Parvinder Jhota Murder: ਪਰਵਿੰਦਰ ਮਾਮਲਾ, ਖੇਤੀਬਾੜੀ ਮੰਤਰੀ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ

ਘਟਨਾ ਤੋਂ 21 ਦਿਨਾਂ ਬਾਅਦ ਪਹਿਲੀ ਵਾਰ ਸੱਤਾਧਿਰ ਦਾ ਕੋਈ ਆਗੂ ਪਰਿਵਾਰ ਨੂੰ ਮਿਲਿਆ 

Khushdeep Singh Picture
Published On

ਮਾਨਸਾ (ਸੁਖਜੀਤ ਮਾਨ)। ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਪਰਿਵਾਰਕ ਮੈਂਬਰਾਂ ਤੇ ਐਕਸ਼ਨ ਕਮੇਟੀ ਵੱਲੋਂ ਸਥਾਨਕ ਪ੍ਰਸ਼ਾਸਨ ਦੀ ਥਾਂ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਦੀ ਰੱਖੀ ਮੰਗ ਤੋਂ 24 ਘੰਟੇ ਮਗਰੋਂ ਹੀ ਅੱਜ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮਾਨਸਾ ਪੁੱਜੇ ਉਨ੍ਹਾਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ।

ਮੀਟਿੰਗ ਤੋਂ ਮਗਰੋਂ ਖੁੱਡੀਆਂ ਮੀਡੀਆ ਕੋਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਗੱਲ ਕਹਿਣ ਤੋਂ ਇਲਾਵਾ ਹੋਰ ਬਿਨਾਂ ਕੁਝ ਬੋਲੇ ਚਲੇ ਗਏ 13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ 21 ਦਿਨਾਂ ਬਾਅਦ ਅੱਜ ਪਹਿਲੀ ਵਾਰ ਸੱਤਾਧਿਰ ਦਾ ਕੋਈ ਆਗੂ ਪੀੜਤ ਪਰਿਵਾਰ ਕੋਲ ਪੁੱਜਿਆ ਹੈ ਵੇਰਵਿਆਂ ਮੁਤਾਬਿਕ ਲੰਘੇ ਦਿਨੀਂ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਸਮੇਤ ਐਕਸ਼ਨ ਕਮੇਟੀ ਦੇ ਆਗੂਆਂ ਨੇ ਏਡੀਜੀਪੀ ਗੌਤਮ ਚੀਮਾ ਤੇ ਆਈਏਐੱਸ ਕੁਲਵੰਤ ਸਿੰਘ ਸਿੱਧੂ ਨਾਲ ਮੀਟਿੰਗ ਕਰਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਅਗਲੀ ਜੋ ਵੀ ਗੱਲਬਾਤ ਹੋਵੇਗੀ।

ਉਹ ਕੈਬਨਿਟ ਮੰਤਰੀਆਂ ਦੀ ਅਗਵਾਈ ਹੇਠਲੀ ਮੀਟਿੰਗ ’ਚ ਹੀ ਹੋਵੇਗੀ ਪਰਿਵਾਰ ਤੇ ਕਮੇਟੀ ਦੀ ਇਸ ਮੰਗ ਮਗਰੋਂ ਮਹੌਲ ਦਾ ਅੰਦਾਜ਼ਾ ਲਾਉਣ ਲਈ ਅੱਜ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਪਰਵਿੰਦਰ ਸਿੰਘ ਝੋਟਾ ਦੇ ਘਰ ਪੁੱਜ ਕੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਕਰੀਬ ਇੱਕ ਘੰਟਾ ਮੁਲਾਕਾਤ ਕੀਤੀ ਮੀਟਿੰਗ ਮਗਰੋਂ ਜਦੋਂ ਖੁੱਡੀਆਂ ਘਰੋਂ ਬਾਹਰ ਨਿੱਕਲੇ ਤਾਂ ਘਰ ਦੇ ਬਾਹਰ ਮੌਜੂਦ ਵੱਡੀ ਗਿਣਤੀ ਮੀਡੀਆ ਕਰਮੀਆਂ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਿਰਫ ਐਨੀਂ ਗੱਲ ਕਹਿ ਕੇ ਚਲੇ ਗਏ ਕਿ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੇ ਦੱਸਿਆ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਪੂਰੇ ਠਰ੍ਹੰਮੇ ਤੇ ਹਲੀਮੀ ਨਾਲ ਗੱਲਬਾਤ ਕਰਦਿਆਂ ਦੁੱਖ ਸਾਂਝਾ ਕੀਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਜੋ ਵੀ ਕੋਈ ਗੱਲਬਾਤ ਪੁੱਛੀ ਉਸਦਾ ਜਵਾਬ ਉਨ੍ਹਾਂ ਨੂੰ ਦਿੱਤਾ ਗਿਆ ਮੰਤਰੀਆਂ ਦੇ ਪੈੱਨਲ ਨਾਲ ਮੀਟਿੰਗ ਸਬੰਧੀ ਕੋਈ ਗੱਲਬਾਤ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਦੁਬਾਰਾ ਗੱਲ ਕਰਾਂਗੇ ਤਾਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਮਰਜ਼ੀ ਗੱਲ ਕਰ ਲਿਓ ਤੁਹਾਡੇ ਸਿਰ ’ਤੇ ਹੈ ਭਾਵੇਂ ਕੱਲ੍ਹ ਕਰ ਲਓ ਜਾਂ ਲੰਮਾ ਸਮਾਂ ਖਿੱਚਣਾ ਹੈ ਜਾਂ ਛੇਤੀ ਨਿਬੇੜਨਾ ਹੈ।

ਜੋ ਤੁਹਾਡੇ ਨਾਲ ਹੋਈ, ਉਹ ਮੇਰੇ ਨਾਲ ਵੀ ਹੋਈ ਸੀ : ਖੇਤੀਬਾੜੀ ਮੰਤਰੀ ਖੁੱਡੀਆਂ

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੇ ਦੱਸਿਆ ਕਿ ਅੱਜ ਜਦੋਂ ਗੁਰਮੀਤ ਸਿੰਘ ਖੁੱਡੀਆਂ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਸੀ ਤਾਂ ਉਨ੍ਹਾਂ ਕਿਹਾ ਕਿ ਜੋ ਤੁਹਾਡੇ ਨਾਲ ਹੋਈ ਹੈ, ਉਹ ਮੇਰੇ ਨਾਲ ਵੀ ਹੋਈ ਸੀ ਭੀਮ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਦੇ ਪਿਤਾ ਜਥੇ. ਜਗਦੇਵ ਸਿੰਘ ਖੁੱਡੀਆਂ ਸੰਸਦ ਮੈਂਬਰ ਸਨ ਤੇ ਉਨ੍ਹਾਂ ਨਾਲ ਵੀ ਅਣਹੋਣੀ ਹੋਈ ਸੀ ਗੁਰਮੀਤ ਸਿੰਘ ਖੁੱਡੀਆਂ ਦੇ ਸਿਰ ਤੋਂ ਵੀ ਸਾਡੇ ਬੱਚਿਆਂ ਦੇ ਪਿਤਾ ਵਾਂਗ ਹੀ ਪਿਤਾ ਦਾ ਸਾਇਆ ਉੱਠ ਗਿਆ ਸੀ।

ਇਹ ਵੀ ਪੜ੍ਹੋ : Mohammad Sadiq: ਸਿਆਸੀ ਅਖਾੜਾ, ਜ਼ਿਲ੍ਹਾ ਬਰਨਾਲਾ ’ਚ ਟੁਣਕ ਸਕਦੀ ਐ ਮੁਹੰਮਦ ਸਦੀਕ ਦੀ ਤੂੰਬੀ 

Comments

Post Your Comment

About The Author

Related Posts