Groundwater Crisis India: ਡੂੰਘਾ ਹੁੰਦਾ ਜ਼ਮੀਨ ਹੇਠਲਾ ਪਾਣੀ ਵਧਾਏਗਾ ਵਾਤਾਵਰਨ ਅਸੰਤੁਲਨ
ਡੂੰਘਾ ਹੁੰਦਾ ਜ਼ਮੀਨ ਹੇਠਲਾ ਪਾਣੀ ਵਧਾਏਗਾ ਵਾਤਾਵਰਨ ਅਸੰਤੁਲਨ
ਪਾਣੀ ਇੱਕ ਬਹੁਤ ਮਹੱਤਵਪੂਰਨ ਕੁਦਰਤੀ ਸਰੋਤ ਹੈ। ਇਹ ਕੁਦਰਤ ਵੱਲੋਂ ਮਨੁੱਖਤਾ ਨੂੰ ਦਿੱਤਾ ਗਿਆ ਇੱਕ ਅਨਮੋਲ ਤੋਹਫ਼ਾ ਹੈ। ਪਰ ਚਿੰਤਾ ਦੀ ਗੱਲ ਇਹ ਹੈ ਕਿ ਅਸੀਂ ਧਰਤੀ ਹੇਠਲੇ ਪਾਣੀ ਦੀ ਕਦਰ ਨਹੀਂ ਕਰ ਰਹੇ। ਕੇਂਦਰੀ ਭੂਜਲ ਬੋਰਡ ਦੀ ਸਰਗਰਮ ਭੂਮੀ ਜਲ ਵਸੀਲੇ ਮੁਲਾਂਕਣ ਰਿਪੋਰਟ ਅਨੁਸਾਰ ਦੇਸ਼ ’ਚ ਹਰ ਸਾਲ ਧਰਤੀ ਹੇਠਾਂ ਜਾਣ ਵਾਲੇ ਪਾਣੀ ਦੀ ਕੁੱਲ ਮਾਤਰਾ ’ਚੋਂ ਲਗਭਗ 60 ਫ਼ੀਸਦੀ ਪਾਣੀ ਕੱਢ ਲਿਆ ਜਾਂਦਾ ਹੈ। ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਮਾਤਰਾ ਸਾਲਾਨਾ ਮੁੜ ਪਾਣੀ ਰਿਚਾਰਜ਼ ਤੋਂ ਵੱਧ ਹੈ। ਦੇਸ਼ ਦੀਆਂ 260 ਮੁਲਾਂਕਣ ਇਕਾਈਆਂ ’ਚ ਤਾਂ ਜ਼ਮੀਨ ਹੇਠਲਾ ਪਾਣੀ ਕੱਢੇ ਜਾਣ ਦੀ ਮਾਤਰਾ 90 ਫ਼ੀਸਦੀ ਤੋਂ ਵੀ ਵੱਧ ਹੈ।
ਕਈ ਥਾਵਾਂ ’ਤੇ ਇਹ ਅੰਕੜਾ 100 ਫ਼ੀਸਦੀ ਤੱਕ ਪਹੁੰਚ ਗਿਆ ਹੈ। ਦੇਸ਼ ’ਚ ਹਰ ਸਾਲ ਕੁੱਲ 437.60 ਅਰਬ ਘਣ ਮੀਟਰ ਪਾਣੀ ਧਰਤੀ ਹੇਠ ਰਿਚਾਰਜ਼ ਹੁੰਦਾ ਹੈ, ਜਦਕਿ ਸਾਲਾਨਾ 239.16 ਅਰਬ ਘਣ ਮੀਟਰ ਪਾਣੀ ਧਰਤੀ ਹੇਠੋਂ ਕੱਢ ਲਿਆ ਜਾਂਦਾ ਹੈ। ਧਰਤੀ ਵਿਚਲੇ ਪਾਣੀ ਦੀ ਵਧੇਰੇ ਵਰਤੋਂ ਕਰਨ ਵਾਲੇ ਖੇਤਰ ਮੁੱਖ ਤੌਰ ’ਤੇ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ ਇਲਾਵਾ ਰਾਜਸਥਾਨ ਅਤੇ ਗੁਜਰਾਤ ਦੇ ਕੁਝ ਇਲਾਕਿਆਂ ਅਤੇ ਕਰਨਾਟਕ, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਸਥਿਤ ਹਨ। ਉੱਤਰ-ਪੱਛਮੀ ਭਾਰਤ ਦੇ ਕਈ ਇਲਾਕੇ ਡਾਰਕ ਜ਼ੋਨ ਦੀ ਸ਼੍ਰੇਣੀ ’ਚ ਪਹੁੰਚ ਚੁੱਕੇ ਹਨ।
