Punjab
Russia-Ukraine War: ਯੂਕਰੇਨ ਜੰਗ, ਭਾਰਤ ਦੀ ਸ਼ਾਂਤੀ ਪਹਿਲ ਅਤੇ ਕੂਟਨੀਤਕ ਚੁਣੌਤੀ
ਯੂਕਰੇਨ ਜੰਗ: ਭਾਰਤ ਦੀ ਸ਼ਾਂਤੀ ਪਹਿਲ ਅਤੇ ਕੂਟਨੀਤਕ ਚੁਣੌਤੀ
ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਨੇ ਦੁਨੀਆ ਦੀ ਸ਼ਾਂਤੀ, ਸੁਰੱਖਿਆ ਅਤੇ ਆਰਥਿਕ ਵਿਵਸਥਾ ਸਾਹਮਣੇ ਗੰਭੀਰ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਰੂਸ ਨੇ ਫਰਵਰੀ 2022 ਵਿੱਚ ਇਸ ਨੂੰ ਵਿਸ਼ੇਸ਼ ਫੌਜੀ ਕਾਰਵਾਈ ਦੱਸਦਿਆਂ ਯੂਕਰੇਨ ’ਤੇ ਹਮਲਾ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿੱਚ ਇਸ ਨੂੰ ਸੀਮਤ ਸਮੇਂ ਲਈ ਚੱਲਣ ਵਾਲੀ ਫੌਜੀ ਕਾਰਵਾਈ ਮੰਨਿਆ ਜਾ ਰਿਹਾ ਸੀ, ਪਰ ਇਹ ਸੰਘਰਸ਼ ਲੰਮਾ ਖਿੱਚਦਾ ਚਲਾ ਗਿਆ।
ਹੁਣ ਤੱਕ ਜੰਗ ਖ਼ਤਮ ਕਰਵਾਉਣ ਲਈ ਕੀਤੇ ਗਏ ਕੌਮਾਂਤਰੀ ਯਤਨਾਂ ਨੂੰ ਕੋਈ ਫੈਸਲਾਕੁਨ ਸਫ਼ਲਤਾ ਨਹੀਂ ਮਿਲ ਸਕੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਆਪਣੀ ਚੋਣ ਮੁਹਿੰਮ ਦੌਰਾਨ ਇਸ ਜੰਗ ਨੂੰ ਖ਼ਤਮ ਕਰਵਾਉਣ ਦਾ ਵਾਅਦਾ ਕੀਤਾ ਸੀ। ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕਈ ਯਤਨ ਕੀਤੇ, ਪਰ ਅਜੇ ਤੱਕ ਕੋਈ ਸਥਾਈ ਹੱਲ ਸਾਹਮਣੇ ਨਹੀਂ ਆ ਸਕਿਆ। ਸੰਯੁਕਤ ਰਾਸ਼ਟਰ ਵਰਗੀ ਆਲਮੀ ਸੰਸਥਾ ਵੀ ਇਸ ਸੰਕਟ ਨੂੰ ਖ਼ਤਮ ਕਰਵਾਉਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਹੀਂ ਨਿਭਾਅ ਸਕੀ। ਅਜਿਹੇ ਮੁਸ਼ਕਲ ਸਮੇਂ ਵਿੱਚ ਭਾਰਤ ਦੀ ਸ਼ਾਂਤੀ ਪਹਿਲ ਬੇਹੱਦ ਮਹੱਤਵਪੂਰਨ ਹੋ ਜਾਂਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨਾਲ ਗੱਲਬਾਤ ਕਰਕੇ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ। ਭਾਰਤ ਲੰਮੇ ਸਮੇਂ ਤੋਂ ਇਹ ਕਹਿੰਦਾ ਆ ਰਿਹਾ ਹੈ ਕਿ ਮੌਜੂਦਾ ਦੌਰ ਜੰਗ ਦਾ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਵਿਵਾਦ ਸੁਲਝਾਉਣ ਦਾ ਹੋਣਾ ਚਾਹੀਦਾ ਹੈ। ਇਸੇ ਲੜੀ ਤਹਿਤ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਵੀ ਗੱਲਬਾਤ ਕੀਤੀ। ਇਨ੍ਹਾਂ ਯਤਨਾਂ ਤੋਂ ਸਪੱਸ਼ਟ ਹੈ ਕਿ ਭਾਰਤ ਦੋਵਾਂ ਦੇਸ਼ਾਂ ਨਾਲ ਆਪਣੇ ਸਬੰਧਾਂ ਦੀ ਵਰਤੋਂ ਕਰਕੇ ਸ਼ਾਂਤੀ ਦੀਆਂ ਸੰਭਾਵਨਾਵਾਂ ਤਲਾਸ਼ਣਾ ਚਾਹੁੰਦਾ ਹੈ।
ਭਾਰਤ ਦੀ ਇਸ ਪਹਿਲ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਨਾਲ ਸੰਵਾਦ ਅਤੇ ਨਿੱਜੀ ਸਬੰਧਾਂ ਨਾਲ ਵੀ ਮਜ਼ਬੂਤੀ ਮਿਲਦੀ ਹੈ। ਰੂਸ ਨਾਲ ਭਾਰਤ ਦੇ ਪੁਰਾਣੇ ਅਤੇ ਮਜ਼ਬੂਤ ਸਬੰਧ ਹਨ। ਦੂਜੇ ਪਾਸੇ, ਯੂਕਰੇਨ ਵੀ ਭਾਰਤ ਨੂੰ ਇੱਕ ਸੰਭਾਵੀ ਸ਼ਾਂਤੀਦੂਤ ਵਜੋਂ ਦੇਖਦਾ ਹੈ। ਜੈਲੇਂਸਕੀ ਕਈ ਮੌਕਿਆਂ ’ਤੇ ਭਾਰਤ ਦੀ ਗੱਲਬਾਤ ’ਤੇ ਅਧਾਰਿਤ ਨੀਤੀ ਦੀ ਸ਼ਲਾਘਾ ਕਰ ਚੁੱਕੇ ਹਨ। ਇਹ ਸਥਿਤੀ ਭਾਰਤ ਨੂੰ ਦੋਵਾਂ ਧਿਰਾਂ ਵਿਚਾਲੇ ਭਰੋਸਾ ਕਾਇਮ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਹਾਲ ਹੀ ਵਿੱਚ ਹੋਈ ਗੱਲਬਾਤ ਦੌਰਾਨ ਕੁਝ ਅਜਿਹੇ ਮੁੱਦਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਜਿਨ੍ਹਾਂ ਦਾ ਸਿੱਧਾ ਸਬੰਧ ਆਮ ਲੋਕਾਂ ਦੇ ਜੀਵਨ ਨਾਲ ਹੈ। ਇਨ੍ਹਾਂ ਵਿੱਚ ਨਾਗਰਿਕ ਜਹਾਜ਼ਾਂ ਤੇ ਮਲਾਹਾਂ ਦੀ ਸੁਰੱਖਿਆ, ਕਾਲੇ ਸਾਗਰ ਦੇ ਰਸਤੇ ਅਨਾਜ ਦੀ ਬਰਾਮਦ ਮੁੜ ਸ਼ੁਰੂ ਕਰਨਾ ਅਤੇ ਊਰਜਾ ਨਾਲ ਸਬੰਧਤ ਮਹੱਤਵਪੂਰਨ ਬੁਨਿਆਦੀ ਢਾਂਚੇ ’ਤੇ ਹਮਲੇ ਰੋਕਣਾ ਸ਼ਾਮਲ ਹਨ। ਯੂਕਰੇਨ ਦਾ ਅਨਾਜ ਏਸ਼ੀਆ ਅਤੇ ਅਫਰੀਕਾ ਦੇ ਕਈ ਦੇਸ਼ਾਂ ਦੀਆਂ ਖੁਰਾਕੀ ਲੋੜਾਂ ਲਈ ਬੇਹੱਦ ਮਹੱਤਵਪੂਰਨ ਹੈ। ਜੰਗ ਕਾਰਨ ਇਸ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਤੇ ਵੀ ਦਬਾਅ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਭਾਰਤ ਵੱਲੋਂ ਖੁਰਾਕੀ ਸਪਲਾਈ ਲਈ ਸੁਰੱਖਿਅਤ ਗਲਿਆਰੇ ਬਣਾਉਣ ਵਿੱਚ ਸਹਿਯੋਗ ਦੀ ਪੇਸ਼ਕਸ਼ ਇੱਕ ਸਕਾਰਾਤਮਿਕ ਪਹਿਲ ਹੈ। ਭਾਰਤ ਇਸ ਮਨੁੱਖੀ ਮੁੱਦੇ ਨੂੰ ਸ਼ਾਂਤੀ ਗੱਲਬਾਤ ਦੀ ਸ਼ੁਰੂਆਤ ਦਾ ਆਧਾਰ ਬਣਾ ਸਕਦਾ ਹੈ।
ਅਨਾਜ ਦੀ ਸਪਲਾਈ, ਸਮੁੰਦਰੀ ਵਪਾਰ ਅਤੇ ਮਲਾਹਾਂ ਦੀ ਸੁਰੱਖਿਆ ਵਰਗੇ ਵਿਸ਼ੇ ਖੇਤਰੀ ਸਰਹੱਦਾਂ ਜਾਂ ਫੌਜੀ ਗੱਠਜੋੜਾਂ ਨਾਲ ਜੁੜੇ ਵਿਵਾਦਾਂ ਤੋਂ ਵੱਖਰੇ ਹਨ। ਇਨ੍ਹਾਂ ’ਤੇ ਸਹਿਮਤੀ ਬਣਾਉਣਾ ਮੁਕਾਬਲਤਨ ਸੌਖਾ ਹੋ ਸਕਦਾ ਹੈ। ਜੇਕਰ ਦੋਵੇਂ ਦੇਸ਼ ਇਨ੍ਹਾਂ ਮੁੱਦਿਆਂ ’ਤੇ ਅਜਿਹੇ ਸਮਝੌਤੇ ਲਈ ਤਿਆਰ ਹੋ ਜਾਂਦੇ ਹਨ, ਜਿਸ ਦੀ ਨਿਗਰਾਨੀ ਅਤੇ ਪੁਸ਼ਟੀ ਕੀਤੀ ਜਾ ਸਕੇ, ਤਾਂ ਇਸ ਨਾਲ ਆਪਸੀ ਭਰੋਸਾ ਵਧ ਸਕਦਾ ਹੈ। ਛੋਟੇ ਸਮਝੌਤੇ ਅੱਗੇ ਚੱਲ ਕੇ ਵੱਡੇ ਸਿਆਸੀ ਹੱਲ ਦਾ ਰਾਹ ਖੋਲ੍ਹ ਸਕਦੇ ਹਨ।
ਇਤਿਹਾਸ ਵੀ ਦੱਸਦਾ ਹੈ ਕਿ ਕਈ ਵਾਰ ਸ਼ਾਂਤੀ ਦੀ ਸ਼ੁਰੂਆਤ ਵਿਆਪਕ ਸੰਧੀਆਂ ਨਾਲ ਨਹੀਂ, ਸਗੋਂ ਮਨੁੱਖੀ ਹਿੱਤਾਂ ਨਾਲ ਜੁੜੇ ਛੋਟੇ-ਛੋਟੇ ਕਦਮਾਂ ਨਾਲ ਹੁੰਦੀ ਹੈ। ਹਾਲਾਂਕਿ, ਭਾਰਤ ਸਾਹਮਣੇ ਇਸ ਭੂਮਿਕਾ ਨੂੰ ਨਿਭਾਉਣ ਵਿੱਚ ਕਈ ਚੁਣੌਤੀਆਂ ਵੀ ਹਨ। ਸਭ ਤੋਂ ਪਹਿਲਾਂ ਅਮਰੀਕਾ ਨੂੰ ਭਰੋਸੇ ਵਿੱਚ ਲੈਣਾ ਜ਼ਰੂਰੀ ਹੋਵੇਗਾ। ਰਾਸ਼ਟਰਪਤੀ ਟਰੰਪ ਯੂਕਰੇਨ ਜੰਗ ਖ਼ਤਮ ਕਰਵਾਉਣ ਦੇ ਯਤਨਾਂ ਵਿੱਚ ਆਪਣੀ ਭੂਮਿਕਾ ਨੂੰ ਪ੍ਰਮੁੱਖ ਬਣਾਈ ਰੱਖਣਾ ਚਾਹੁੰਦੇ ਹਨ। ਯੂਰਪੀ ਦੇਸ਼ਾਂ ਦਾ ਸਹਿਯੋਗ ਵੀ ਓਨਾ ਹੀ ਜ਼ਰੂਰੀ ਹੈ। ਇਹ ਸੰਘਰਸ਼ ਯੂਰਪ ਦੀ ਸੁਰੱਖਿਆ ਵਿਵਸਥਾ ਅਤੇ ਭਵਿੱਖ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ।
