Ludhiana News: ਲੁਧਿਆਣਾ ਪੁਲਿਸ ਨੇ ਦੀਵਾਲੀ ਮੌਕੇ ਲੋਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ
700 ਗੁੰਮ ਅਤੇ ਚੋਰੀ ਹੋਏ ਮੋਬਾਈਲ ਫੋਨ ਕੀਤੇ ਵਾਪਸ
Ludhiana News: ਲੁਧਿਆਣਾ, (ਸੱਚ ਕਹੂੰ ਨਿਊਜ਼/ਹਿੰ.ਸ.)। ਦੀਵਾਲੀ ਦੇ ਤਿਉਹਾਰ ਮੌਕੇ ਜਿੱਥੇ ਲੋਕ ਇੱਕ-ਦੂਜੇ ਨੂੰ ਤੋਹਫ਼ੇ ਦੇ ਕੇ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ, ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਲੋਕਾਂ ਨੂੰ ਇੱਕ ਖ਼ਾਸ ਤੋਹਫ਼ਾ ਦਿੱਤਾ ਗਿਆ ਹੈ। ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਲੋਕਾਂ ਦੇ ਗੁੰਮ ਅਤੇ ਚੋਰੀ ਹੋਏ 700 ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ। ਲੰਬੇ ਸਮੇਂ ਤੋਂ ਆਪਣੇ ਮੋਬਾਈਲ ਫੋਨ ਵਾਪਸ ਮਿਲਣ ਦੀ ਉਮੀਦ ਛੱਡ ਚੁੱਕੇ ਲੋਕਾਂ ਲਈ ਇਹ ਦੀਵਾਲੀ ਦਾ ਯਾਦਗਾਰੀ ਤੋਹਫ਼ਾ ਸਾਬਤ ਹੋਇਆ।
ਮੋਬਾਈਲ ਫੋਨ ਵਾਪਸ ਮਿਲਣ 'ਤੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖਣ ਨੂੰ ਮਿਲੀ। ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਉਨ੍ਹਾਂ ਦਾ ਗੁੰਮ ਹੋਇਆ ਫੋਨ ਮੁੜ ਮਿਲ ਸਕੇਗਾ, ਪਰ ਦੀਵਾਲੀ ਦੇ ਮੌਕੇ 'ਤੇ ਫੋਨ ਵਾਪਸ ਮਿਲਣ ਨਾਲ ਉਨ੍ਹਾਂ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ।
ਇਹ ਵੀ ਪੜ੍ਹੋ: Healthy Sweet Benefits: ਰਸਗੁੱਲਾ, ਗੁਲਾਬ ਜਾਮੁਨ ਜਾਂ ਕਾਜੂ ਕਟਲੀ? ਜਾਣੋ ਕਿਹੜੀ ਮਿਠਾਈ ਕਿੰਨੀ ਖਾਣੀ ਹੈ ਸੁਰੱਖਿਅਤ
ਇਸ ਸਬੰਧੀ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ ਸਿਰਫ਼ ਗੱਲਬਾਤ ਅਤੇ ਸੰਪਰਕ ਦਾ ਸਾਧਨ ਨਹੀਂ ਰਹਿ ਗਿਆ, ਸਗੋਂ ਇਸ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਅਹਿਮ ਯਾਦਾਂ ਵੀ ਸੰਭਾਲੀਆਂ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਮੋਬਾਈਲ ਫੋਨਾਂ ਵਿੱਚ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀਆਂ ਤਸਵੀਰਾਂ, ਵੀਡੀਓਜ਼, ਜ਼ਰੂਰੀ ਸੰਪਰਕ ਨੰਬਰ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਮੌਜ਼ੂਦ ਹੁੰਦੀਆਂ ਹਨ। ਜਦੋਂ ਕਿਸੇ ਵਿਅਕਤੀ ਦਾ ਮੋਬਾਈਲ ਫੋਨ ਚੋਰੀ ਹੋ ਜਾਂਦਾ ਹੈ ਜਾਂ ਗੁੰਮ ਹੋ ਜਾਂਦਾ ਹੈ ਤਾਂ ਉਸ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਆਪਣੀਆਂ ਨਿੱਜੀ ਯਾਦਾਂ ਅਤੇ ਜ਼ਰੂਰੀ ਜਾਣਕਾਰੀ ਗੁਆਉਣ ਦਾ ਵੀ ਦੁੱਖ ਹੁੰਦਾ ਹੈ।
ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਗੁੰਮ ਅਤੇ ਚੋਰੀ ਹੋਏ ਮੋਬਾਈਲ ਫੋਨਾਂ ਦੀ ਭਾਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ 700 ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪੇ ਗਏ ਹਨ।
ਮੋਬਾਈਲ ਫੋਨ ਮਿਲਣ ਤੋਂ ਬਾਅਦ ਲੋਕਾਂ ਨੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ ਅਤੇ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ। ਲੋਕਾਂ ਨੇ ਕਿਹਾ ਕਿ ਦੀਵਾਲੀ ਵਰਗੇ ਖ਼ੁਸ਼ੀ ਦੇ ਮੌਕੇ 'ਤੇ ਆਪਣਾ ਗੁੰਮ ਹੋਇਆ ਮੋਬਾਈਲ ਵਾਪਸ ਮਿਲਣਾ ਉਨ੍ਹਾਂ ਲਈ ਕਿਸੇ ਵੱਡੇ ਤੋਹਫ਼ੇ ਤੋਂ ਘੱਟ ਨਹੀਂ ਹੈ। ਪੰਜਾਬ ਪੁਲਿਸ ਦੀ ਇਸ ਪਹਿਲਕਦਮੀ ਨਾਲ ਜਿੱਥੇ 700 ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨ ਵਾਪਸ ਮਿਲੇ, ਉੱਥੇ ਹੀ ਦੀਵਾਲੀ ਦੀਆਂ ਖ਼ੁਸ਼ੀਆਂ ਵਿੱਚ ਵੀ ਵਾਧਾ ਹੋਇਆ।
Comments