ਇੱਥੇ ਧਰਤੀ ਹੇਠਲੇ ਪਾਣੀ ਦੇ ਭੰਡਾਰ ਜਾਂ ਤਾਂ ਖ਼ਤਮ ਹੋ ਚੁੱਕੇ ਹਨ ਜਾਂ ਪਾਣੀ ਦਾ ਪੱਧਰ ਇੰਨਾ ਹੇਠਾਂ ਚਲਾ ਗਿਆ ਹੈ ਕਿ ਉੱਥੋਂ ਪਾਣੀ ਕੱਢਣਾ ਵੀ ਮੁਸ਼ਕਲ ਹੋ ਗਿਆ ਹੈ। ਵਧਦੀ ਅਬਾਦੀ ਅਤੇ ਜਲਵਾਯੂ ਤਬਦੀਲੀ ਨਾਲ ਜੂਝ ਰਹੀ ਧਰਤੀ ਲਈ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਅੱਗ ’ਚ ਘਿਓ ਦਾ ਕੰਮ ਕਰ ਰਹੀ ਹੈ, ਕਿਉਂਕਿ ਇਸ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ। ਜੇਕਰ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਇੱਥੋਂ ਦੀ ਕੁੱਲ ਖੇਤੀਯੋਗ ਜ਼ਮੀਨ ਦਾ ਲਗਭਗ 45 ਫ਼ੀਸਦੀ ਹਿੱਸਾ ਸਿੰਚਾਈ ਅਧੀਨ ਹੈ। ਇਸ ’ਚੋਂ 57 ਫ਼ੀਸਦੀ ਸਿੰਚਾਈ ਖੂਹਾਂ ਅਤੇ ਟਿਊਬਵੈੱਲਾਂ ਰਾਹੀਂ, 32 ਫ਼ੀਸਦੀ ਨਹਿਰਾਂ ਰਾਹੀਂ, 6 ਫ਼ੀਸਦੀ ਤਲਾਬਾਂ ਰਾਹੀਂ ਅਤੇ 5 ਫ਼ੀਸਦੀ ਹੋਰ ਸਾਧਨਾਂ ਰਾਹੀਂ ਕੀਤੀ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਸਿੰਜਾਈ ਲਈ ਮੁੱਖ ਤੌਰ ’ਤੇ ਧਰਤੀ ਹੇਠਲੇ ਪਾਣੀ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ।
ਦੇਸ਼ ਦੀਆਂ ਜ਼ਿਆਦਾਤਰ ਫ਼ਸਲਾਂ ਧਰਤੀ ਹੇਠਲੇ ਪਾਣੀ ਦੇ ਆਸਰੇ ਹੀ ਪਲ਼ਦੀਆਂ ਹਨ। ਧਰਤੀ ਹੇਠਲੇ ਪਾਣੀ ਦੇ ਭੰਡਾਰ ਖਾਲੀ ਹੋਣ ਕਾਰਨ ਕੁਦਰਤੀ ਜਲ ਸਰੋਤ, ਜਿਵੇਂ ਨਦੀਆਂ, ਨਾਲੇ, ਝੀਲਾਂ, ਤਲਾਬ ਅਤੇ ਖੂਹ ਲਗਾਤਾਰ ਸੁੱਕਦੇ ਜਾ ਰਹੇ ਹਨ। ਪੱਕੀਆਂ ਇਮਾਰਤਾਂ, ਸੜਕਾਂ, ਫੁੱਟਪਾਥ ਅਤੇ ਚਬੂਤਰੇ ਸੀਮਿੰਟ ਤੇ ਕੰਕਰੀਟ ਨਾਲ ਬਣਾਏ ਜਾ ਰਹੇ ਹਨ, ਜਿਸ ਕਾਰਨ ਮੀਂਹ ਦੇ ਪਾਣੀ ਦੇ ਧਰਤੀ ’ਚ ਰਿਸਣ ਦੇ ਸਾਰੇ ਰਸਤੇ ਬੰਦ ਹੋ ਰਹੇ ਹਨ। ਮੀਂਹ ਦਾ ਲਗਭਗ 90 ਫ਼ੀਸਦੀ ਪਾਣੀ ਨਦੀਆਂ ’ਚ ਵਹਿ ਜਾਂਦਾ ਹੈ ਅਤੇ ਸਿਰਫ਼ 5 ਤੋਂ 10 ਫ਼ੀਸਦੀ ਪਾਣੀ ਹੀ ਧਰਤੀ ’ਚ ਜਾ ਸਕਦਾ ਹੈ।