ਯੂਰਪੀ ਸੰਘ ਅਤੇ ਇਸ ਦੇ ਮੈਂਬਰ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਸਮਝੇ ਬਿਨਾਂ ਕੋਈ ਸਥਾਈ ਹੱਲ ਸੰਭਵ ਨਹੀਂ ਹੈ। ਭਾਰਤ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਉਸ ਦੀ ਪਹਿਲ ਅਮਰੀਕਾ ਜਾਂ ਯੂਰਪ ਦੀ ਭੂਮਿਕਾ ਨੂੰ ਕਮਜ਼ੋਰ ਕਰਨ ਲਈ ਨਹੀਂ, ਸਗੋਂ ਸ਼ਾਂਤੀ ਯਤਨਾਂ ਨੂੰ ਅੱਗੇ ਵਧਾਉਣ ਲਈ ਹੈ। ਰੂਸ ਨਾਲ ਭਾਰਤ ਦੇ ਸਬੰਧ ਉਸ ਨੂੰ ਅਜਿਹੇ ਸੰਵਾਦ ਦਾ ਮਾਧਿਅਮ ਮੁਹੱਈਆ ਕਰਵਾ ਸਕਦੇ ਹਨ, ਜਿਸ ਦੀ ਉਪਯੋਗਤਾ ਯੂਰਪੀ ਦੇਸ਼ਾਂ ਲਈ ਵੀ ਹੋ ਸਕਦੀ ਹੈ। ਸ਼ਾਂਤੀ ਪ੍ਰਕਿਰਿਆ ਦੀ ਸਫਲਤਾ ਲਈ ਕੁਝ ਬੁਨਿਆਦੀ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਸਭ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਜੰਗਬੰਦੀ ਦੀ ਸਥਿਤੀ ਬਣਨੀ ਚਾਹੀਦੀ ਹੈ।
ਕਿਉਂਕਿ ਲਗਾਤਾਰ ਹਮਲਿਆਂ ਦਰਮਿਆਨ ਗੰਭੀਰ ਗੱਲਬਾਤ ਨੂੰ ਅੱਗੇ ਵਧਾਉਣਾ ਮੁਸ਼ਕਲ ਹੁੰਦਾ ਹੈ। ਦੋਵਾਂ ਦੇਸ਼ਾਂ ਨੂੰ ਇਹ ਵੀ ਸਵੀਕਾਰ ਕਰਨਾ ਹੋਵੇਗਾ ਕਿ ਸੰਘਰਸ਼ ਖ਼ਤਮ ਕਰਨ ਲਈ ਬਾਹਰੀ ਸਹਿਯੋਗ ਦੀ ਲੋੜ ਹੈ। ਇਸ ਤੋਂ ਬਾਅਦ ਅਜਿਹੇ ਸਿਧਾਂਤ ਤੈਅ ਕਰਨੇ ਹੋਣਗੇ, ਜਿਨ੍ਹਾਂ ’ਤੇ ਦੋਵੇਂ ਧਿਰਾਂ ਸਹਿਮਤ ਹੋ ਸਕਣ। ਇਸ ਦੇ ਨਾਲ ਹੀ ਗੱਲਬਾਤ ਦੌਰਾਨ ਆਪਸੀ ਸਤਿਕਾਰ ਅਤੇ ਸੰਜਮ ਬਣਾਈ ਰੱਖਣਾ ਵੀ ਜ਼ਰੂਰੀ ਹੈ। ਆਗੂਆਂ ਦੇ ਬਿਆਨ, ਦੂਸ਼ਣਬਾਜੀ, ਅਫਵਾਹਾਂ ਅਤੇ ਸਿਆਸੀ ਹੰਕਾਰ ਕਈ ਵਾਰ ਗੱਲਬਾਤ ਨੂੰ ਲੀਹੋਂ ਲਾਹ ਦਿੰਦੇ ਹਨ। ਇਸ ਲਈ ਵਾਰਤਾਕਾਰਾਂ ਨੂੰ ਸਬਰ ਅਤੇ ਉਸਾਰੂ ਸੋਚ ਨਾਲ ਅੱਗੇ ਵਧਣਾ ਹੋਵੇਗਾ।
