AI In Agriculture: ਖੇਤੀਬਾੜੀ ਵਿੱਚ ਏਆਈ ਦੀ ਵਰਤੋਂ ਨਾਲ ਘਟੇਗੀ ਲਾਗਤ ਅਤੇ ਵਧੇਗਾ ਮੁਨਾਫਾ: ਮਾਹਿਰ

ਪੰਜਾਬ ਸਟੇਟ ਫਾਰਮਰਜ਼ ਐਂਡ ਫਾਰਮ ਵਰਕਰਜ਼ ਕਮਿਸ਼ਨ ਵੱਲੋਂ ਮੋਹਾਲੀ ਵਿੱਚ ਵਿਚਾਰ-ਗੋਸ਼ਟੀ

Satinder Mathur  Picture
Published On

AI In Agriculture: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਖੇਤੀਬਾੜੀ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਨਾਲ ਖੇਤੀ ਲਾਗਤਾਂ ਘਟਾਉਣ, ਉਤਪਾਦਕਤਾ ਵਧਾਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਲਿਆਉਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਦੇ ਨਾਲ ਹੀ ਇਸ ਤਕਨੀਕ ਦੀ ਵਰਤੋਂ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਵੀ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਫਾਰਮਰਜ਼ ਐਂਡ ਫਾਰਮ ਵਰਕਰਜ਼ ਕਮਿਸ਼ਨ (ਪੀਐਸਐਫਸੀ) ਵੱਲੋਂ ਮੋਹਾਲੀ ਦੇ ਕਲਕਟ ਭਵਨ ਵਿਖੇ ਕਰਵਾਈ ਗਈ ਵਿਚਾਰ-ਗੋਸ਼ਟੀ ਦੌਰਾਨ ਮਾਹਿਰਾਂ ਨੇ ਕੀਤਾ।

ਇਹ ਵੀ ਪੜ੍ਹੋ: New PRTC Bus Route Punjab: ਇਲਾਕਾ ਵਾਸੀਆਂ ਲਈ ਖੁਸ਼ਖਬਰੀ! ਜਖਵਾਲੀ-ਰਾਜਪੁਰਾ ਵਿਚਕਾਰ ਨਵਾਂ ਬੱਸ ਰੂਟ ਸ਼ੁਰੂ

'ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ: ਜੋਖਮ ਪ੍ਰਬੰਧਨ ਅਤੇ ਮੌਕਿਆਂ ਦੀ ਵਰਤੋਂ' ਵਿਸ਼ੇ 'ਤੇ ਕਰਵਾਏ ਗਏ ਇਸ ਸਮਾਗਮ ਵਿੱਚ ਆਈਆਈਟੀ ਰੋਪੜ ਅਤੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ), ਪੰਜਾਬ ਨੇ ਸਹਿਯੋਗ ਦਿੱਤਾ। ਪੀਐਸਐਫਸੀ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਏਆਈ ਤਕਨੀਕ ਖੇਤੀ ਦੀਆਂ ਲਾਗਤਾਂ ਘਟਾਉਣ ਅਤੇ ਮੁਨਾਫਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਹਾਲਾਂਕਿ, ਇਸ ਦੇ ਖੇਤ ਮਜ਼ਦੂਰਾਂ ਦੇ ਰੁਜ਼ਗਾਰ 'ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸੁਝਾਅ ਦਿੱਤਾ ਕਿ ਏਆਈ ਤਕਨੀਕਾਂ ਨੂੰ ਨਿੱਜੀ ਕਾਰਪੋਰੇਟ ਕੰਪਨੀਆਂ ਦੀ ਬਜਾਏ ਜਨਤਕ ਸੰਸਥਾਵਾਂ ਅਤੇ ਸਹਿਕਾਰੀ ਸਭਾਵਾਂ ਰਾਹੀਂ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਸ ਦਾ ਵੱਧ ਤੋਂ ਵੱਧ ਲਾਭ ਕਿਸਾਨਾਂ ਤੱਕ ਪਹੁੰਚ ਸਕੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਦੀ ਖੇਤੀ ਨੂੰ ਵਿਭਿੰਨਤਾ ਵੱਲ ਲਿਜਾਣ ਲਈ ਉੱਚ-ਮੁੱਲ ਵਾਲੀਆਂ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਏਆਈ ਦੀ ਮਦਦ ਨਾਲ ਕਾਸ਼ਤ ਦੇ ਬਿਹਤਰ ਤਰੀਕੇ ਅਪਣਾਏ ਜਾ ਸਕਦੇ ਹਨ ਅਤੇ ਕਿਸਾਨਾਂ ਨੂੰ ਫ਼ਸਲਾਂ ਸਬੰਧੀ ਸਹੀ ਸਮੇਂ 'ਤੇ ਸਹੀ ਫ਼ੈਸਲੇ ਲੈਣ ਵਿੱਚ ਮਦਦ ਮਿਲ ਸਕਦੀ ਹੈ। ਇਸ ਮੌਕੇ ਪੀਐਸਐਫਸੀ ਵੱਲੋਂ ਡਾ. ਧਾਲੀਵਾਲ ਨੂੰ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨ ਭਲਾਈ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ।

