KGMU Lucknow Ragging Case: ਰੈਗਿੰਗ ਦੇ ਨਾਂਅ ’ਤੇ ਮਨਮਰਜ਼ੀ, ਆਖ਼ਰ ਕਦੋਂ ਜਾਗਣਗੇ ਵਿੱਦਿਅਕ ਅਦਾਰੇ?

ਰੈਗਿੰਗ ਦੇ ਨਾਂਅ ’ਤੇ ਮਨਮਰਜ਼ੀ, ਆਖ਼ਰ ਕਦੋਂ ਜਾਗਣਗੇ ਵਿੱਦਿਅਕ ਅਦਾਰੇ?

Khushdeep Singh Picture
Published On

ਲਖਨਊ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਵਿੱਚ ਨਵੇਂ ਵਿਦਿਆਰਥੀਆਂ ਨਾਲ ਕਥਿਤ ਰੈਗਿੰਗ ਦਾ ਮਾਮਲਾ ਇੱਕ ਵਾਰ ਫਿਰ ਉੱਚ ਵਿੱਦਿਅਕ ਸੰਸਥਾਵਾਂ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਾ ਹੈ। ਸਾਹਮਣੇ ਆਈ ਇੱਕ ਵੀਡੀਓ ਵਿੱਚ ਮੈਡੀਕਲ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦੇ ਵਿਦਿਆਰਥੀ ਚਿੱਟੇ ਐਪਰਨ ਪਹਿਨੀ, ਹੱਥ ਪਿੱਛੇ ਬੰਨ੍ਹ ਕੇ ਅਤੇ ਸਿਰ ਝੁਕਾ ਕੇ ਕਤਾਰ ਵਿੱਚ ਤੁਰਦੇ ਦਿਖਾਈ ਦਿੱਤੇ।

ਦੋਸ਼ ਹੈ ਕਿ ਸੀਨੀਅਰ ਵਿਦਿਆਰਥੀਆਂ ਦੇ ਸਾਹਮਣਿਓਂ ਲੰਘਣ ਸਮੇਂ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਸਲਾਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਰਾਸ਼ਟਰੀ ਮੈਡੀਕਲ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ। ਕੈਂਪਸ ਵਿੱਚ ਸੁਰੱਖਿਆ ਕਰਮਚਾਰੀਆਂ ਅਤੇ ਨਿਗਰਾਨੀ ਕੈਮਰਿਆਂ ਦੀ ਮੌਜੂਦਗੀ ਦੇ ਬਾਵਜੂਦ ਅਜਿਹੀ ਘਟਨਾ ਸਾਹਮਣੇ ਆਉਣਾ ਸੁਰੱਖਿਆ ਪ੍ਰਬੰਧਾਂ ਦੀ ਪ੍ਰਭਾਵਸ਼ੀਲਤਾ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ।  ਰੈਗਿੰਗ ਨੂੰ ਅਕਸਰ ਨਵੇਂ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਉਣ ਅਤੇ ਉਨ੍ਹਾਂ ਨੂੰ ਸੰਸਥਾ ਦੇ ਮਾਹੌਲ ਨਾਲ ਜੋੜਨ ਦੀ ਪਰੰਪਰਾ ਦੱਸ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਾਣ-ਪਛਾਣ ਅਤੇ ਤੰਗ-ਪ੍ਰੇਸ਼ਾਨ ਕਰਨ ਵਿਚ ਸਪੱਸ਼ਟ ਅੰਤਰ ਹੈ।

ਕਿਸੇ ਵਿਦਿਆਰਥੀ ਨੂੰ ਬੇਇੱਜ਼ਤ ਕਰਨਾ, ਡਰਾਉਣਾ, ਉਸ ਦੀ ਇੱਛਾ ਦੇ ਵਿਰੁੱਧ ਕੰਮ ਕਰਵਾਉਣਾ, ਕੁੱਟਮਾਰ ਕਰਨਾ ਜਾਂ ਮਾਨਸਿਕ ਦਬਾਅ ਪਾਉਣਾ ਕਿਸੇ ਵੀ ਹਾਲਤ ਵਿੱਚ ਸਵੀਕਾਰਯੋਗ ਨਹੀਂ ਹੋ ਸਕਦਾ। ਸੀਨੀਅਰ ਵਿਦਿਆਰਥੀਆਂ ਲਈ ਇਹ ਕੁਝ ਸਮੇਂ ਦਾ ਮਜ਼ਾਕ ਹੋ ਸਕਦਾ ਹੈ, ਪਰ ਪੀੜਤ ਵਿਦਿਆਰਥੀ ਦੇ ਮਨ ’ਤੇ ਇਸ ਦਾ ਅਸਰ ਲੰਮੇ ਸਮੇਂ ਤੱਕ ਰਹਿ ਸਕਦਾ ਹੈ। ਕਈ ਵਾਰ ਅਜਿਹੀਆਂ ਘਟਨਾਵਾਂ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਪੜ੍ਹਾਈ ਅਤੇ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਇਲਾਵਾ ਜਾਲੌਨ ਅਤੇ ਝਾਂਸੀ ਅਤੇ ਰਾਜਸਥਾਨ ਦੇ ਕੋਟਾ ਤੇ ਬਾੜਮੇਰ ਦੇ ਮੈਡੀਕਲ ਕਾਲਜਾਂ ਤੋਂ ਵੀ ਰੈਗਿੰਗ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹੀਆਂ ਹਨ।

