Punjab
Healthy Lifestyle Tips: ਸਿਹਤਮੰਦ ਰਹਿਣ ਲਈ ਯੋਗ ਦੇ ਨਾਲ ਅਪਣਾਓ ਖਾਣੇ ਦੇ ਤਿੰਨ ਨਿਯਮ
ਸਿਹਤਮੰਦ ਰਹਿਣ ਲਈ ਯੋਗ ਦੇ ਨਾਲ ਅਪਣਾਓ ਖਾਣੇ ਦੇ ਤਿੰਨ ਨਿਯਮ
ਅੱਜ-ਕੱਲ੍ਹ ਤੰਦਰੁਸਤ ਤੇ ਸਿਹਤਮੰਦ ਰਹਿਣ ਲਈ ਵੱਡੀ ਗਿਣਤੀ ਵਿੱਚ ਲੋਕ ਯੋਗ ਨੂੰ ਆਪਣੀ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣਾ ਰਹੇ ਹਨ। ਯੋਗ ਸਰੀਰ ਨੂੰ ਸਰਗਰਮ ਰੱਖਣ ਅਤੇ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਵਿੱਚ ਮੱਦਦ ਕਰ ਸਕਦਾ ਹੈ, ਪਰ ਚੰਗੀ ਸਿਹਤ ਲਈ ਸਿਰਫ਼ ਯੋਗ ਅਭਿਆਸ ਕਰਨਾ ਹੀ ਕਾਫ਼ੀ ਨਹੀਂ ਹੈ। ਤੁਹਾਡਾ ਖਾਣ-ਪੀਣ ਵੀ ਓਨਾ ਹੀ ਮਹੱਤਵਪੂਰਨ ਹੈ। ਤੁਸੀਂ ਕੀ ਖਾਂਦੇ ਹੋ, ਕਿੰਨੀ ਮਾਤਰਾ ਵਿੱਚ ਖਾਂਦੇ ਹੋ ਅਤੇ ਕਿਸ ਤਰ੍ਹਾਂ ਦੀ ਮਨੋਦਸ਼ਾ ਵਿੱਚ ਭੋਜਨ ਕਰਦੇ ਹੋ, ਇਨ੍ਹਾਂ ਸਾਰੀਆਂ ਗੱਲਾਂ ਦਾ ਸਿਹਤ ’ਤੇ ਅਸਰ ਪੈਂਦਾ ਹੈ। ਆਯੂਸ਼ ਮੰਤਰਾਲੇ ਨੇ ਵੀ ਇਸ ਸਬੰਧ ’ਚ ਯੁਕਤ ਆਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਹੈ। ਯੋਗ ’ਚ ਦੱਸੇ ਗਏ ਮਿੱਤ-ਆਹਾਰ ਦੇ ਸਿਧਾਂਤ ਅਨੁਸਾਰ ਭੋਜਨ ਦੀ ਗੁਣਵੱਤਾ, ਮਾਤਰਾ ਤੇ ਖਾਣ ਦੇ ਤਰੀਕੇ ਵੱਲ ਧਿਆਨ ਦੇਣਾ ਚਾਹੀਦਾ ਹੈ।
ਯੁਕਤ ਆਹਾਰ ਦਾ ਕੀ ਹੈ ਅਰਥ?
ਯੁਕਤ ਆਹਾਰ ਦਾ ਅਰਥ ਹੈ ਸਰੀਰ ਦੀ ਲੋੜ ਅਨੁਸਾਰ ਸਹੀ ਅਤੇ ਸੰਤੁਲਿਤ ਭੋਜਨ ਕਰਨਾ। ਹਰ ਵਿਅਕਤੀ ਦੀ ਉਮਰ, ਸਰੀਰਕ ਗਤੀਵਿਧੀ ਅਤੇ ਸਿਹਤ ਦੀ ਸਥਿਤੀ ਵੱਖਰੀ ਹੁੰਦੀ ਹੈ, ਇਸ ਲਈ ਉਸ ਦੀਆਂ ਖੁਰਾਕ ਸਬੰਧੀ ਲੋੜਾਂ ਵੀ ਵੱਖਰੀਆਂ ਹੋ ਸਕਦੀਆਂ ਹਨ। ਭੋਜਨ ਵਿੱਚ ਅਜਿਹੇ ਖੁਰਾਕ ਪਦਾਰਥ ਸ਼ਾਮਲ ਹੋਣੇ ਚਾਹੀਦੇ ਹਨ, ਜੋ ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਲੋੜੀਂਦੇ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਨ। ਸੰਤੁਲਿਤ ਖੁਰਾਕ ਵਿੱਚ ਅਨਾਜ, ਦਾਲਾਂ, ਫਲ, ਸਬਜ਼ੀਆਂ, ਦੁੱਧ ਜਾਂ ਇਸ ਦੇ ਬਦਲ ਅਤੇ ਉਚਿਤ ਮਾਤਰਾ ਵਿੱਚ ਗੁੱਡ ਕੋਲੈਸਟਰੋਲ ਸ਼ਾਮਲ ਕੀਤੀ ਸਕਦੀ ਹੈ। ਭੋਜਨ ਦੀ ਚੋਣ ਕਰਦੇ ਸਮੇਂ ਸੁਆਦ ਦੇ ਨਾਲ-ਨਾਲ ਪੌਸ਼ਟਿਕਤਾ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।
