HTET 2026: ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2026 ਲਈ ਆਨਲਾਈਨ ਅਰਜ਼ੀਆਂ ਸ਼ੁਰੂ

27 ਨਵੰਬਰ ਰਾਤ 11:59 ਵਜੇ ਤੱਕ ਕੀਤਾ ਜਾ ਸਕੇਗਾ ਅਪਲਾਈ; 28 ਅਤੇ 29 ਨਵੰਬਰ ਨੂੰ ਅਰਜ਼ੀਆਂ ਵਿੱਚ ਸੋਧ ਦਾ ਮੌਕਾ

Satinder Mathur  Picture
Published On

HTET 2026: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਹਰਿਆਣਾ ਵਿਦਿਆਲਿਆ ਸਿੱਖਿਆ ਬੋਰਡ, ਭਿਵਾਨੀ ਵੱਲੋਂ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ-2026 (ਐਚਟੈੱਟ) ਲਈ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰੀਖਿਆ 26 ਅਤੇ 27 ਦਸੰਬਰ, 2026 ਨੂੰ ਲੈਵਲ-1, ਲੈਵਲ-2 ਅਤੇ ਲੈਵਲ-3 ਲਈ ਕਰਵਾਈ ਜਾਵੇਗੀ। ਚਾਹਵਾਨ ਉਮੀਦਵਾਰ 27 ਨਵੰਬਰ ਰਾਤ 11:59 ਵਜੇ ਤੱਕ ਬੋਰਡ ਦੀ ਅਧਿਕਾਰਤ ਵੈੱਬਸਾਈਟ www.bseh.org.in ਰਾਹੀਂ ਅਪਲਾਈ ਕਰ ਸਕਦੇ ਹਨ। ਬੋਰਡ ਦੇ ਚੇਅਰਮੈਨ ਡਾ. ਸ਼ੰਕਰ ਲਾਲ ਧੂਪੜ ਨੇ ਦੱਸਿਆ ਕਿ ਪ੍ਰੀਖਿਆ ਸਬੰਧੀ ਸੂਚਨਾ ਬੁਲੇਟਿਨ ਅਤੇ ਜ਼ਰੂਰੀ ਹਦਾਇਤਾਂ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਹਨ। ਉਮੀਦਵਾਰ ਅਰਜ਼ੀ ਦੇਣ ਤੋਂ ਪਹਿਲਾਂ ਆਪਣੀ ਯੋਗਤਾ ਯਕੀਨੀ ਬਣਾਉਣ ਲਈ ਸਾਰੀਆਂ ਹਦਾਇਤਾਂ ਧਿਆਨ ਨਾਲ ਪੜ੍ਹਨ।

ਉਨ੍ਹਾਂ ਦੱਸਿਆ ਕਿ ਇੱਕ ਲੈਵਲ ਲਈ ਆਮ ਉਮੀਦਵਾਰਾਂ ਨੂੰ 1,200 ਰੁਪਏ, ਦੋ ਲੈਵਲਾਂ ਲਈ 2,000 ਰੁਪਏ ਅਤੇ ਤਿੰਨਾਂ ਲੈਵਲਾਂ ਲਈ 2,600 ਰੁਪਏ ਫੀਸ ਅਦਾ ਕਰਨੀ ਹੋਵੇਗੀ। ਹਰਿਆਣਾ ਦੇ ਅਨੁਸੂਚਿਤ ਜਾਤੀ ਵਰਗ ਅਤੇ ਦਿਵਿਆਂਗ ਉਮੀਦਵਾਰਾਂ ਲਈ ਇੱਕ ਲੈਵਲ ਦੀ ਫੀਸ 700 ਰੁਪਏ, ਦੋ ਲੈਵਲਾਂ ਦੀ 1,100 ਰੁਪਏ ਅਤੇ ਤਿੰਨਾਂ ਲੈਵਲਾਂ ਦੀ 1,400 ਰੁਪਏ ਨਿਰਧਾਰਤ ਕੀਤੀ ਗਈ ਹੈ।

