Bathinda Air Pollution: ਬਠਿੰਡਾ 'ਚ ਹਵਾ ਹੋਈ ਜ਼ਹਿਰੀਲੀ, ਏਕਿਉਆਈ 263 'ਤੇ ਪੁੱਜਿਆ; ਧੂੰਏਂ ਅਤੇ ਸਮੌਗ ਦੀ ਮੋਟੀ ਚਾਦਰ ਛਾਈ

ਦੇਰ ਸ਼ਾਮ ਸਮੇਂ ਵਿਜ਼ੀਬਿਲਟੀ ਕਾਫ਼ੀ ਘੱਟ ਹੋਣ ਕਾਰਨ ਤੇ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਪੈ ਗਈ

Satinder Mathur  Picture
Published On

Bathinda Air Pollution: ਬਠਿੰਡਾ, (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਦੇ ਮਾਲਵਾ ਖੇਤਰ ਵਿੱਚ ਹਵਾ ਪ੍ਰਦੂਸ਼ਣ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਬਠਿੰਡਾ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ। ਸ਼ਹਿਰ ਵਿੱਚ ਸਵੇਰ ਤੋਂ ਹੀ ਧੁੰਦ ਅਤੇ ਧੂੰਏਂ ਦਾ ਅਸਰ ਦੇਖਣ ਨੂੰ ਮਿਲਿਆ। ਕਈ ਇਲਾਕਿਆਂ ਵਿੱਚ ਦਿਨ ਵੇਲੇ ਵੀ ਸੂਰਜ ਦੇ ਦਰਸ਼ਨ ਨਹੀਂ ਹੋਏ।ਪਰਾਲੀ ਸਾੜਨ ਦੀਆਂ ਘਟਨਾਵਾਂ, ਵਾਹਨਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਅਤੇ ਮੌਸਮ ਵਿੱਚ ਹਵਾ ਦੀ ਘੱਟ ਰਫ਼ਤਾਰ ਕਾਰਨ ਪ੍ਰਦੂਸ਼ਣ ਦੇ ਕਣ ਵਾਤਾਵਰਣ ਵਿੱਚ ਜਮ੍ਹਾਂ ਹੋ ਰਹੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰਤ ਬੁਲੇਟਿਨ ਅਤੇ ਹਰਦੇਵ ਨਗਰ ਸਥਿਤ ਮਾਨੀਟਰਿੰਗ ਸਟੇਸ਼ਨ ਦੇ ਅੰਕੜਿਆਂ ਮੁਤਾਬਕ, 15 ਨਵੰਬਰ ਦੀ ਸ਼ਾਮ ਤੱਕ ਬਠਿੰਡਾ ਦਾ ਔਸਤ ਏਅਰ ਕੁਆਲਿਟੀ ਇੰਡੈਕਸ 263 ਦਰਜ ਕੀਤਾ ਗਿਆ।

ਪਰਾਲੀ ਦੇ ਧੂੰਏਂ ਅਤੇ ਮੌਸਮੀ ਧੁੰਦ ਕਾਰਨ ਪੂਰੇ ਸ਼ਹਿਰ ਉੱਪਰ ਸਮੌਗ ਦੀ ਮੋਟੀ ਚਾਦਰ ਛਾਈ ਹੋਈ ਹੈ। ਸਵੇਰੇ ਅਤੇ ਦੇਰ ਸ਼ਾਮ ਸਮੇਂ ਵਿਜ਼ੀਬਿਲਟੀ ਕਾਫ਼ੀ ਘੱਟ ਹੋਣ ਕਾਰਨ ਬਠਿੰਡਾ-ਚੰਡੀਗੜ੍ਹ ਅਤੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਵਾਹਨਾਂ ਦੀ ਰਫ਼ਤਾਰ ਵੀ ਹੌਲੀ ਪੈ ਗਈ ਹੈ। ਜ਼ਹਿਰੀਲੀ ਹਵਾ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ 'ਤੇ ਦਿਖਾਈ ਦੇਣ ਲੱਗਾ ਹੈ। ਸਿਵਲ ਹਸਪਤਾਲ ਅਤੇ ਨਿੱਜੀ ਕਲੀਨਿਕਾਂ ਵਿੱਚ ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਜਕੜਨ, ਗਲੇ ਵਿੱਚ ਖਰਾਸ਼, ਲਗਾਤਾਰ ਖੰਘ ਅਤੇ ਅੱਖਾਂ ਵਿੱਚ ਤੇਜ਼ ਜਲਣ ਦੀ ਸ਼ਿਕਾਇਤ ਲੈ ਕੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਨਥਾਣਾ ਸਿਵਲ ਹਸਪਤਾਲ ਦੇ ਐਸਐਮਓ ਡਾ. ਉਮੇਸ਼ ਗੁਪਤਾ ਮੁਤਾਬਕ, ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਦਮਾ, ਬ੍ਰੌਨਕਾਈਟਿਸ ਜਾਂ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਇਹ ਪ੍ਰਦੂਸ਼ਿਤ ਹਵਾ ਖ਼ਤਰਨਾਕ ਸਾਬਤ ਹੋ ਸਕਦੀ ਹੈ। ਡਾਕਟਰਾਂ ਨੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਦੀ ਸੈਰ ਤੋਂ ਪਰਹੇਜ਼ ਕਰਨ ਦੇ ਨਾਲ-ਨਾਲ ਬਾਹਰ ਨਿਕਲਣ ਸਮੇਂ ਐਨ-95 ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਬਠਿੰਡਾ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਪਿੱਛੇ ਖੇਤਾਂ ਵਿੱਚ ਸਾੜੀ ਜਾ ਰਹੀ ਪਰਾਲੀ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸਖ਼ਤੀ ਅਤੇ ਜੁਰਮਾਨੇ ਲਗਾਉਣ ਦੇ ਦਾਅਵਿਆਂ ਦੇ ਬਾਵਜੂਦ ਦੇਰ ਸ਼ਾਮ ਅਤੇ ਰਾਤ ਸਮੇਂ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਵਾਹਨਾਂ ਦਾ ਧੂੰਆਂ, ਉਸਾਰੀ ਦੇ ਕੰਮਾਂ ਤੋਂ ਉੱਡਣ ਵਾਲੀ ਧੂੜ ਅਤੇ ਹਵਾ ਦੀ ਬੇਹੱਦ ਘੱਟ ਰਫ਼ਤਾਰ ਕਾਰਨ ਪ੍ਰਦੂਸ਼ਣ ਦੇ ਕਣ ਹੇਠਲੇ ਵਾਤਾਵਰਣ ਵਿੱਚ ਹੀ ਫਸ ਕੇ ਰਹਿ ਗਏ ਹਨ। ਮੌਸਮ ਵਿਭਾਗ ਅਨੁਸਾਰ, ਜਦੋਂ ਤੱਕ ਤੇਜ਼ ਹਵਾਵਾਂ ਨਹੀਂ ਚੱਲਦੀਆਂ ਜਾਂ ਹਲਕੀ ਬਾਰਿਸ਼ ਨਹੀਂ ਹੁੰਦੀ, ਉਦੋਂ ਤੱਕ ਬਠਿੰਡਾ ਵਾਸੀਆਂ ਨੂੰ ਇਸ ਦਮਘੋਟੂ ਹਵਾ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਫਿਲਹਾਲ ਲੋਕਾਂ ਨੂੰ ਸਿਹਤ ਪ੍ਰਤੀ ਸਾਵਧਾਨ ਰਹਿਣ ਅਤੇ ਬੇਲੋੜਾ ਘਰੋਂ ਬਾਹਰ ਨਿਕਲਣ ਤੋਂ ਬਚਣ ਦੀ ਲੋੜ ਹੈ।

Comments

Post Your Comment

About The Author

Related Posts