਣੀਆਂ ਚਾਹੀਦੀਆਂ ਹਨ।
ਕਿਉਂਕਿ ਇਸ ਨਾਲ ਕਾਂਗਰਸ ਪਾਰਟੀ ’ਚ ਗੁੱਟਬਾਜ਼ੀ ਹੋਰ ਜਿਆਦਾ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਮੁੱਖ ਮੰਤਰੀ ਦੀ ਕੁਰਸੀ ’ਤੇ ਹਰ ਕੋਈ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਹੈ ਤੇ ਕਾਂਗਰਸ ਪਾਰਟੀ ’ਚ ਤਾਂ ਮੁੱਖ ਮੰਤਰੀ ਦੇ ਦਾਅਵੇਦਾਰਾਂ ਦੀ ਲਿਸਟ ’ਚ ਵੀ 7-8 ਹਨ ਤੇ ਇਹ ਸਾਰੇ ਵੱਡੇ ਕਾਂਗਰਸੀ ਆਗੂ ਹਨ। ਚਰਨਜੀਤ ਚੰਨੀ ਦੇ ਇਨ੍ਹਾਂ ਮੰਤਰੀਆਂ ਦੇ ਅਹੁਦੇ ਵੰਡਣ ਤੋਂ ਬਾਅਦ ਇਹ ਆਗੂ ਨਰਾਜ਼ ਹੋ ਸਕਦੇ ਹਨ।
ਕਿਉਂਕਿ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਮੁੱਖ ਮੰਤਰੀ ਵਾਂਗ ਹੀ ਪੇਸ਼ ਕਰ ਰਹੇ ਹਨ। ਇਸ ਲਈ ਜਦੋਂ ਤੱਕ ਸੱਤਾ ’ਚ ਨਾ ਆ ਜਾਈਏ ਤੇ ਹਾਈ ਕਮਾਨ ਕੋਈ ਫੈਸਲਾ ਨਹੀਂ ਕਰ ਲੈਂਦੀ ਹੈ, ਉਸ ਸਮੇਂ ਤੱਕ ਚਰਨਜੀਤ ਚੰਨੀ ਨੂੰ ਆਪਣੇ ਆਪ ’ਤੇ ਕੰਟਰੋਲ ਕਰਨਾ ਹੀ ਚਾਹੀਦਾ ਹੈ। ਇੱਥੇ ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਮੰਗਲਵਾਰ ਨੂੰ ਫਰੀਦਕੋਟ ਵਿਖੇ ਇੱਕ ਸਮਾਗਮ ਦੌਰਾਨ ਇਕੱਠ ਨੂੰ ਕੁਸ਼ਲਦੀਪ ਸਿੰਘ ਢਿੱਲੋਂ ਬਾਰੇ ਕਿਹਾ ਗਿਆ ਕਿ ਐਵੇਂ ਹੀ ਕਿਸੇ ਦੇ ਘਰ ਜਾ ਕੇ ਗਾਲ੍ਹਾਂ ਖਾਂਦੇ ਹੋ, ਜੇਕਰ ਕਿੱਕੀ ਢਿੱਲੋਂ ਨੂੰ ਜਿਤਾ ਕੇ ਵਿਧਾਇਕ ਬਣਾਇਆ ਹੁੰਦਾ ਤਾਂ ਗੱਲ ਹੀ ਹੋਰ ਹੋਣੀ ਸੀ।
ਤੁਸੀਂ ਕਿੱਕੀ ਢਿੱਲੋਂ ਨੂੰ ਤਗੜਾ ਕਰੋ, ਇਹ ਹੀ ਤੁਹਾਡਾ ਭਵਿੱਖ ਹੈ। ਆਉਣ ਵਾਲੀ ਸਰਕਾਰ ਇਨ੍ਹਾਂ ਨੇ ਹੀ ਚਲਾਉਣੀ ਹੈ ਤੇ ਸਰਕਾਰ ’ਚ ਇਨ੍ਹਾਂ ਦੀ ਪੁਜੀਸ਼ਨ ਕਾਫ਼ੀ ਅਹਿਮ ਹੋਏਗੀ। ਇਹ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ ਤੇ ਹੁਣ ਇਨ੍ਹਾਂ ਦਾ ਕੈਬਨਿਟ ਮੰਤਰੀ ਬਣਨ ਦਾ ਸਮਾਂ ਆ ਗਿਆ ਹੈ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ’ਚ ਹੀ ਘਮਾਸਾਣ ਸ਼ੁਰੂ ਹੋ ਗਿਆ ਹੈ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਇਸ ਤਰੀਕੇ ਨਾਲ ਮੰਤਰੀਆਂ ਦੀ ਵੰਡ ਕਰਨਾ ਹੀ ਠੀਕ ਨਹੀਂ ਹੈ, ਕਿਉਂਕਿ ਐਲਾਨ ਕਰਨ ਤੋਂ ਬਾਅਦ ’ਚ ਇਸ ਦਾ ਕਾਫ਼ੀ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ : Punjab Smart Ration Card: ਨੋ ਕੈਸ਼, ਨੋ ਫਰਮਾਇਸ਼, ਪੰਜਾਬ ਦੇ 10 ਲੱਖ ਹੋਰ ਪਰਿਵਾਰਾਂ ਨੂੰ ਮਿਲਣਗੇ ਰਾਸ਼ਨ ਕਾਰਡ
Comments