ਆਈਆਈਟੀ ਰੋਪੜ ਦੇ 'ਏਐਨਐਨਏਐਮ.ਏਆਈ' ਦੇ ਡਾਇਰੈਕਟਰ ਡਾ. ਪੁਸ਼ਪਿੰਦਰ ਪਾਲ ਸਿੰਘ ਨੇ ਸੰਸਥਾ ਵੱਲੋਂ ਵਿਕਸਤ ਕੀਤੇ ਏਆਈ ਆਧਾਰਿਤ ਵੈੱਬ ਪਲੇਟਫਾਰਮ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪਲੇਟਫਾਰਮ ਕਿਸਾਨਾਂ ਦੇ ਸਵਾਲਾਂ ਅਤੇ ਖੇਤਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।

ਵਿਚਾਰ-ਗੋਸ਼ਟੀ ਦੌਰਾਨ ਮਾਹਿਰਾਂ ਨੇ ਖੇਤੀ ਉਤਪਾਦਕਤਾ ਵਧਾਉਣ, ਪਾਣੀ ਅਤੇ ਹੋਰ ਸਰੋਤਾਂ ਦੀ ਸੁਚੱਜੀ ਵਰਤੋਂ, ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨਾਲ ਨਜਿੱਠਣ ਅਤੇ ਕਿਸਾਨਾਂ ਨੂੰ ਬਿਹਤਰ ਸਲਾਹਕਾਰ ਸੇਵਾਵਾਂ ਦੇਣ ਵਿੱਚ ਏਆਈ ਦੀ ਭੂਮਿਕਾ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਡੇਟਾ ਦੀ ਨਿੱਜਤਾ, ਐਲਗੋਰਿਦਮਿਕ ਪੱਖਪਾਤ, ਸਾਈਬਰ ਸੁਰੱਖਿਆ ਅਤੇ ਕਿਸਾਨ-ਕੇਂਦਰਿਤ ਨੀਤੀਆਂ ਵਰਗੀਆਂ ਚੁਣੌਤੀਆਂ 'ਤੇ ਵੀ ਵਿਚਾਰ ਸਾਂਝੇ ਕੀਤੇ ਗਏ।

ਸਮਾਗਮ ਵਿੱਚ ਸਰਕਾਰੀ ਵਿਭਾਗਾਂ, ਖੇਤੀਬਾੜੀ ਤਕਨੀਕੀ ਉੱਦਮਾਂ, ਕਿਸਾਨ ਜਥੇਬੰਦੀਆਂ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਕਿਸਾਨ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤ ਵਿੱਚ ਡਾ. ਰਣਜੋਧ ਸਿੰਘ ਬੈਂਸ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।

Comments

Post Your Comment

About The Author

Related Posts