Patiala Paddy Harvesting: ਪਟਿਆਲਾ ਜ਼ਿਲ੍ਹੇ ’ਚ 2.08 ਲੱਖ ਹੈਕਟੇਅਰ ਰਕਬੇ ਦੀ ਝੋਨੇ ਦੀ ਵਾਢੀ ਮੁਕੰਮਲ
1.85 ਲੱਖ ਹੈਕਟੇਅਰ ਵਿੱਚ ਪਰਾਲੀ ਦਾ ਸੁਚੱਜਾ ਪ੍ਰਬੰਧਨ: ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ (ਸੱਚ ਕਹੂੰ ਨਿਊਜ਼/ਏਜੰਸੀ)। ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਪੱਧਰ ’ਤੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਪਰਾਲੀ ਦਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਦਾਰਾ ਸਿੰਘ ਨੇ ਪਿੰਡ ਡਕਾਲਾ ਵਿਖੇ ਕਿਸਾਨ ਹਰਮਨ ਸਿੰਘ ਤੇ ਗੁਰਦਾਸ ਸਿੰਘ ਦੇ ਖੇਤਾਂ ਦਾ ਦੌਰਾ ਕਰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ’ਚ ਕੁੱਲ ਵਾਹੀਯੋਗ ਰਕਬਾ ਲਗਭਗ 2,50,000 ਹੈਕਟੇਅਰ ਹੈ।
ਜਿਸ ਵਿੱਚੋਂ 2,31,400 ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਕੀਤੀ ਗਈ ਹੈ ਤੇ ਜਿਸ ਵਿਚੋਂ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਲਗਭਗ 2,08,000 ਹੈਕਟੇਅਰ ਰਕਬੇ ’ਚ ਝੋਨੇ ਦੀ ਵਾਢੀ ਹੋ ਚੁੱਕੀ ਹੈ ਤੇ ਇਸ ਵਿੱਚੋਂ ਤਕਰੀਬਨ 40,000 ਤੋਂ 50,000 ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਈ ਵੀ ਕੀਤੀ ਜਾ ਚੁੱਕੀ ਹੈ। ਡਾ. ਦਾਰਾ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਹੁਣ ਤੱਕ ਲਗਭਗ 85,000 ਹੈਕਟੇਅਰ ਰਕਬੇ ’ਚ ਪਰਾਲੀ ਦਾ ਪ੍ਰਬੰਧਨ ਐਕਸ-ਸੀਟੂ ਤਕਨੀਕ ਰਾਹੀਂ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਲਗਭਗ 1,00,000 ਹੈਕਟੇਅਰ ਰਕਬੇ ’ਚ ਖੇਤੀਬਾੜੀ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਮਸ਼ੀਨਾਂ ਜਿਵੇਂ ਸੁਪਰ ਸੀਡਰ, ਪਲਟਵੇਂ ਹਲ, ਮਲਚਰ ਆਦਿ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕੀਤਾ ਗਿਆ ਹੈ। ਇਸ ਤਰ੍ਹਾਂ ਜ਼ਿਲ੍ਹੇ ’ਚ ਹੁਣ ਤੱਕ ਕੁੱਲ ਲਗਭਗ 1,85,000 ਹੈਕਟੇਅਰ ਰਕਬੇ ’ਚ ਪਰਾਲੀ ਪ੍ਰਬੰਧਨ ਕੀਤਾ ਜਾ ਚੁੱਕਾ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਵਾਤਾਵਰਣ ਤੇ ਜ਼ਮੀਨ ਦੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ।
ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਦਾ ਹੈ ਤੇ ਮਿੱਟੀ ’ਚ ਮੌਜੂਦ ਲਾਭਦਾਇਕ ਤੱਤ ਤੇ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ। ਇਸ ਲਈ ਕਿਸਾਨ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਖੇਤਾਂ ’ਚ ਹੀ ਪ੍ਰਬੰਧਨ ਕਰਨ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ, ਖੇਤੀਬਾੜੀ ਉਪ-ਨਿਰੀਖਕ ਤੇ ਆਤਮਾ ਸਟਾਫ਼ ਦੀਆਂ ਟੀਮਾਂ ਲਗਾਤਾਰ ਖੇਤਾਂ ’ਚ ਜਾ ਕੇ ਕਿਸਾਨਾਂ ਨਾਲ ਸੰਪਰਕ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਦੀ ਬਿਜਾਈ ਲਈ ਤਸਦੀਕਸ਼ੁਦਾ ਬੀਜ ਵੀ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਕਿਸਾਨਾਂ ਨੂੰ ਮਿਆਰੀ ਬੀਜ ਉਪਲਬਧ ਹੋ ਸਕੇ ਤੇ ਉਹ ਸਮੇਂ ਸਿਰ ਕਣਕ ਦੀ ਬਿਜਾਈ ਕਰ ਸਕਣ। ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਆਧੁਨਿਕ ਖੇਤੀ ਤਕਨੀਕਾਂ ਅਤੇ ਮਸ਼ੀਨਰੀ ਦੀ ਵਰਤੋਂ ਕਰਕੇ ਇਸ ਦਾ ਸੁਚੱਜਾ ਪ੍ਰਬੰਧਨ ਕਰਨ ਤੇ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।
ਇਹ ਵੀ ਪੜ੍ਹੋ : Stubble Burning Punjab: ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਐੱਸਡੀਐੱਮ ਸਮਾਣਾ ਵੱਲੋਂ ਪ੍ਰੇਮਗੜ੍ਹ ਤੇ ਸ਼ਾਹਪੁਰ ਪਿੰਡਾਂ ਦਾ ਦੌਰਾ
Comments