Punjab Mangda Insaaf Campaign: ਕਾਂਗਰਸ ਦੀ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਸ਼ੁਰੂ
ਸਾਈਕਲ ਰੈਲੀਆਂ, ਬੱਸ ਯਾਤਰਾਵਾਂ ਅਤੇ ਪੈਦਲ ਮਾਰਚਾਂ ਰਾਹੀਂ ‘ਆਪ’ ਸਰਕਾਰ ਨੂੰ ਘੇਰਨ ਦੀ ਤਿਆਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੂਬੇ ਵਿੱਚ ਆਪਣੀ ਸਿਆਸੀ ਸਰਗਰਮੀ ਤੇਜ਼ ਕਰਦਿਆਂ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਐਲਾਨ ਕੀਤਾ ਕਿ ਕਾਂਗਰਸ ਹੁਣ ਪੰਜਾਬ ਦੇ ਹਰ ਪਿੰਡ, ਸ਼ਹਿਰ ਅਤੇ ਮੁਹੱਲੇ ਤੱਕ ਪਹੁੰਚੇਗੀ।
ਪਾਰਟੀ ਸੂਬੇ ਨਾਲ ਹੋਈ ਬੇਇਨਸਾਫ਼ੀ ਦਾ ਹਿਸਾਬ ਮੰਗਣ ਦੇ ਨਾਲ-ਨਾਲ ਪੰਜਾਬ ਦੇ ਭਵਿੱਖ ਲਈ ਆਪਣਾ ਵਿਕਾਸ ਰੋਡਮੈਪ ਵੀ ਲੋਕਾਂ ਸਾਹਮਣੇ ਰੱਖੇਗੀ। ਪਰਗਟ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਸਿਆਸੀ ਰੈਲੀਆਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਸ ਨੂੰ ਲੋਕਾਂ ਨਾਲ ਸਿੱਧੇ ਸੰਵਾਦ ਦਾ ਰੂਪ ਦਿੱਤਾ ਜਾਵੇਗਾ। ਇਸ ਤਹਿਤ ਸਾਈਕਲ ਰੈਲੀਆਂ ਕੱਢੀਆਂ ਜਾਣਗੀਆਂ, ਬੱਸਾਂ ਰਾਹੀਂ ਪ੍ਰਚਾਰ ਕੀਤਾ ਜਾਵੇਗਾ ਅਤੇ ਕਾਂਗਰਸੀ ਆਗੂ ਤੇ ਵਰਕਰ ਪੈਦਲ ਮਾਰਚ ਕਰਕੇ ਲੋਕਾਂ ਤੱਕ ਪਹੁੰਚਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਪੁੱਛਣ ਦਾ ਪੂਰਾ ਹੱਕ ਹੈ ਕਿ ਸੂਬੇ ਦੀਆਂ ਸਮੱਸਿਆਵਾਂ ਦਾ ਹੱਲ ਕਿਉਂ ਨਹੀਂ ਹੋ ਰਿਹਾ ਅਤੇ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਕਦੋਂ ਨਿਭਾਏਗੀ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਪੰਜਾਬ ਮੰਗਦਾ ਇਨਸਾਫ਼’ ਸਿਰਫ਼ ਇੱਕ ਸਿਆਸੀ ਮੁਹਿੰਮ ਨਹੀਂ, ਸਗੋਂ ਪੰਜਾਬ ਦੇ ਹੱਕਾਂ, ਸਨਮਾਨ ਅਤੇ ਬਿਹਤਰ ਭਵਿੱਖ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੂਬੇ ਦੇ ਹਰ ਵਰਗ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਵਾਬ ਮੰਗੇਗੀ।
ਯਾਤਰਾ ਦੀ ਸ਼ੁਰੂਆਤ ’ਚ ਸ਼ਾਮਲ ਨਹੀਂ ਹੋਏ ਚੰਨੀ ਤੇ ਰਾਜਾ ਵੜਿੰਗ, ‘ਆਪ’ ਨੇ ਕੀਤੀ ਤੰਜ
ਚੰਡੀਗੜ੍ਹ ਪੰਜਾਬ ਕਾਂਗਰਸ ਵੱਲੋਂ ਬੁੱਧਵਾਰ ਨੂੰ ਪੰਜਾਬ ਵਿੱਚ ਸ਼ੁਰੂ ਕੀਤੀ ਗਈ ‘ਪੰਜਾਬ ਮੰਗਦਾ ਇਨਸਾਫ਼’ ਯਾਤਰਾ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੈਰ ਹਾਜ਼ਰ ਰਹੇ ਤੇ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨਜ਼ਰ ਨਹੀਂ ਆਏ। ਕਾਂਗਰਸ ਪਾਰਟੀ ਦੀ ਆਪਸੀ ਇਸ ਜੰਗ ਵਿੱਚ ਆਮ ਆਦਮੀ ਪਾਰਟੀ ਨੇ ਵਿਅੰਗ ਭਰੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ਼ ਪੰਨੂ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਤਾਂ ਗੁੱਟਬਾਜ਼ੀ ਦਾ ਹੀ ਗੜ੍ਹ ਹੈ, ਜਿਥੇ ਇਹ ਕਦੇ ਵੀ ਖ਼ਤਮ ਨਹੀਂ ਹੋ ਸਕਦੀ ਹੈ। ਬਲਤੇਜ਼ ਪੰਨੂ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਸਾਈਕਲ ’ਤੇ ਕਿਸੇ ਨੇ ਨਹੀਂ ਬੈਠਣਾ ਹੈ। ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਈਕਲ ’ਤੇ ਬੈਠਣ ਨੂੰ ਤਿਆਰ ਨਹੀਂ ਸੀ ਤੇ ਹੁਣ ਪਰਗਟ ਸਿੰਘ ਨੇ ਵੀ ਦੂਰੀ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ 2022 ਵਿੱਚ 2 ਥਾਂਵਾਂ ਤੋਂ ਟੱਲੀਆਂ ਵਜਾਈਆਂ ਸਨ ਪਰ ਦੋਵਾਂ ਥਾਂਵਾਂ ਤੋਂ ਹੀ ਉਹ ਹਾਰ ਗਏ ਸਨ। ਹੁਣ ਵੀ ਉਹ ਹਾਰ ਦਾ ਹੀ ਸਾਹਮਣਾ ਕਰਨਗੇ।
ਇਹ ਵੀ ਪੜ੍ਹੋ : Sirsa News: ਸੇਂਟ ਐੱਮਐੱਮਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਤਿੰਨ ਖਿਡਾਰੀ ਚੁਣੇ
Comments