ਉਨ੍ਹਾਂ ਹਿੱਤਾਂ ਦੀ ਵੀ ਪਛਾਣ ਕਰਨੀ ਹੋਵੇਗੀ, ਜਿਨ੍ਹਾਂ ਨੂੰ ਜੰਗ ਜਾਰੀ ਰਹਿਣ ਨਾਲ ਲਾਭ ਮਿਲਦਾ ਹੈ। ਸ਼ਾਂਤੀ ਪ੍ਰਕਿਰਿਆ ਵਿੱਚ ਮਾਹਿਰਾਂ ਤੇ ਕੌਮਾਂਤਰੀ ਤਜ਼ਰਬਿਆਂ ਦਾ ਸਹਿਯੋਗ ਲੈਣਾ ਵੀ ਲਾਹੇਵੰਦ ਹੋ ਸਕਦਾ ਹੈ। ਭਾਰਤ ਦੀ ਸੱਭਿਆਚਾਰਕ ਪਰੰਪਰਾ ਸਦਭਾਵਨਾ, ਸਹਿ-ਹੋਂਦ ਅਤੇ ਸੰਵਾਦ ’ਤੇ ਅਧਾਰਿਤ ਰਹੀ ਹੈ। ਇਹੀ ਦ੍ਰਿਸ਼ਟੀਕੋਣ ਉਸ ਦੀ ਕੂਟਨੀਤੀ ਨੂੰ ਵਿਸ਼ੇਸ਼ ਪਛਾਣ ਦਿੰਦਾ ਹੈ। ਜੇਕਰ ਭਾਰਤ ਕਾਲੇ ਸਾਗਰ ਦੇ ਰਸਤੇ ਅਨਾਜ ਦੀ ਸੁਰੱਖਿਅਤ ਸਪਲਾਈ, ਊਰਜਾ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਜਾਂ ਜੰਗਬੰਦੀ ਦੀ ਦਿਸ਼ਾ ਵਿੱਚ ਕੋਈ ਠੋਸ ਤਰੱਕੀ ਕਰਵਾਉਣ ਵਿੱਚ ਸਫਲ ਹੁੰਦਾ ਹੈ, ਤਾਂ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੋਵੇਗੀ।
ਭਾਰਤ ਸਾਹਮਣੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਤੋਂ ਅੱਗੇ ਨਿੱਕਲਣ ਦੀ ਮੁਕਾਬਲੇਬਾਜ਼ੀ ਨਹੀਂ, ਸਗੋਂ ਮਨੁੱਖੀ ਸੰਕਟ ਨੂੰ ਘਟਾਉਣ ਅਤੇ ਸਥਾਈ ਸ਼ਾਂਤੀ ਦਾ ਰਾਹ ਤਿਆਰ ਕਰਨ ਦੀ ਜ਼ਿੰਮੇਵਾਰੀ ਹੈ। ਅੱਜ ਦੁਨੀਆ ਨੂੰ ਅਜਿਹੇ ਦੇਸ਼ਾਂ ਦੀ ਲੋੜ ਹੈ, ਜੋ ਸੰਘਰਸ਼ ਵਧਾਉਣ ਦੀ ਬਜਾਏ ਸੰਵਾਦ ਦੇ ਰਾਹ ਖੋਲ੍ਹਣ। ਭਾਰਤ ਇਸ ਦਿਸ਼ਾ ਵਿੱਚ ਇੱਕ ਸਾਰਥਕ ਭੂਮਿਕਾ ਨਿਭਾਅ ਸਕਦਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਡੀ.ਕੇ. ਗਿਰੀ
ਇਹ ਵੀ ਪੜ੍ਹੋ : Charanjit Singh Channi: ਟਿਕਟਾਂ ਦੀ ਵੰਡ ਦਾ ਅਤਾ-ਪਤਾ ਨ੍ਹੀਂ, ਮੰਤਰੀਆਂ ਦੇ ਅਹੁਦੇ ਵੰਡਣ ਲੱਗੇ ਚੰਨੀ
Comments