ਜਦਕਿ ਪਹਿਲਾਂ ਮੀਂਹਾਂ ਦਾ ਲਗਭਗ 70 ਫ਼ੀਸਦੀ ਪਾਣੀ ਵਹਿ ਜਾਂਦਾ ਸੀ ਅਤੇ 30 ਫ਼ੀਸਦੀ ਪਾਣੀ ਧਰਤੀ ’ਚ ਸਮਾ ਜਾਂਦਾ ਸੀ। ਲੋਕ ਲੱਖਾਂ ਰੁਪਏ ਖਰਚ ਕਰਕੇ ਧਰਤੀ ’ਚੋਂ ਪਾਣੀ ਕੱਢ ਰਹੇ ਹਨ, ਪਰ ਧਰਤੀ ’ਚ ਪਾਣੀ ਪਹੁੰਚਾਉਣ ਜਾਂ ਇਸ ਨੂੰ ਮੁੜ ਭਰਨ (ਰਿਚਾਰਜ਼) ਲਈ ਕੋਈ ਯਤਨ ਨਹੀਂ ਕਰ ਰਿਹਾ। ਦੇਸ਼ ’ਚ ਪਾਣੀ ਦੇ ਰਵਾਇਤੀ ਸਰੋਤ ਘੱਟ ਮੀਂਹ ਅਤੇ ਬੇਤਰਤੀਬੇ ਢੰਗ ਨਾਲ ਕੀਤੀ ਜਾ ਰਹੀ ਪਾਣੀ ਦੀ ਵਰਤੋਂ ਕਾਰਨ ਖ਼ਤਮ ਹੁੰਦੇ ਜਾ ਰਹੇ ਹਨ। ਧਰਤੀ ਉੱਤੇ ਪਾਣੀ ਦੀ ਘਾਟ ਕਾਰਨ ਲੋਕ ਧਰਤੀ ਹੇਠੋਂ ਪਾਣੀ ਕੱਢਣ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ।
ਸਮੱਸਿਆ ਇਹ ਹੈ ਕਿ ਅਸੀਂ ਸਿਰਫ਼ ਉਸੇ ਚੀਜ਼ ਨੂੰ ਮਹੱਤਵ ਦਿੰਦੇ ਹਾਂ ਜੋ ਸਾਨੂੰ ਦਿਖਾਈ ਦਿੰਦੀ ਹੈ। ਜਿਹੜੀ ਚੀਜ਼ ਅੱਖਾਂ ਨੂੰ ਦਿਖਾਈ ਨਹੀਂ ਦਿੰਦੀ, ਉਸ ਦੀ ਅਹਿਮੀਅਤ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਸੱਚਾਈ ਇਹ ਹੈ ਕਿ ਧਰਤੀ ਹੇਠਲਾ ਪਾਣੀ, ਜੋ ਪਹਿਲਾਂ ਹੀ ਅਦਿੱਖ ਸੀ, ਹੁਣ ਹੋਰ ਵੀ ਅਲੋਪ ਹੁੰਦਾ ਜਾ ਰਿਹਾ ਹੈ। ਜਿਹੜਾ ਪਾਣੀ ਸ਼ੁੱਧ ਸੀ, ਉਹ ਵੀ ਹੁਣ ਪ੍ਰਦੂਸ਼ਿਤ ਹੋ ਰਿਹਾ ਹੈ। ਸਿਰਫ਼ ਮੀਂਹ ਹੀ ਨਹੀਂ, ਸਗੋਂ ਨਦੀਆਂ, ਨਹਿਰਾਂ ਅਤੇ ਗਲੇਸ਼ੀਅਰ ਵੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ’ਚ ਮੱਦਦ ਕਰਦੇ ਹਨ। ਪਰ ਅਸੀਂ ਨਦੀਆਂ ਅਤੇ ਨਹਿਰਾਂ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ।
ਇਸ ਕਾਰਨ ਪ੍ਰਦੂਸ਼ਿਤ ਨਦੀਆਂ ਅਤੇ ਨਹਿਰਾਂ ਰਾਹੀਂ ਧਰਤੀ ’ਚ ਪਹੁੰਚਣ ਵਾਲੇ ਪਾਣੀ ਨਾਲ ਪ੍ਰਦੂਸ਼ਣ ਵੀ ਧਰਤੀ ਵਿਚਲੇ ਪਾਣੀ ਦੇ ਸਰੋਤਾਂ ਤੱਕ ਪਹੁੰਚ ਜਾਂਦਾ ਹੈ। ਖੇਤੀਬਾੜੀ ’ਚ ਰਸਾਇਣਕ ਦਵਾਈਆਂ ਅਤੇ ਖਾਦਾਂ ਦੀ ਗ਼ਲਤ ਅਤੇ ਬੇਹੱਦ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਪ੍ਰਦੂਸ਼ਣ ਵਧ ਰਿਹਾ ਹੈ। ਇਸ ਨਾਲ ਮਿੱਟੀ ਦੀ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਵਰਤੀਆਂ ਗਈਆਂ ਰਸਾਇਣਕ ਖਾਦਾਂ ਦਾ ਵੱਡਾ ਹਿੱਸਾ ਜ਼ਮੀਨ ’ਚ ਰਿਸ ਕੇ ਜਾਂ ਹੋਰ ਤਰੀਕਿਆਂ ਨਾਲ ਧਰਤੀ ਹੇਠਲੇ ਪਾਣੀ ਜਾਂ ਨਦੀਆਂ, ਤਲਾਬਾਂ ਅਤੇ ਝਰਨਿਆਂ ’ਚ ਮਿਲ ਜਾਂਦਾ ਹੈ।
ਇਸ ਨਾਲ ਪਾਣੀ ਦੇ ਸਰੋਤ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਖੇਤੀਬਾੜੀ ਉਤਪਾਦਾਂ ’ਚ ਵੀ ਇਨ੍ਹਾਂ ਰਸਾਇਣਾਂ ਦੀ ਜ਼ਹਿਰੀਲੀ ਮਾਤਰਾ ਵਧਦੀ ਜਾ ਰਹੀ ਹੈ। ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਨੂੰ ਮੁੜ ਭਰਨ ’ਚ ਕਈ ਸਾਲ ਲੱਗ ਸਕਦੇ ਹਨ। ਜੇਕਰ ਮੀਂਹ ਦਾ ਪਾਣੀ ਧਰਤੀ ਅੰਦਰ ਨਹੀਂ ਜਾ ਰਿਹਾ ਤਾਂ ਚੰਗਾ ਮੀਂਹ ਪੈਣ ਦਾ ਵੀ ਕੋਈ ਖ਼ਾਸ ਫਾਇਦਾ ਨਹੀਂ। ਧਰਤੀ ਹੇਠਲੇ ਪਾਣੀ ਦਾ ਲੋੜੀਂਦੀ ਮਾਤਰਾ ’ਚ ਮੌਜੂਦ ਰਹਿਣਾ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ’ਚ ਵੀ ਮੱਦਦਗਾਰ ਹੁੰਦਾ ਹੈ। ਖੋਜਾਂ ਅਨੁਸਾਰ ਹਰ ਸਾਲ ਸਿਰਫ਼ 8 ਫ਼ੀਸਦੀ ਪਾਣੀ ਹੀ ਕੁਦਰਤੀ ਤਰੀਕੇ ਨਾਲ ਧਰਤੀ ਅੰਦਰ ਮੁੜ ਪਹੁੰਚ ਸਕਦਾ ਹੈ।
ਪਾਣੀ ਦੀ ਸੰਭਾਲ ਲਈ ਪੁਰਾਣੇ ਰਵਾਇਤੀ ਤਰੀਕੇ ਬੇਹੱਦ ਕਾਰਗਰ ਸਾਬਤ ਹੋ ਸਕਦੇ ਹਨ। ਇਨ੍ਹਾਂ ਰਾਹੀਂ ਮੀਂਹ ਦੇ ਪਾਣੀ ਦੀ ਬਹੁਪੱਖੀ ਵਰਤੋਂ ਕੀਤੀ ਜਾ ਸਕਦੀ ਹੈ। ਛੱਪੜਾਂ ਅਤੇ ਤਲਾਬਾਂ ਦਾ ਨਿਰਮਾਣ, ਘਰਾਂ ਦੀਆਂ ਛੱਤਾਂ ’ਤੇ ਪੈਣ ਵਾਲੇ ਮੀਂਹ ਦੇ ਪਾਣੀ ਨੂੰ ਵਿਹੜੇ ’ਚ ਬਣੀਆਂ ਟੈਂਕੀਆਂ ਜਾਂ ਧਰਤੀ ਹੇਠਲੇ ਭੰਡਾਰਾਂ ਤੱਕ ਪਹੁੰਚਾਉਣਾ, ਖੇਤਾਂ ’ਚ ਟੋਏ ਬਣਾਉਣਾ, ਖੂਹਾਂ ’ਚ ਵਗਦੇ ਪਾਣੀ ਨੂੰ ਇਕੱਠਾ ਕਰਨਾ, ਸਿੰਚਾਈ ਲਈ ਸਪ੍ਰਿੰਕਲਰ ਪ੍ਰਣਾਲੀ ਨੂੰ ਤਰਜ਼ੀਹ ਦੇਣਾ ਅਤੇ ਪਾਣੀ ਦੀ ਮੁੜ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਪਾਣੀ ਦਾ ਸਤਿਕਾਰ ਕਰਨਾ ਸਿੱਖਣਾ ਪਵੇਗਾ ਅਤੇ ਇਸ ਦੀ ਬਰਬਾਦੀ ਰੋਕਣੀ ਪਵੇਗੀ।
