Punjab Firing News: ਹੁਸ਼ਿਆਰਪੁਰ 'ਚ ਦੁਸਹਿਰਾ ਗਰਾਊਂਡ ਨੇੜੇ ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਵਾਲ-ਵਾਲ ਬਚਿਆ
ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਅੰਜਾਮ; ਮੁਲਜ਼ਮ 4 ਤੋਂ 6 ਰੌਂਦ ਫਾਇਰ ਕਰਕੇ ਫਰਾਰ, ਪੁਲਿਸ ਵੱਲੋਂ ਭਾਲ ਜਾਰੀ
Punjab Firing News: ਹੁਸ਼ਿਆਰਪੁਰ, (ਸੱਚ ਕਹੂੰ ਨਿਊਜ਼/ਹਿੰ.ਸ.)| ਹੁਸ਼ਿਆਰਪੁਰ ਦੇ ਦੁਸਹਿਰਾ ਗਰਾਊਂਡ ਨੇੜੇ ਇੱਕ ਨੌਜਵਾਨ 'ਤੇ ਅਚਾਨਕ ਤਾਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਨੇ ਨੌਜਵਾਨ 'ਤੇ 4 ਤੋਂ 6 ਰੌਂਦ ਫਾਇਰ ਕੀਤੇ, ਪਰ ਗਨੀਮਤ ਰਹੀ ਕਿ ਉਸ ਨੂੰ ਕੋਈ ਗੋਲੀ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮੁੱਢਲੀ ਜਾਣਕਾਰੀ ਅਨੁਸਾਰ, ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Dense Fog Alert: ਪੰਜਾਬ ਅਤੇ ਚੰਡੀਗੜ੍ਹ ’ਚ ਸੰਘਣੀ ਧੁੰਦ ਦਾ ਅਲਰਟ, 22 ਨਵੰਬਰ ਤੱਕ ਘੱਟ ਰਹੇਗੀ ਸਵੇਰੇ ਵਿਜ਼ੀਬਿਲਟੀ
ਪੀੜਤ ਰਾਹੁਲ ਵਾਸੀ ਬਹਾਦਰਪੁਰ ਨੇ ਦੱਸਿਆ ਕਿ ਉਸ ਦਾ ਰਿਤਿਕ ਨਾਲ ਕੋਈ ਸਿੱਧਾ ਵਿਵਾਦ ਨਹੀਂ ਸੀ। ਉਸ ਨੇ ਪਹਿਲਾਂ ਹੋਏ ਝਗੜੇ ਵਿੱਚ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਲਈ ਵਿਚ-ਬਚਾਅ ਕੀਤਾ ਸੀ। ਰਾਹੁਲ ਦਾ ਦੋਸ਼ ਹੈ ਕਿ ਇਸੇ ਗੱਲ ਦੀ ਰੰਜਿਸ਼ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਅਨੁਸਾਰ, ਬਹਾਦਰਪੁਰ ਵਾਸੀ ਰਿਤਿਕ ਪੁੱਤਰ ਰਣਜੀਤ ਸਿੰਘ ਨੇ ਦਸਹਿਰਾ ਗਰਾਊਂਡ ਨੇੜੇ ਰਾਹੁਲ 'ਤੇ 4 ਤੋਂ 6 ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਵਿੱਚ ਰਾਹੁਲ ਨੂੰ ਕੋਈ ਸੱਟ ਨਹੀਂ ਲੱਗੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੂੰ ਘਟਨਾ ਸਥਾਨ ਤੋਂ ਗੋਲੀ ਦਾ ਇੱਕ ਖਾਲੀ ਖੋਲ ਵੀ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Comments