ਮਿੱਤ-ਆਹਾਰ ਸਿਖਾਉਂਦਾ ਹੈ ਸਹੀ ਮਾਤਰਾ ਵਿੱਚ ਭੋਜਨ ਕਰਨਾ:
ਯੋਗ ਵਿੱਚ ਮਿੱਤ-ਆਹਾਰ ਦਾ ਸਿਧਾਂਤ ਭੋਜਨ ਦੀ ਮਾਤਰਾ ਪ੍ਰਤੀ ਜਾਗਰੂਕ ਰਹਿਣ ਦੀ ਸਿੱਖਿਆ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਵਿਅਕਤੀ ਨੂੰ ਆਪਣੀ ਭੁੱਖ ਅਤੇ ਸਰੀਰ ਦੀ ਲੋੜ ਅਨੁਸਾਰ ਭੋਜਨ ਕਰਨਾ ਚਾਹੀਦਾ ਹੈ। ਲੋੜ ਤੋਂ ਵੱਧ ਖਾਣ ਦੀ ਆਦਤ ਭਾਰ ਵਧਣ ਤੇ ਪਾਚਨ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਦੇ ਉਲਟ, ਬਹੁਤ ਘੱਟ ਭੋਜਨ ਕਰਨ ਨਾਲ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਨਹੀਂ ਮਿਲ ਪਾਉਂਦੇ। ਇਸ ਲਈ ਭੋਜਨ ਦੀ ਮਾਤਰਾ ਅਜਿਹੀ ਰੱਖੋ, ਜਿਸ ਨਾਲ ਸਰੀਰ ਨੂੰ ਲੋੜੀਂਦੀ ਊਰਜਾ ਮਿਲੇ ਅਤੇ ਢਿੱਡ ਬੇਲੋੜਾ ਭਰਿਆ ਹੋਇਆ ਮਹਿਸੂਸ ਨਾ ਹੋਵੇ। ਹੌਲੀ-ਹੌਲੀ ਭੋਜਨ ਕਰਨ ਨਾਲ ਭੁੱਖ ਅਤੇ ਢਿੱਡ ਭਰਨ ਦੇ ਸੰਕੇਤਾਂ ਨੂੰ ਸਮਝਣ ਵਿੱਚ ਮੱਦਦ ਮਿਲਦੀ ਹੈ।
ਭੋਜਨ ਦੀ ਗੁਣਵੱਤਾ ਵੱਲ ਦਿਓ ਧਿਆਨ:
ਆਯੂਸ਼ ਮੰਤਰਾਲੇ ਨੇ ਭੋਜਨ ਦੀ ਗੁਣਵੱਤਾ ਨੂੰ ਵੀ ਮਹੱਤਵਪੂਰਨ ਦੱਸਿਆ ਹੈ। ਰੋਜ਼ਾਨਾ ਦੀ ਖੁਰਾਕ ਵਿੱਚ ਤਾਜ਼ੇ ਅਤੇ ਪੌਸ਼ਟਿਕ ਖੁਰਾਕ ਪਦਾਰਥਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਮੌਸਮੀ ਫਲ, ਹਰੀਆਂ ਸਬਜ਼ੀਆਂ, ਸਾਬਤ ਅਨਾਜ ਅਤੇ ਦਾਲਾਂ ਚੰਗੇ ਬਦਲ ਹੋ ਸਕਦੇ ਹਨ। ਬਹੁਤ ਜ਼ਿਆਦਾ ਤਲੀਆਂ-ਭੁੰਨ੍ਹੀਆਂ ਤੇ ਪ੍ਰੋਸੈੱਸਡ ਖੁਰਾਕੀ ਵਸਤੂਆਂ ਦਾ ਨਿਯਮਤ ਸੇਵਨ ਸੀਮਤ ਰੱਖਣਾ ਬਿਹਤਰ ਹੈ। ਭੋਜਨ ਤਿਆਰ ਕਰਦੇ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖੋ ਅਤੇ ਖਾਣਾ ਸੰਤੁਲਿਤ ਤਰੀਕੇ ਨਾਲ ਪਕਾਓ। ਭੋਜਨ ਦਾ ਮਕਸਦ ਸਿਰਫ਼ ਢਿੱਡ ਭਰਨਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਸਰੀਰ ਨੂੰ ਲੋੜੀਂਦਾ ਪੋਸ਼ਣ ਦੇਣਾ ਵੀ ਓਨਾ ਹੀ ਜ਼ਰੂਰੀ ਹੈ।
ਸ਼ਾਂਤ ਮਨ ਨਾਲ ਕਰੋ ਭੋਜਨ
ਭੋਜਨ ਕਰਦੇ ਸਮੇਂ ਮਨ ਦੀ ਸਥਿਤੀ ਵੀ ਖਾਣ ਦੇ ਤਜ਼ਰਬੇ ਨੂੰ ਪ੍ਰਭਾਵਿਤ ਕਰਦੀ ