Potash Mining News: ਪੋਟਾਸ਼ ਦੀ ਖੋਜ ਅਗਲੇ ਸਾਲ ਮਈ ਤੋਂ ਹੋਵੇਗੀ ਸ਼ੁਰੂ, ਕੇਂਦਰ ਵੱਲੋਂ 35 ਬੋਰਹੋਲਜ਼ ਨੂੰ ਮਨਜ਼ੂਰੀ : ਗੋਇਲ

ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਵੇਗੀ ਪੁਟਾਈ, ਪੰਜਾਬ ਸਰਕਾਰ ਵੀ ਪੁੱਟੇਗੀ 5 ਹੋਰ ਬੋਰਹੋਲਜ਼

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪੋਟਾਸ਼ ਦੇ ਭੰਡਾਰਾਂ ਦੀ ਖੋਜ ਦਾ ਕੰਮ ਅਪਰੈਲ 2027 ਦੇ ਅੰਤ ਜਾਂ ਮਈ ਦੇ ਪਹਿਲੇ ਹਫ਼ਤੇ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਵੱਲੋਂ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ 35 ਬੋਰਹੋਲਜ਼ (ਧਰਤੀ ਵਿੱਚ ਡੂੰਘੀਆਂ ਖੁਦਾਈਆਂ) ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਦਕਿ ਪੰਜਾਬ ਸਰਕਾਰ ਆਪਣੇ ਪੱਧਰ ’ਤੇ ਪੰਜ ਹੋਰ ਬੋਰਹੋਲਜ਼ ਪੁੱਟੇਗੀ। ਇਸ ਤਰ੍ਹਾਂ ਪੋਟਾਸ਼ ਦੀ ਖੋਜ ਲਈ ਕੁੱਲ 40 ਬੋਰਹੋਲਜ਼ ਦੀ ਖੁਦਾਈ ਕੀਤੀ ਜਾਵੇਗੀ।

ਇਸ ਖੋਜ ਨਾਲ ਪੰਜਾਬ ਦੇ ਧਰਤੀ ਹੇਠਲੇ ਖਣਿਜ ਭੰਡਾਰਾਂ ਦੀ ਮਾਤਰਾ, ਗੁਣਵੱਤਾ ਅਤੇ ਵਪਾਰਕ ਸੰਭਾਵਨਾਵਾਂ ਦਾ ਪਤਾ ਲਾਇਆ ਜਾਵੇਗਾ। ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੋਆ ਵਿੱਚ 5 ਅਤੇ 6 ਨਵੰਬਰ ਨੂੰ ਕੇਂਦਰੀ ਕੋਲਾ ਅਤੇ ਖਾਣ ਮੰਤਰੀ ਜੀ. ਕਿਸ਼ਨ ਰੈੱਡੀ ਦੀ ਪ੍ਰਧਾਨਗੀ ਹੇਠ ਹੋਈ।

ਦੋ ਰੋਜ਼ਾ ਕੌਮੀ ਕਾਨਫਰੰਸ ਵਿੱਚ ਪੰਜਾਬ ਨੇ ਪੋਟਾਸ਼ ਦੀ ਖੋਜ ਅਤੇ ਹੋਰ ਮਾਈਨਿੰਗ ਸਬੰਧੀ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ ਸਨ। ਕੇਂਦਰੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਪੰਜਾਬ ਦੇ ਮਤਿਆਂ ’ਤੇ ਪਹਿਲ ਦੇ ਅਧਾਰ ’ਤੇ ਵਿਚਾਰ ਕਰਨ ਅਤੇ ਖੋਜ ਪ੍ਰਕਿਰਿਆ ਤੇਜ਼ ਕਰਨ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕੇਂਦਰ ਵੱਲੋਂ ਮਨਜ਼ੂਰ ਕੀਤੇ 35 ਬੋਰਹੋਲਜ਼ ਵਿੱਚੋਂ 20 ਦੀ ਪੁਟਾਈ ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐੱਸਆਈ) ਅਤੇ 15 ਦੀ ਖੁਦਾਈ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ (ਐੱਮਈਸੀਐੱਲ) ਵੱਲੋਂ ਕੀਤੀ ਜਾਵੇਗੀ।

