Air Pollution Effects: ਪ੍ਰਦੂਸ਼ਣ ਦਾ ਅਸਰ ਸਿਰਫ਼ ਫੇਫੜਿਆਂ ਤੱਕ ਹੀ ਸੀਮਤ ਨਹੀਂ ਰਹਿੰਦਾ

ਪ੍ਰਦੂਸ਼ਣ ਦਾ ਅਸਰ ਸਿਰਫ਼ ਫੇਫੜਿਆਂ ਤੱਕ ਹੀ ਸੀਮਤ ਨਹੀਂ ਰਹਿੰਦਾ

Khushdeep Singh Picture
Published On

ਹਵਾ ਪ੍ਰਦੂਸ਼ਣ ਅੱਜ ਸਿਹਤ ਲਈ ਇੱਕ ਗੰਭੀਰ ਚੁਣੌਤੀ ਬਣਦਾ ਜਾ ਰਿਹਾ ਹੈ। ਹਵਾ ਵਿੱਚ ਮੌਜ਼ੂਦ ਧੂੜ, ਧੂੰਆਂ ਅਤੇ ਹਾਨੀਕਾਰਕ ਗੈਸਾਂ ਫੇਫੜਿਆਂ, ਦਿਲ, ਅੱਖਾਂ ਅਤੇ ਚਮੜੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਪਹਿਲਾਂ ਤੋਂ ਹੀ ਸਾਹ ਜਾਂ ਦਿਲ ਸਬੰਧੀ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਇਸ ਦਾ ਵਧੇਰੇ ਖ਼ਤਰਾ ਹੁੰਦਾ ਹੈ। ਹਵਾ ਵਿੱਚ ਮੌਜੂਦ ਪੀਐੱਮ2.5 ਅਤੇ ਪੀਐੱਮ10 ਵਰਗੇ ਬਰੀਕ ਕਣ ਸਾਹ ਰਾਹੀਂ ਫੇਫੜਿਆਂ ਦੇ ਅੰਦਰ ਤੱਕ ਪਹੁੰਚ ਸਕਦੇ ਹਨ।

ਇਸ ਕਾਰਨ ਖੰਘ, ਗਲੇ ਵਿੱਚ ਖਾਰਿਸ਼, ਸਾਹ ਚੜ੍ਹਨਾ ਅਤੇ ਛਾਤੀ ਵਿੱਚ ਜਕੜਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਦਮਾ ਅਤੇ ਸੀਓਪੀਡੀ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ। ਪ੍ਰਦੂਸ਼ਣ ਦਾ ਅਸਰ ਸਿਰਫ਼ ਫੇਫੜਿਆਂ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਇਹ ਦਿਲ ਅਤੇ ਖ਼ੂਨ ਦੀਆਂ ਨਾੜੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਇਸ ਸਬੰਧੀ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।

ਪ੍ਰਦੂਸ਼ਿਤ ਹਵਾ ਕਾਰਨ ਅੱਖਾਂ ਵਿੱਚ ਜਲਣ, ਲਾਲੀ, ਖੁਰਕ ਅਤੇ ਚਮੜੀ ’ਤੇ ਧੱਫੜ ਵੀ ਹੋ ਸਕਦੇ ਹਨ। ਕੁਝ ਲੋਕਾਂ ਨੂੰ ਸਿਰਦਰਦ ਅਤੇ ਥਕਾਵਟ ਦੀ ਸਮੱਸਿਆ ਵੀ ਮਹਿਸੂਸ ਹੋ ਸਕਦੀ ਹੈ। ਇਸ ਤੋਂ ਬਚਾਅ ਲਈ ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) ਜ਼ਰੂਰ ਜਾਂਚੋ। ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੋਣ ’ਤੇ ਖੁੱਲ੍ਹੇ ਵਿੱਚ ਦੌੜਨ ਜਾਂ ਕਸਰਤ ਕਰਨ ਤੋਂ ਪਰਹੇਜ਼ ਕਰੋ। ਜ਼ਰੂਰੀ ਕੰਮ ਲਈ ਬਾਹਰ ਜਾਣ ਸਮੇਂ ਚੰਗੀ ਤਰ੍ਹਾਂ ਫਿੱਟ ਹੋਣ ਵਾਲਾ ਐੱਨ95 ਮਾਸਕ ਪਹਿਨੋ।

ਘਰ ਵਿੱਚ ਧੂੜ ਅਤੇ ਧੂੰਏਂ ਨੂੰ ਘੱਟ ਰੱਖੋ। ਨਿਯਮਿਤ ਤੌਰ ’ਤੇ ਸਫ਼ਾਈ ਕਰੋ ਅਤੇ ਧੂੜ ਉਡਾਉਣ ਦੀ ਬਜਾਏ ਗਿੱਲੇ ਕੱਪੜੇ ਨਾਲ ਸਫ਼ਾਈ ਕਰਨ ਨੂੰ ਤਰਜੀਹ ਦਿਓ। ਦਮੇ ਦੇ ਮਰੀਜ਼ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਅਤੇ ਇਨਹੇਲਰ ਦੀ ਵਰਤੋਂ ਕਰਦੇ ਰਹਿਣ। ਜੇਕਰ ਲਗਾਤਾਰ ਖੰਘ, ਸਾਹ ਚੜ੍ਹਨ ਜਾਂ ਛਾਤੀ ਵਿੱਚ ਦਰਦ ਦੀ ਸਮੱਸਿਆ ਹੋਵੇ  ਤਾਂ ਡਾਕਟਰੀ ਸਲਾਹ ਜ਼ਰੂਰ ਲਓ। ਗੰਭੀਰ ਸਮੱਸਿਆ ਹੋਣ ਦੀ ਸੂਰਤ ਵਿੱਚ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰੋ।

ਇਹ ਵੀ ਪੜ੍ਹੋ : Healthy Lifestyle Tips: ਸਿਹਤਮੰਦ ਰਹਿਣ ਲਈ ਯੋਗ ਦੇ ਨਾਲ ਅਪਣਾਓ ਖਾਣੇ ਦੇ ਤਿੰਨ ਨਿਯਮ

Comments

Post Your Comment

About The Author

Related Posts