Punjab ED Investigation: ਰਿਸ਼ਵਤ ਕਾਂਡ ਦੀਆਂ ਤਾਰਾਂ ਪੰਜਾਬ ਦੀ ਅਫ਼ਸਰਸ਼ਾਹੀ ਤੱਕ! ਈਡੀ ਨੇ 8 ਅਧਿਕਾਰੀਆਂ ਨੂੰ ਭੇਜਿਆ ਸੰਮਨ

ਆਈਏਐੱਸ, ਆਈਪੀਐੱਸ ਤੇ ਪੀਸੀਐੱਸ ਅਧਿਕਾਰੀਆਂ ਨੂੰ ਪੇਸ਼ ਹੋਣ ਦੇ ਆਦੇਸ਼ 

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਰਿਸ਼ਵਤ ਕਾਂਡ ਨੇ ਹੁਣ ਪੰਜਾਬ ਦੀ ਅਫ਼ਸਰਸ਼ਾਹੀ ’ਚ ਵੀ ਹਲਚਲ ਮਚਾ ਦਿੱਤੀ ਹੈ। ਮਨੀ ਲਾਂਡਰਿੰਗ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦਿਆਂ ਪੰਜਾਬ ਦੇ ਸੀਨੀਅਰ ਪ੍ਰਸ਼ਾਸਕੀ ਤੇ ਪੁਲਿਸ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਦੇ ਹੋਏ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਲੱਗਭੱਗ ਅੱਧੀ ਦਰਜਨ ਮੌਜ਼ੂਦਾ ਅਧਿਕਾਰੀਆਂ ਤੋਂ ਇਲਾਵਾ ਦੋ ਸੇਵਾਮੁਕਤ ਅਧਿਕਾਰੀਆਂ ਨੂੰ ਵੀ ਚੰਡੀਗੜ੍ਹ ਸਥਿਤ ਈਡੀ ਦਫ਼ਤਰ ’ਚ ਪੁੱਛ-ਪੜਤਾਲ ਲਈ ਬੁਲਾਇਆ ਗਿਆ ਹੈ।

ਇਸ ਕਾਰਵਾਈ ’ਚ ਸਭ ਤੋਂ ਅਹਿਮ ਨਾਂਅ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਬੰਧਕੀ ਸਕੱਤਰ ਕੁਮਾਰ ਰਾਹੁਲ ਦਾ ਹੈ। 2000 ਬੈਚ ਦੇ ਆਈਏਐੱਸ ਅਧਿਕਾਰੀ ਨੂੰ 23 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਆਈਏਐੱਸ ਨੀਰੂ ਕਟਿਆਲ ਗੁਪਤਾ, ਆਈਪੀਐੱਸ ਸਵਪਨ ਸ਼ਰਮਾ, ਫਾਜ਼ਿਲਕਾ ਦੇ ਐੱਸਐੱਸਪੀ ਗਗਨ ਅਜੀਤ ਸਿੰਘ ਤੇ ਪੀਸੀਐੱਸ ਅਧਿਕਾਰੀ ਆਨੰਦ ਸਾਗਰ ਸ਼ਰਮਾ ਨੂੰ ਵੀ ਵੱਖ-ਵੱਖ ਤਰੀਕਾਂ ’ਤੇ ਤਲਬ ਕੀਤਾ ਗਿਆ ਹੈ।

ਈਡੀ ਦੀ ਇਸ ਕਾਰਵਾਈ ਦਾ ਕੇਂਦਰ ਹਰਚਰਨ ਸਿੰਘ ਭੁੱਲਰ ਦਾ ਕਥਿਤ ਵਿਚੋਲਾ ਕ੍ਰਿਸ਼ਨੂ ਸ਼ਾਰਦਾ ਬਣਿਆ ਹੋਇਆ ਹੈ। ਜਾਂਚ ਏਜੰਸੀ ਇਹ ਪਤਾ ਲਗਾਉਣ ’ਚ ਜੁਟੀ ਹੋਈ ਹੈ ਕਿ ਸ਼ਾਰਦਾ ਦੇ ਸਰਕਾਰੀ ਤੰਤਰ ’ਚ ਕਿੰਨੇ ਡੂੰਘੇ ਸੰਪਰਕ ਸਨ ਤੇ ਕੀ ਇਨ੍ਹਾਂ ਸੰਪਰਕਾਂ ਰਾਹੀਂ ਤਬਾਦਲਿਆਂ, ਤਾਇਨਾਤੀਆਂ, ਸਰਕਾਰੀ ਫਾਈਲਾਂ ਜਾਂ ਹੋਰ ਪ੍ਰਸ਼ਾਸਕੀ ਕੰਮਾਂ ਲਈ ਪੈਸਿਆਂ ਦਾ ਲੈਣ-ਦੇਣ ਕੀਤਾ ਜਾਂਦਾ ਸੀ। ਸ਼ਾਰਦਾ ਦੇ ਮੋਬਾਇਲ ਫੋਨ ਤੇ ਡਿਜੀਟਲ ਗੱਲਬਾਤਾਂ ਤੋਂ ਮਿਲੇ ਸੁਰਾਗ ਵੀ ਜਾਂਚ ਦਾ ਅਹਿਮ ਹਿੱਸਾ ਹਨ।

ਈਡੀ ਨੇ ਸਿਰਫ਼ ਮੌਜੂਦਾ ਅਧਿਕਾਰੀਆਂ ਤੱਕ ਹੀ ਕਾਰਵਾਈ ਸੀਮਤ ਨਹੀਂ ਰੱਖੀ, ਸਗੋਂ ਦੋ ਸੇਵਾਮੁਕਤ ਡਿਵੀਜ਼ਨਲ ਕਮਿਸ਼ਨਰਾਂ ਨੂੰ ਵੀ ਸੰਮਨ ਭੇਜੇ ਹਨ। ਇਨ੍ਹਾਂ ’ਚ ਗੁਰਪ੍ਰੀਤ ਸਪਰਾ ਤੇ ਅਰੁਣ ਸੇਖੜੀ ਸ਼ਾਮਲ ਹਨ। ਦੋਵਾਂ ਨੂੰ ਕ੍ਰਮਵਾਰ 25 ਤੇ 26 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਜਾਂਚ ਏਜੰਸੀ ਇਨ੍ਹਾਂ ਅਧਿਕਾਰੀਆਂ ਤੋਂ ਵੀ ਸ਼ਾਰਦਾ ਨਾਲ ਸੰਪਰਕਾਂ ਤੇ ਜਾਂਚ ਅਧੀਨ ਮਾਮਲੇ ਨਾਲ ਸਬੰਧਿਤ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ।

ਪੰਜ ਲੱਖ ਦੀ ਕਥਿਤ ਰਿਸ਼ਵਤ ਤੋਂ ਖੁੱਲ੍ਹੀਆਂ ਜਾਂਚ ਦੀਆਂ ਕਈ ਕੜੀਆਂ

ਇਹ ਮਾਮਲਾ ਅਕਤੂਬਰ 2025 ’ਚ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਸੀਬੀਆਈ ਨੇ ਇੱਕ ਕਾਰੋਬਾਰੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਤਤਕਾਲੀ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਸ ਦੇ ਕਥਿਤ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਸੀ ਕਿ ਇੱਕ ਪੁਲਿਸ ਕੇਸ ’ਚ ਰਾਹਤ ਦਿਵਾਉਣ ਬਦਲੇ ਰਿਸ਼ਵਤ ਮੰਗੀ ਗਈ ਸੀ। ਸੀਬੀਆਈ ਨੇ ਕਥਿਤ ਤੌਰ ’ਤੇ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਸ਼ਾਰਦਾ ਨੂੰ ਕਾਬੂ ਕੀਤਾ ਸੀ।

ਇਸ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਜਾਂਚ ਸ਼ੁਰੂ ਕੀਤੀ। ਏਜੰਸੀ ਹੁਣ ਕਥਿਤ ਰਿਸ਼ਵਤ ਦੀ ਰਕਮ ਤੋਂ ਅੱਗੇ ਵਧ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਪੂਰੇ ਨੈੱਟਵਰਕ ’ਚ ਹੋਰ ਕਿਹੜੇ ਲੋਕ ਸ਼ਾਮਲ ਸਨ, ਪੈਸਿਆਂ ਦਾ ਲੈਣ-ਦੇਣ ਕਿਵੇਂ ਹੁੰਦਾ ਸੀ ਤੇ ਸਰਕਾਰੀ ਅਹੁਦਿਆਂ ਜਾਂ ਅਧਿਕਾਰਾਂ ਦੀ ਕਥਿਤ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ : Wellington Test: ਵੈਲਿੰਗਟਨ ਟੈਸਟ ਡਰਾਅ, ਮਿਚੇਲ ਤੇ ਫਿਲਿਪਸ ਦੀ ਸਾਂਝੇਦਾਰੀ ਬਣੀ ਭਾਰਤ ਲਈ ਮੁਸੀਬਤ

Comments

Post Your Comment

About The Author

Related Posts