Gold Price Today: ਸੋਨੇ ਤੇ ਚਾਂਦੀ ’ਚ ਖਰੀਦਦਾਰੀ ਦੀ ਵਾਪਸੀ, ਕਰੀਬ 2.50 ਫੀਸਦੀ ਤੱਕ ਕੀਮਤਾਂ ’ਚ ਵਾਧਾ
ਸੋਨੇ ਤੇ ਚਾਂਦੀ ’ਚ ਖਰੀਦਦਾਰੀ ਦੀ ਵਾਪਸੀ, ਕਰੀਬ 2.50 ਫੀਸਦੀ ਤੱਕ ਕੀਮਤਾਂ ’ਚ ਵਾਧਾ
ਮੁੰਬਈ। ਹਾਲ ਹੀ ਦੇ ਸਮੇਂ ਵਿੱਚ ਲਗਾਤਾਰ ਗਿਰਾਵਟ ਤੋਂ ਬਾਅਦ, ਸੋਮਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਵੇਖਣ ਨੂੰ ਮਿਲੀ। ਕਾਰੋਬਾਰ ਦੀ ਸ਼ੁਰੂਆਤ ਵਿੱਚ, ਕੀਮਤਾਂ ਵਿੱਚ ਲਗਭਗ 2.5 ਫੀਸਦੀ ਦਾ ਵਾਧਾ ਹੋਇਆ। ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ’ਤੇ, 4 ਦਸੰਬਰ, 2026 ਲਈ ਸੋਨੇ ਦਾ ਇਕਰਾਰਨਾਮਾ ਸਵੇਰੇ 10:20 ਵਜੇ 2.48 ਫੀਸਦੀ ਦੇ ਵਾਧੇ ਨਾਲ 1,24,796 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ, ਸੋਨੇ ਦੀ ਕੀਮਤ ਘੱਟੋ-ਘੱਟ 1,23,806 ਰੁਪਏ ਪ੍ਰਤੀ 10 ਗ੍ਰਾਮ ਤੇ ਵੱਧ ਤੋਂ ਵੱਧ 1,24,821 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ।
ਚਾਂਦੀ ’ਚ ਵੀ ਵੇਖਣ ਨੂੰ ਮਿਲੀ ਤੇਜ਼ੀ
4 ਦਸੰਬਰ, 2026 ਲਈ ਚਾਂਦੀ ਦਾ ਇਕਰਾਰਨਾਮਾ 2.35 ਫੀਸਦੀ ਵਧ ਕੇ 1,51,293 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਹੁਣ ਤੱਕ ਦੇ ਕਾਰੋਬਾਰ ਵਿੱਚ, ਚਾਂਦੀ ਦੀ ਕੀਮਤ ਘੱਟੋ-ਘੱਟ 1,49,053 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਜ਼ਿਆਦਾ ਤੋਂ ਜ਼ਿਆਦਾ 1,51,669 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਅੰਤਰਰਾਸ਼ਟਰੀ ਬਾਜ਼ਾਰਾਂ ’ਚ ਵੀ ਸੋਨੇ ਤੇ ਚਾਂਦੀ ਦੀ ਖਰੀਦਦਾਰੀ ਦੇਖੀ ਗਈ।
ਕਾਮੇਕਸ ’ਤੇ, ਸੋਨਾ 2.64 ਫੀਸਦੀ ਵਧ ਕੇ 3,608 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ, ਜਦੋਂ ਕਿ ਚਾਂਦੀ 2.43 ਫੀਸਦੀ ਵਧ ਕੇ 42.06 ਡਾਲਰ ਪ੍ਰਤੀ ਔਂਸ ਹੋ ਗਈ। ਮਾਹਰਾਂ ਅਨੁਸਾਰ, ਕੀਮਤੀ ਧਾਤਾਂ ’ਚ ਹਾਲ ਹੀ ਦੀ ਕਮਜ਼ੋਰੀ ਦੀ ਭਰਪਾਈ ਡਾਲਰ ਸੂਚਕਾਂਕ ’ਚ ਗਿਰਾਵਟ ਤੇ ਘੱਟ ਕੀਮਤਾਂ ’ਤੇ ਨਵੀਂ ਖਰੀਦਦਾਰੀ ਕਾਰਨ ਹੋਈ ਹੈ। ਸੋਮਵਾਰ ਨੂੰ ਡਾਲਰ ਸੂਚਕਾਂਕ 103.71 ’ਤੇ ਆ ਗਿਆ, ਜਦੋਂ ਕਿ ਇਸ ਤੋਂ ਪਹਿਲਾਂ ਇਹ 103.84 ’ਤੇ ਸੀ। ਡਾਲਰ ਸੂਚਕਾਂਕ ਛੇ ਮੁੱਖ ਵਿਸ਼ਵ ਮੁਦਰਾਵਾਂ, ਯੂਰੋ, ਜਾਪਾਨੀ ਯੇਨ, ਪੌਂਡ ਸਟਰਲਿੰਗ, ਕੈਨੇਡੀਅਨ ਡਾਲਰ, ਸਵੀਡਿਸ਼ ਕਰੋਨਾ ਤੇ ਸਵਿਸ ਫ੍ਰੈਂਕ ਮੁਕਾਬਲੇ ਅਮਰੀਕੀ ਡਾਲਰ ਦੇ ਮੁੱਲ ਨੂੰ ਮਾਪਦਾ ਹੈ।
ਇਸ ਦੌਰਾਨ, ਹਾਲ ਹੀ ’ਚ ਆਈ ਗਿਰਾਵਟ ਤੋਂ ਬਾਅਦ, ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਲਗਭਗ 15 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈਆਂ ਸਨ। ਪਿਛਲੇ ਇੱਕ ਮਹੀਨੇ ਦੌਰਾਨ ਸੋਨੇ ਦੀ ਕੀਮਤ ’ਚ ਲਗਭਗ 10 ਫੀਸਦੀ ਦੀ ਗਿਰਾਵਟ ਆਈ ਹੈ, ਤੇ ਪਿਛਲੇ ਛੇ ਮਹੀਨਿਆਂ ’ਚ ਇਸ ’ਚ ਲਗਭਗ 21 ਫੀਸਦੀ ਦੀ ਕਮੀ ਆਈ ਹੈ। ਇਸੇ ਤਰ੍ਹਾਂ, ਚਾਂਦੀ ਦੀ ਕੀਮਤ ’ਚ ਪਿਛਲੇ ਇੱਕ ਮਹੀਨੇ ਦੌਰਾਨ ਲਗਭਗ 22 ਫੀਸਦੀ ਤੇ ਪਿਛਲੇ ਛੇ ਮਹੀਨਿਆਂ ’ਚ ਲਗਭਗ 44 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : Road Accident: ਸਮਾਣਾ-ਪਾਤੜਾਂ ਰੋਡ ’ਤੇ ਭਿਆਨਕ ਸੜਕ ਹਾਦਸਾ, ਮਹਿਲਾ ਦੀ ਮੌਤ, 8 ਗੰਭੀਰ ਜ਼ਖਮੀ
Comments