ਕੋਟਾ ਵਿੱਚ 38 ਦਿਨਾਂ ਦੇ ਅੰਦਰ ਤੀਜੀ ਸ਼ਿਕਾਇਤ ਸਾਹਮਣੇ ਆਉਣ ਨਾਲ ਸੰਸਥਾ ਦੀ ਨਿਗਰਾਨੀ ਪ੍ਰਣਾਲੀ ’ਤੇ ਗੰਭੀਰ ਸਵਾਲ ਉੱਠੇ। ਸ਼ਿਕਾਇਤਾਂ ਵਿੱਚ ਨਵੇਂ ਵਿਦਿਆਰਥੀਆਂ ਨੂੰ ਝੁਕ ਕੇ ਤੁਰਨ, ਹੱਥ ਪਿੱਛੇ ਬੰਨ੍ਹਣ, ਸੀਨੀਅਰਾਂ ਨੂੰ ਸਲਾਮ ਕਰਨ ਅਤੇ ਪਹਿਰਾਵੇ ਤੇ ਵਾਲਾਂ ਨੂੰ ਲੈ ਕੇ ਮਨਮਰਜ਼ੀ ਦੇ ਨਿਰਦੇਸ਼ ਦੇਣ ਦੇ ਦੋਸ਼ ਲਾਏ ਗਏ। ਵਿਦਿਆਰਥੀਆਂ ਨੇ 17 ਨਵੰਬਰ ਨੂੰ ਮੈਸੇਜ਼ਸ ਦੇ ਸਬੂਤਾਂ ਸਮੇਤ ਰਾਸ਼ਟਰੀ ਮੈਡੀਕਲ ਕਮਿਸ਼ਨ ਕੋਲ ਸ਼ਿਕਾਇਤ ਕੀਤੀ। ਕਮਿਸ਼ਨ ਨੇ ਕਾਲਜ ਦੀ ਰੈਗਿੰਗ ਵਿਰੋਧੀ ਕਮੇਟੀ ਤੋਂ 24 ਘੰਟਿਆਂ ਅੰਦਰ ਰਿਪੋਰਟ ਮੰਗੀ। ਰਾਜਸਥਾਨ ਦੇ ਸਿਹਤ ਮੰਤਰੀ ਗਜੇਂਦਰ ਸਿੰਘ ਖੀਂਵਸਰ ਨੇ ਵੀ ਸਮੀਖਿਆ ਬੈਠਕ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।

ਦੇਸ਼ ਵਿੱਚ ਰੈਗਿੰਗ ਰੋਕਣ ਲਈ ਕਾਨੂੰਨੀ ਪ੍ਰਬੰਧ ਪਹਿਲਾਂ ਤੋਂ ਮੌਜੂਦ ਹਨ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਰੈਗਿੰਗ ਰੋਕਣ ਸਬੰਧੀ ਨਿਯਮ ਬਣਾਏ ਹਨ। ਇਨ੍ਹਾਂ ਤਹਿਤ ਦੋਸ਼ੀ ਪਾਏ ਜਾਣ ’ਤੇ ਵਿਦਿਆਰਥੀ ਨੂੰ ਮੁਅੱਤਲ ਕਰਨ, ਸੰਸਥਾ ਵਿੱਚੋਂ ਕੱਢਣ, ਜ਼ੁਰਮਾਨਾ ਲਾਉਣ ਅਤੇ ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਵਰਗੀ ਕਾਰਵਾਈ ਕੀਤੀ ਜਾ ਸਕਦੀ ਹੈ। ਰਾਸ਼ਟਰੀ ਰੈਗਿੰਗ ਵਿਰੋਧੀ ਸਹਾਇਤਾ ਕੇਂਦਰ ਦੇ ਟੈਲੀਫੋਨ ਨੰਬਰ 1800-180-5522 ’ਤੇ ਚੌਵੀ ਘੰਟੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਵਿਦਿਆਰਥੀ ਅਤੇ ਮਾਪੇ ਇਸ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਵੀ ਸ਼ਿਕਾਇਤ ਭੇਜ ਸਕਦੇ ਹਨ।

ਇਸ ਦੇ ਬਾਵਜ਼ੂਦ ਰੈਗਿੰਗ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਰਾਸ਼ਟਰੀ ਮੈਡੀਕਲ ਕਮਿਸ਼ਨ ਨੇ ਹਾਲ ਹੀ ਵਿੱਚ 16 ਮੈਡੀਕਲ ਕਾਲਜਾਂ ਨੂੰ ਸ਼ਿਕਾਇਤਾਂ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤੇ। ਇਨ੍ਹਾਂ ਵਿੱਚ ਰਾਜਸਥਾਨ ਦੇ 14 ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜ ਸ਼ਾਮਲ ਦੱਸੇ ਗਏ ਹਨ। ਸੰਸਦ ਵਿੱਚ ਪੇਸ਼ ਕੀਤੀ ਗਈ ਸਰਕਾਰੀ ਜਾਣਕਾਰੀ ਵਿੱਚ ਵੀ ਰੈਗਿੰਗ ਦੀਆਂ ਸ਼ਿਕਾਇਤਾਂ ਵਧਣ ਦੀ ਗੱਲ ਸਾਹਮਣੇ ਆਈ ਹੈ। ਅਜਿਹੇ ਅੰਕੜੇ ਦੱਸਦੇ ਹਨ ਕਿ ਇਹ ਸਮੱਸਿਆ ਕਿਸੇ ਇੱਕ ਸੰਸਥਾ ਜਾਂ ਸੂਬੇ ਤੱਕ ਸੀਮਤ ਨਹੀਂ ਹੈ।

ਹਾਲਾਂਕਿ, ਵੱਖ-ਵੱਖ ਸਾਲਾਂ ਅਤੇ ਸਰਕਾਰੀ ਰਿਕਾਰਡਾਂ ਵਿੱਚ ਦਰਜ ਸ਼ਿਕਾਇਤਾਂ ਦੀ ਗਿਣਤੀ ਦੀ ਤੁਲਨਾ ਇੱਕੋ ਆਧਾਰ ’ਤੇ ਕਰਨਾ ਉਚਿਤ ਨਹੀਂ ਹੋਵੇਗਾ। ਇਸ ਸਮੱਸਿਆ ਦਾ ਇੱਕ ਵੱਡਾ ਕਾਰਨ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਵਿੱਚ ਹੋਣ ਵਾਲੀ ਢਿੱਲ ਹੈ। ਕਈ ਵਿਦਿਆਰਥੀ ਸੀਨੀਅਰਾਂ ਦੇ ਡਰ ਕਾਰਨ ਆਪਣੀ ਪਰੇਸ਼ਾਨੀ ਸਾਹਮਣੇ ਨਹੀਂ ਰੱਖ ਸਕਦੇ। ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਸ਼ਿਕਾਇਤ ਕਰਨ ’ਤੇ ਉਨ੍ਹਾਂ ਨੂੰ ਸਾਥੀਆਂ ਤੋਂ ਵੱਖ ਕਰ ਦਿੱਤਾ ਜਾਵੇਗਾ ਜਾਂ ਅੱਗੇ ਵੀ ਤੰਗ-ਪ੍ਰੇਸ਼ਾਨ ਕੀਤਾ ਜਾਵੇਗਾ। ਹੋਸਟਲ ਅਤੇ ਕਾਲਜ ਕੈਂਪਸ ਵਿੱਚ ਸੀਨੀਅਰ ਵਿਦਿਆਰਥੀਆਂ ਦੇ ਨਾਲ ਲਗਾਤਾਰ ਰਹਿਣਾ ਵੀ ਉਨ੍ਹਾਂ ਲਈ ਚਿੰਤਾ ਦਾ ਕਾਰਨ ਬਣਦਾ ਹੈ।

