Road Accident News: ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਭਿਆਨਕ ਸੜਕ ਹਾਦਸਾ, ਪੰਜ ਮੌਤਾਂ ਤੇ ਨੌਂ ਜ਼ਖ਼ਮੀ
ਬਰਾਤ ਤੋਂ ਵਾਪਸ ਪਰਤ ਰਹੀ ਟਰੈਕਸ ਅਤੇ ਪਿਕਅੱਪ ਗੱਡੀ ਦੀ ਆਹਮੋ-ਸਾਹਮਣੇ ਸਿੱਧੀ ਟੱਕਰ
Road Accident News: (ਸੱਚ ਕਹੂੰ ਨਿਊਜ਼/ਰਜਨੀਸ਼ ਰਵੀ) ਜਲਾਲਾਬਾਦ/ਫਾਜ਼ਿਲਕਾ। ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਥੇਹ ਕਲੰਦਰ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋਣ ਅਤੇ 9 ਹੋਰਾਂ ਦੇ ਜ਼ਖ਼ਮੀ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿੱਚ ਤਿੰਨ ਮਾਸੂਮ ਬੱਚੇ ਅਤੇ ਦੋ ਬਾਲਗ ਸ਼ਾਮਲ ਹਨ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਨੇੜਲੇ ਪਿੰਡ ਤੀ ਟਿਵਾਣਾ ਕਲਾਂ ਤੋਂ ਇੱਕ ਬਰਾਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਰਨੀ ਖੇੜਾ ਵਿਖੇ ਗਈ ਹੋਈ ਸੀ। ਵਿਆਹ ਸਮਾਗਮ ਤੋਂ ਬਾਅਦ ਜਦੋਂ ਬਰਾਤ ਵਾਪਸ ਪਰਤ ਰਹੀ ਸੀ ਤਾਂ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਥੇਹ ਕਲੰਦਰ ਨੇੜੇ ਬਰਾਤ ਵਾਲੀ ਟਰੈਕਸ ਗੱਡੀ ਅਤੇ ਇੱਕ ਪਿਕਅੱਪ ਗੱਡੀ ਵਿਚਕਾਰ ਆਹਮੋ-ਸਾਹਮਣੇ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਵਿੱਚ ਸਵਾਰ ਕਈ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਫ਼ਾਜ਼ਿਲਕਾ ਨੇ ਦੱਸਿਆ ਕਿ ਇਸ ਦੁਰਘਟਨਾ ਵਿੱਚ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਤਿੰਨ ਬੱਚੇ ਅਤੇ ਦੋ ਬਾਲਗ ਸ਼ਾਮਲ ਹਨ। ਇਸ ਤੋਂ ਇਲਾਵਾ ਨੌਂ ਵਿਅਕਤੀ ਜ਼ਖ਼ਮੀ ਹੋਏ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਹੈ।
ਇਹ ਵੀ ਪੜ੍ਹੋ: Punjab Stubble Burning: ਪੰਜਾਬ ’ਚ ਪਰਾਲੀ ਸਾੜਨ ਦੇ 5835 ਮਾਮਲੇ ਦਰਜ਼, ਪਟਿਆਲਾ ’ਚ ਲੱਗਿਆ ਸਭ ਤੋਂ ਜਿਆਦਾ ਜੁਰਮਾਨਾ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਪੁਲਿਸ ਵੱਲੋਂ ਹਾਦਸੇ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਨੇ ਕਈ ਪਰਿਵਾਰਾਂ ਦੀਆਂ ਖ਼ੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ ਹੈ। ਵਿਆਹ ਸਮਾਗਮ ਤੋਂ ਖ਼ੁਸ਼ੀਆਂ ਸਾਂਝੀਆਂ ਕਰਕੇ ਪਰਤ ਰਹੇ ਲੋਕਾਂ ਨਾਲ ਵਾਪਰੀ ਇਸ ਅਣਸੁਖਾਵੀਂ ਘਟਨਾ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
Comments