Antibiotic Misuse: ਐਂਟੀਬਾਇਓਟਿਕ ਦਵਾਈਆਂ ਵਰਤਣ ਲਈ ਸਾਵਧਾਨੀ ਜ਼ਰੂਰੀ
ਬਿਨਾਂ ਸਲਾਹ ਤੋਂ ਐਂਟੀਬਾਇਓਟਿਕ ਲੈਣਾ, ਦੂਜਿਆਂ ਦੀਆਂ ਦਵਾਈਆਂ ਵਰਤਣਾ ਤੇ ਬਚੀਆਂ ਦਵਾਈਆਂ ਸੰਭਾਲ ਕੇ ਰੱਖਣਾ ਵਧਾ ਸਕਦੈ ਖ਼ਤਰਾ
ਐਂਟੀਬਾਇਓਟਿਕ ਦਵਾਈਆਂ ਬੈਕਟੀਰੀਆ ਕਾਰਨ ਹੋਣ ਵਾਲੀਆਂ ਲਾਗਾਂ ਦਾ ਇਲਾਜ ਕਰਨ ਵਿੱਚ ਮੱਦਦ ਕਰਦੀਆਂ ਹਨ, ਪਰ ਇਨ੍ਹਾਂ ਦੀ ਗ਼ਲਤ ਵਰਤੋਂ ਭਵਿੱਖ ਵਿੱਚ ਸਿਹਤ ਲਈ ਵੱਡੀ ਸਮੱਸਿਆ ਬਣ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਕੁਝ ਆਮ ਗ਼ਲਤੀਆਂ ਕਾਰਨ ਐਂਟੀਬਾਇਓਟਿਕ ਦਵਾਈਆਂ ਪ੍ਰਤੀ ਰੋਧਕ ਸਮਰੱਥਾ (ਐਂਟੀਮਾਈਕ੍ਰੋਬੀਅਲ ਰੈਜ਼ਿਸਟੈਂਸ) ਦੀ ਸਮੱਸਿਆ ਵਧ ਸਕਦੀ ਹੈ।
ਇਸ ਸਥਿਤੀ ਵਿੱਚ ਬੈਕਟੀਰੀਆ ਦਵਾਈਆਂ ਦੇ ਅਸਰ ਨੂੰ ਸਹਿਣ ਦੇ ਸਮਰੱਥ ਹੋ ਜਾਂਦੇ ਹਨ ਅਤੇ ਲਾਗ ਦਾ ਇਲਾਜ ਕਰਨਾ ਮੁਸ਼ਕਲ ਹੋ ਸਕਦਾ ਹੈ। ਅਕਸਰ ਲੋਕ ਸਰਦੀ-ਜ਼ੁਕਾਮ, ਖੰਘ ਜਾਂ ਗਲੇ ਵਿੱਚ ਖਰਾਸ਼ ਹੋਣ ’ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਹੀ ਐਂਟੀਬਾਇਓਟਿਕ ਦਵਾਈਆਂ ਲੈਣ ਲੱਗ ਪੈਂਦੇ ਹਨ। ਕੁਝ ਲੋਕ ਦੂਜਿਆਂ ਦੀਆਂ ਬਚੀਆਂ ਹੋਈਆਂ ਦਵਾਈਆਂ ਵਰਤ ਲੈਂਦੇ ਹਨ ਜਾਂ ਆਪਣੀਆਂ ਦਵਾਈਆਂ ਦੂਜਿਆਂ ਨੂੰ ਦੇ ਦਿੰਦੇ ਹਨ। ਅਜਿਹੀਆਂ ਆਦਤਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਹਮੇਸ਼ਾ ਡਾਕਟਰ ਦੀ ਸਲਾਹ ਅਤੇ ਦੱਸੇ ਗਏ ਢੰਗ ਅਨੁਸਾਰ ਹੀ ਕਰਨੀ ਚਾਹੀਦੀ ਹੈ।
ਗ਼ਲਤੀ ਨੰਬਰ 1: ਵਾਇਰਲ ਲਾਗ ’ਚ ਆਪਣੇ-ਆਪ ਐਂਟੀਬਾਇਓਟਿਕ ਦਵਾਈ ਲੈਣਾ:
ਸਰਦੀ-ਜ਼ੁਕਾਮ, ਫਲੂ ਅਤੇ ਗਲੇ ਵਿੱਚ ਖਰਾਸ਼ ਵਰਗੀਆਂ ਕਈ ਆਮ ਸਮੱਸਿਆਵਾਂ ਵਾਇਰਸ ਕਾਰਨ ਹੁੰਦੀਆਂ ਹਨ। ਐਂਟੀਬਾਇਓਟਿਕ ਦਵਾਈਆਂ ਬੈਕਟੀਰੀਆ ਵਿਰੁੱਧ ਕੰਮ ਕਰਦੀਆਂ ਹਨ, ਵਾਇਰਸਾਂ ਵਿਰੁੱਧ ਨਹੀਂ। ਇਸ ਲਈ ਵਾਇਰਸ ਕਾਰਨ ਹੋਣ ਵਾਲੀ ਲਾਗ ਵਿੱਚ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਨਾਲ ਕੋਈ ਲਾਭ ਨਹੀਂ ਹੁੰਦਾ।
ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਖੰਘ, ਜ਼ੁਕਾਮ ਜਾਂ ਗਲੇ ਵਿੱਚ ਦਰਦ ਹੋਣ ’ਤੇ ਦਵਾਈਆਂ ਦੀ ਦੁਕਾਨ ਤੋਂ ਆਪਣੇ-ਆਪ ਹੀ ਐਂਟੀਬਾਇਓਟਿਕ ਦਵਾਈਆਂ ਖ਼ਰੀਦ ਲੈਂਦੇ ਹਨ। ਅਜਿਹਾ ਕਰਨਾ ਠੀਕ ਨਹੀਂ ਹੈ। ਬਿਨਾਂ ਲੋੜ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਨਾਲ ਬੈਕਟੀਰੀਆ ਵਿੱਚ ਦਵਾਈਆਂ ਦੇ ਅਸਰ ਨੂੰ ਸਹਿਣ ਦੀ ਸਮਰੱਥਾ ਪੈਦਾ ਹੋ ਸਕਦੀ ਹੈ। ਇਸ ਲਈ ਕਿਸੇ ਵੀ ਲਾਗ ਦੀ ਸਥਿਤੀ ਵਿੱਚ ਐਂਟੀਬਾਇਓਟਿਕ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਗ਼ਲਤੀ ਨੰਬਰ 2: ਆਪਣੀ ਐਂਟੀਬਾਇਓਟਿਕ ਦਵਾਈ ਕਿਸੇ ਹੋਰ ਵਿਅਕਤੀ ਨੂੰ ਦੇਣਾ:
ਘਰ ਵਿੱਚ ਕਿਸੇ ਇੱਕ ਜੀਅ ਦੀ ਬਿਮਾਰੀ ਦੌਰਾਨ ਬਚੀਆਂ ਹੋਈਆਂ ਐਂਟੀਬਾਇਓਟਿਕ ਦਵਾਈਆਂ ਕਿਸੇ ਹੋਰ ਵਿਅਕਤੀ ਨੂੰ ਦੇਣਾ ਵੀ ਵੱਡੀ ਗ਼ਲਤੀ ਹੈ। ਹਰੇਕ ਵਿਅਕਤੀ ਦੀ ਬਿਮਾਰੀ, ਉਮਰ ਅਤੇ ਸਿਹਤ ਦੀ ਸਥਿਤੀ ਵੱਖਰੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਇੱਕ ਵਿਅਕਤੀ ਦੀ ਲਾਗ ਲਈ ਵਰਤੀ ਗਈ ਦਵਾਈ ਦੂਜੇ ਵਿਅਕਤੀ ਲਈ ਵੀ ਠੀਕ ਹੋਵੇ।
ਦਵਾਈ ਦੀ ਚੋਣ, ਉਸ ਦੀ ਮਾਤਰਾ ਅਤੇ ਵਰਤੋਂ ਦੀ ਮਿਆਦ ਬਿਮਾਰੀ ਦੀ ਸਥਿਤੀ ਅਨੁਸਾਰ ਤੈਅ ਕੀਤੀ ਜਾਂਦੀ ਹੈ। ਗ਼ਲਤ ਦਵਾਈ ਜਾਂ ਗ਼ਲਤ ਮਾਤਰਾ ਲੈਣ ਨਾਲ ਇਲਾਜ ’ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਸਰੀਰ ਵਿੱਚ ਬੁਰੇ ਪ੍ਰਭਾਵ ਵੀ ਪੈਦਾ ਹੋ ਸਕਦੇ ਹਨ। ਇਸ ਲਈ ਆਪਣੀ ਦਵਾਈ ਕਿਸੇ ਹੋਰ ਵਿਅਕਤੀ ਨੂੰ ਨਾ ਦਿਓ ਅਤੇ ਨਾ ਹੀ ਕਿਸੇ ਹੋਰ ਦੀ ਬਚੀ ਹੋਈ ਐਂਟੀਬਾਇਓਟਿਕ ਦਵਾਈ ਆਪ ਵਰਤੋ।
ਗ਼ਲਤੀ ਨੰਬਰ 3: ਬਚੀਆਂ ਹੋਈਆਂ ਦਵਾਈਆਂ ਅਗਲੀ ਬਿਮਾਰੀ ਲਈ ਸੰਭਾਲ ਕੇ ਰੱਖਣਾ:
ਕਈ ਲੋਕ ਬਿਮਾਰੀ ਠੀਕ ਹੋਣ ਤੋਂ ਬਾਅਦ ਬਚੀਆਂ ਹੋਈਆਂ ਐਂਟੀਬਾਇਓਟਿਕ ਦਵਾਈਆਂ ਸੰਭਾਲ ਕੇ ਰੱਖ ਲੈਂਦੇ ਹਨ, ਤਾਂ ਜੋ ਅਗਲੀ ਵਾਰ ਲੋੜ ਪੈਣ ’ਤੇ ਇਨ੍ਹਾਂ ਦੀ ਵਰਤੋਂ ਕਰ ਸਕਣ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਹਰ ਵਾਰ ਹੋਣ ਵਾਲੀ ਲਾਗ ਇੱਕੋ-ਜਿਹੀ ਨਹੀਂ ਹੁੰਦੀ। ਪਹਿਲਾਂ ਵਰਤੀ ਗਈ ਦਵਾਈ ਜ਼ਰੂਰੀ ਨਹੀਂ ਕਿ ਅਗਲੀ ਵਾਰ ਹੋਣ ਵਾਲੀ ਲਾਗ ਵਿੱਚ ਵੀ ਅਸਰਦਾਰ ਸਾਬਤ ਹੋਵੇ।
ਬਿਨਾਂ ਜਾਂਚ ਅਤੇ ਡਾਕਟਰ ਦੀ ਸਲਾਹ ਤੋਂ ਪੁਰਾਣੀ ਦਵਾਈ ਲੈਣ ਨਾਲ ਸਹੀ ਇਲਾਜ ਵਿੱਚ ਦੇਰੀ ਹੋ ਸਕਦੀ ਹੈ। ਇਸ ਲਈ ਬਚੀਆਂ ਹੋਈਆਂ ਰੋਗਾਣੂਨਾਸ਼ਕ ਦਵਾਈਆਂ ਨੂੰ ਭਵਿੱਖ ਵਿੱਚ ਆਪਣੇ-ਆਪ ਵਰਤਣ ਲਈ ਸੰਭਾਲ ਕੇ ਨਾ ਰੱਖੋ। ਇਨ੍ਹਾਂ ਦਵਾਈਆਂ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰਨ ਲਈ ਦਵਾਈਆਂ ਦੇ ਮਾਹਿਰ ਜਾਂ ਸਿਹਤ ਕਰਮਚਾਰੀ ਦੀ ਸਲਾਹ ਲਓ।
ਐਂਟੀਬਾਇਓਟਿਕ ਲੈਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- ਸਰਦੀ-ਜ਼ੁਕਾਮ, ਫਲੂ ਜਾਂ ਗਲੇ ਵਿੱਚ ਖਰਾਸ਼ ਹੋਣ ’ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਐਂਟੀਬਾਇਓਟਿਕ ਦਵਾਈ ਨਾ ਲਓ।
- ਡਾਕਟਰ ਤੋਂ ਬਿਮਾਰੀ ਦਾ ਸਹੀ ਕਾਰਨ ਜਾਣੋ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਦਵਾਈ ਦੀ ਵਰਤੋਂ ਕਰੋ।
- ਆਪਣੀ ਐਂਟੀਬਾਇਓਟਿਕ ਦਵਾਈ ਪਰਿਵਾਰ ਦੇ ਕਿਸੇ ਹੋਰ ਜੀਅ ਜਾਂ ਜਾਣਕਾਰ ਨੂੰ ਵਰਤਣ ਲਈ ਨਾ ਦਿਓ।
- ਬਚੀਆਂ ਹੋਈਆਂ ਐਂਟੀਬਾਇਓਟਿਕ ਦਵਾਈਆਂ ਨੂੰ ਅਗਲੀ ਬਿਮਾਰੀ ਵਿੱਚ ਵਰਤਣ ਲਈ ਸੰਭਾਲ ਕੇ ਨਾ ਰੱਖੋ।
- ਦਵਾਈ ਦੀ ਖ਼ੁਰਾਕ ਜਾਂ ਵਰਤੋਂ ਦੀ ਮਿਆਦ ਵਿੱਚ ਆਪਣੇ-ਆਪ ਕੋਈ ਤਬਦੀਲੀ ਨਾ ਕਰੋ। ਕੋਈ ਸਮੱਸਿਆ ਆਉਣ ’ਤੇ ਡਾਕਟਰ ਨਾਲ ਸੰਪਰਕ ਕਰੋ।
ਏਜੰਸੀ
ਇਹ ਵੀ ਪੜ੍ਹੋ : KGMU Lucknow Ragging Case: ਰੈਗਿੰਗ ਦੇ ਨਾਂਅ ’ਤੇ ਮਨਮਰਜ਼ੀ, ਆਖ਼ਰ ਕਦੋਂ ਜਾਗਣਗੇ ਵਿੱਦਿਅਕ ਅਦਾਰੇ?
Comments