ਕੁਝ ਬੋਰਹੋਲਜ਼ ਦੀ ਖੁਦਾਈ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ, ਜਦਕਿ ਬਾਕੀ ਦਾ ਕੰਮ ਜਾਰੀ ਹੈ। ਇਸ ਖੋਜ ਨਾਲ ਸਬੰਧਤ ਰਿਪੋਰਟਾਂ ਫਰਵਰੀ 2027 ਤੱਕ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਅਪਰੈੈਲ ਦੇ ਅੰਤ ਜਾਂ ਮਈ ਦੇ ਪਹਿਲੇ ਹਫ਼ਤੇ ਤੱਕ ਪੋਟਾਸ਼ ਦੀ ਖੋਜ ਦਾ ਅਗਲਾ ਪੜਾਅ ਸ਼ੁਰੂ ਕੀਤਾ ਜਾ ਸਕੇਗਾ। ਸਾਲ 2026-27 ਦੌਰਾਨ 16 ਹੋਰ ਬੋਰਹੋਲਜ਼ ਪੁੱਟਣ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਬਰਿੰਦਰ ਗੋਇਲ ਨੇ ਕਿਹਾ ਕਿ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕੁਝ ਹਿੱਸਿਆਂ ਵਿੱਚ ਪੋਟਾਸ਼ ਦੇ ਭੰਡਾਰਾਂ ਦੀ ਪਛਾਣ 1989 ਵਿੱਚ ਹੀ ਹੋ ਗਈ ਸੀ, ਪਰ ਪਿਛਲੀਆਂ ਸਰਕਾਰਾਂ ਦੌਰਾਨ ਇਸ ਦਿਸ਼ਾ ਵਿੱਚ ਲੋੜੀਂਦੇ ਖੋਜ ਕਾਰਜ ਨਹੀਂ ਹੋ ਸਕੇ।

ਉਨ੍ਹਾਂ ਅਨੁਸਾਰ 2018-19 ਦੌਰਾਨ ਸਿਰਫ਼ ਇੱਕ ਅਤੇ 2022-23 ਦੌਰਾਨ ਅੱਠ ਬੋਰਹੋਲਜ਼ ਦੀ ਖੁਦਾਈ ਕੀਤੀ ਗਈ ਸੀ। ਮੌਜ਼ੂਦਾ ਸਰਕਾਰ ਵੱਲੋਂ ਇਸ ਕੰਮ ਨੂੰ ਸਮਾਂਬੱਧ ਢੰਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿੱਚ ਪੋਟਾਸ਼ ਅਤੇ ਭਾਰੀ ਧਾਤਾਂ ਦੀ ਜਾਂਚ ਲਈ ਵਿਸ਼ੇਸ਼ ਪ੍ਰਯੋਗਸ਼ਾਲਾ ਸਥਾਪਤ ਕੀਤੀ ਜਾ ਰਹੀ ਹੈ। ਇਸ ਲਈ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਤੋਂ ਇਲਾਵਾ ਪੱਤਰੇ ਵਾਲਾ, ਖਿੱਪਾਂਵਾਲੀ, ਖੁੜੰਜ ਅਤੇ ਬਾਦੀਆਂ ਵਿੱਚ 2027-28 ਲਈ ਵਿਚਾਰਅਧੀਨ ਪੋਟਾਸ਼ ਖੋਜ ਬਲਾਕਾਂ ਨੂੰ ਜਲਦੀ ਮਨਜ਼ੂਰੀ ਦੇਣ ਦੀ ਮੰਗ ਵੀ ਕੇਂਦਰ ਕੋਲ ਰੱਖੀ ਗਈ ਹੈ।

ਮਾਈਨਿੰਗ ਸੁਧਾਰਾਂ ’ਚ ਪੰਜਾਬ ਨੂੰ ਮਿਲੇ 200 ਕਰੋੜ ਰੁਪਏ

ਮਾਈਨਿੰਗ ਖੇਤਰ ਵਿੱਚ ਕੀਤੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਾਲ 2025 ਦੇ ਮਾਈਨਿੰਗ ਸੁਧਾਰ ਮੁਲਾਂਕਣ ਵਿੱਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ ਲਈ ਸੂਬੇ ਨੂੰ 200 ਕਰੋੜ ਰੁਪਏ ਦਾ ਉਤਸ਼ਾਹੀ ਮੱਦਦ ਵੀ ਮਿਲੀ ਹੈ।

ਇਹ ਵੀ ਪੜ੍ਹੋ : Crime News: ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਪੁਲਿਸ ਨੇ ਕੀਤਾ ਐਨਕਾਊਂਟਰ

Comments

Post Your Comment

About The Author

Related Posts