ਚੇਅਰਮੈਨ ਅਨੁਸਾਰ ਉਮੀਦਵਾਰ 28 ਅਤੇ 29 ਨਵੰਬਰ ਨੂੰ ਆਪਣੇ ਨਾਮ, ਮਾਤਾ-ਪਿਤਾ ਦੇ ਨਾਮ, ਜਨਮ ਮਿਤੀ, ਫੋਟੋ ਵਾਲੇ ਪਛਾਣ ਪੱਤਰ, ਆਧਾਰ ਨੰਬਰ ਅਤੇ ਲੈਵਲ-2 ਤੇ 3 ਲਈ ਵਿਸ਼ੇ ਦੀ ਚੋਣ ਵਿੱਚ ਆਨਲਾਈਨ ਸੋਧ ਕਰ ਸਕਣਗੇ। ਨਿਰਧਾਰਤ ਸਮੇਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸੋਧ ਲਈ ਬੇਨਤੀ ਸਵੀਕਾਰ ਨਹੀਂ ਕੀਤੀ ਜਾਵੇਗੀ। ਹਾਲਾਂਕਿ ਲੈਵਲ, ਜਾਤੀ ਵਰਗ, ਗ੍ਰਹਿ ਰਾਜ ਅਤੇ ਦਿਵਿਆਂਗ ਸ਼੍ਰੇਣੀ ਦੇ ਵਿਕਲਪਾਂ ਵਿੱਚ ਤਬਦੀਲੀ ਦੀ ਇਜਾਜ਼ਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ: Punjab Government News: ਆਪ ਸਰਕਾਰ ਦੇ ਹੁੰਦਿਆਂ ਭਲਾਈ ਸਕੀਮਾਂ ਜਾਰੀ ਰਹਿਣਗੀਆਂ : ਭਗਵੰਤ ਸਿੰਘ ਮਾਨ

ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਉਮੀਦਵਾਰ ਇੱਕ ਰਜਿਸਟ੍ਰੇਸ਼ਨ ਤੋਂ ਬਾਅਦ ਕਿਸੇ ਹੋਰ ਲੈਵਲ ਦੀ ਪ੍ਰੀਖਿਆ ਦੇਣਾ ਚਾਹੁੰਦਾ ਹੈ ਤਾਂ ਉਹ ਉਸੇ ਰਜਿਸਟ੍ਰੇਸ਼ਨ ਤਹਿਤ ਅਰਜ਼ੀ ਦੇ ਸਕਦਾ ਹੈ। ਇੱਕੋ ਲੈਵਲ ਲਈ ਇੱਕ ਤੋਂ ਵੱਧ ਅਰਜ਼ੀਆਂ ਦੇਣ ’ਤੇ ਉਮੀਦਵਾਰ ਦੀ ਅਰਜ਼ੀ ਅਤੇ ਯੋਗਤਾ ਰੱਦ ਕੀਤੀ ਜਾ ਸਕਦੀ ਹੈ। ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਪੁਸ਼ਟੀਕਰਨ ਪੰਨੇ ਦਾ ਪ੍ਰਿੰਟ ਲੈਣਾ ਵੀ ਲਾਜ਼ਮੀ ਹੈ।

ਤਕਨੀਕੀ ਸਮੱਸਿਆ ਆਉਣ ’ਤੇ ਉਮੀਦਵਾਰ ਹੈਲਪਲਾਈਨ ਨੰਬਰ 9001837558 ਜਾਂ ਈ-ਮੇਲ htethelpdesk2026@gmail.com ’ਤੇ ਸੰਪਰਕ ਕਰ ਸਕਦੇ ਹਨ। ਬੋਰਡ ਨੇ ਉਮੀਦਵਾਰਾਂ ਨੂੰ ਆਖਰੀ ਮਿਤੀ ਦੀ ਉਡੀਕ ਕੀਤੇ ਬਿਨਾਂ ਅਰਜ਼ੀ ਪ੍ਰਕਿਰਿਆ ਪੂਰੀ ਕਰਨ ਅਤੇ ਨਵੀਆਂ ਜਾਣਕਾਰੀਆਂ ਲਈ ਵੈੱਬਸਾਈਟ ਨਿਯਮਤ ਤੌਰ ’ਤੇ ਦੇਖਣ ਦੀ ਸਲਾਹ ਦਿੱਤੀ ਹੈ।

Comments

Post Your Comment

About The Author

Related Posts