ਖ਼ਾਸ ਕਰਕੇ ਉੱਤਰ-ਪੱਛਮੀ ਭਾਰਤ ’ਚ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਦਾ ਬਦਲ ਲੱਭਣਾ ਵੀ ਜ਼ਰੂਰੀ ਹੈ। ਇਸ ਖੇਤਰ ’ਚ ਦਾਲਾਂ, ਤੇਲ ਬੀਜਾਂ ਤੇ ਮੋਟੇ ਅਨਾਜ ਦੀਆਂ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇੱਕ ਕਿਲੋਗ੍ਰਾਮ ਝੋਨਾ ਪੈਦਾ ਕਰਨ ਲਈ ਲਗਭਗ 5000 ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਇਸੇ ਤਰ੍ਹਾਂ ਇੱਕ ਕਿਲੋਗ੍ਰਾਮ ਆਲੂ ਪੈਦਾ ਕਰਨ ਲਈ ਆਮ ਤੌਰ ’ਤੇ 500 ਲੀਟਰ ਪਾਣੀ ਲੱਗਦਾ ਹੈ, ਜਦਕਿ ਮੋਟੇ ਅਨਾਜ ਕੁਝ ਸੌ ਲੀਟਰ ਪਾਣੀ ਨਾਲ ਹੀ ਤਿਆਰ ਹੋ ਜਾਂਦੇ ਹਨ। ਪਾਣੀ ਦੀ ਸੰਭਾਲ ਲਈ ਖੇਤੀਬਾੜੀ ’ਚ ਸਿੰਚਾਈ ਵਾਲੇ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਹੋਵੇਗੀ।
ਪਾਣੀ ਦੀ ਬਰਬਾਦੀ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਇਸ ਸਬੰਧ ’ਚ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਲੋਕਾਂ ਨੂੰ ਦੱਸਣਾ ਹੋਵੇਗਾ ਕਿ ਪਾਣੀ ਦੀ ਇੱਕ ਬੂੰਦ ਨੂੰ ਮਿੱਟੀ ਦੀ ਸਤ੍ਹਾ ਤੱਕ ਪਹੁੰਚਾਉਣ ਲਈ ਵਿਗਿਆਨੀਆਂ ਅਤੇ ਕਿਸਾਨਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਪਾਣੀ ਨੂੰ ਘਰਾਂ ਅਤੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਕਿੰਨੀ ਮਿਹਨਤ ਅਤੇ ਪੂੰਜੀ ਖਰਚ ਹੁੰਦੀ ਹੈ। ਪਾਣੀ ਦੀ ਹਰ ਬੂੰਦ ਕੀਮਤੀ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਮਨੀਸ਼ ਕੁਮਾਰ ਚੌਧਰੀ
ਇਹ ਵੀ ਪੜ੍ਹੋ : Punjab Paddy Purchase: ਸੂਬੇ ਦੀਆਂ ਕਈ ਮੰਡੀਆਂ ’ਚ ਝੋਨੇ ਦੀ ਖਰੀਦ ਬੰਦ, ਕਿਸਾਨਾਂ ’ਚ ਰੋਸ
Comments