ਕਈ ਵਾਰ ਸੰਸਥਾਵਾਂ ਆਪਣੀ ਸਾਖ ਬਚਾਉਣ ਲਈ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਅਜਿਹੇ ਰੁਝਾਨ ਨਾਲ ਪੀੜਤ ਵਿਦਿਆਰਥੀਆਂ ਦਾ ਭਰੋਸਾ ਕਮਜ਼ੋਰ ਹੁੰਦਾ ਹੈ ਅਤੇ ਦੋਸ਼ੀਆਂ ਦੇ ਹੌਂਸਲੇ ਵਧਦੇ ਹਨ।  ਰੈਗਿੰਗ ਰੋਕਣ ਲਈ ਸਿਰਫ਼ ਨਿਯਮ ਬਣਾਉਣਾ ਕਾਫ਼ੀ ਨਹੀਂ ਹੈ। ਹਰ ਕਾਲਜ ਵਿੱਚ ਸਰਗਰਮ ਰੈਗਿੰਗ ਵਿਰੋਧੀ ਕਮੇਟੀ ਹੋਣੀ ਚਾਹੀਦੀ ਹੈ, ਜਿਸ ਦੀ ਨਿਗਰਾਨੀ ਸੁਤੰਤਰ ਤੇ ਨਿਯਮਤ ਢੰਗ ਨਾਲ ਕੀਤੀ ਜਾਵੇ। ਸ਼ਿਕਾਇਤਕਰਤਾ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇ ਅਤੇ ਹਰ ਸ਼ਿਕਾਇਤ ਦੀ ਨਿਰਧਾਰਤ ਸਮੇਂ ਅੰਦਰ ਨਿਰਪੱਖ ਜਾਂਚ ਹੋਵੇ।

ਜਾਂਚ ਅਤੇ ਕਾਰਵਾਈ ਦੀ ਜਾਣਕਾਰੀ ਵੀ ਪਾਰਦਰਸ਼ੀ ਢੰਗ ਨਾਲ ਉਪਲੱਬਧ ਕਰਵਾਈ ਜਾਣੀ ਚਾਹੀਦੀ ਹੈ। ਨਵੇਂ ਵਿਦਿਆਰਥੀਆਂ ਨਾਲ ਨਿਯਮਿਤ ਸਲਾਹ-ਮਸ਼ਵਰੇ ਦੀਆਂ ਬੈਠਕਾਂ ਹੋਣ ਅਤੇ ਸੀਨੀਅਰ ਵਿਦਿਆਰਥੀਆਂ ਨੂੰ ਸਤਿਕਾਰਪੂਰਨ ਵਿਹਾਰ ਪ੍ਰਤੀ ਜਾਗਰੂਕ ਕੀਤਾ ਜਾਵੇ। ਵਿੱਦਿਅਕ ਸੰਸਥਾਵਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਗਿਆਨ, ਅਨੁਸ਼ਾਸਨ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਹੈ।

ਅਜਿਹੇ ਸਥਾਨਾਂ ’ਤੇ ਡਰ, ਬੇਇੱਜ਼ਤੀ ਤੇ ਦਬਾਅ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸੀਨੀਅਰ ਹੋਣ ਦਾ ਅਰਥ ਆਪਣਾ ਅਧਿਕਾਰ ਜਮਾਉਣਾ ਨਹੀਂ, ਸਗੋਂ ਨਵੇਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨਾ ਹੈ। ਜਦੋਂ ਤੱਕ ਕਾਲਜ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤੈਅ ਨਹੀਂ ਕਰੇਗਾ ਤੇ ਦੋਸ਼ੀਆਂ ਵਿਰੁੱਧ ਨਿਰਪੱਖ ਕਾਰਵਾਈ ਨਹੀਂ ਹੋਵੇਗੀ, ਉਦੋਂ ਤੱਕ ਰੈਗਿੰਗ ’ਤੇ ਪ੍ਰਭਾਵਸ਼ਾਲੀ ਰੋਕ ਲਾਉਣਾ ਮੁਸ਼ਕਲ ਰਹੇਗਾ। ਨਵੇਂ ਵਿਦਿਆਰਥੀਆਂ ਦਾ ਸਵਾਗਤ ਸਤਿਕਾਰ ਨਾਲ ਹੋਣਾ ਚਾਹੀਦਾ ਹੈ, ਬੇਇੱਜ਼ਤੀ ਅਤੇ ਤੰਗੀ-ਪ੍ਰੇਸ਼ਾਨੀ ਨਾਲ ਨਹੀਂ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਅਰੁਣ ਭਾਸਕਰ ਦੇਵਰਸ

ਇਹ ਵੀ ਪੜ੍ਹੋ : Punjab ED Investigation: ਰਿਸ਼ਵਤ ਕਾਂਡ ਦੀਆਂ ਤਾਰਾਂ ਪੰਜਾਬ ਦੀ ਅਫ਼ਸਰਸ਼ਾਹੀ ਤੱਕ! ਈਡੀ ਨੇ 8 ਅਧਿਕਾਰੀਆਂ ਨੂੰ ਭੇਜਿਆ ਸੰਮਨ

Comments

Post Your Comment

About The Author

Related Posts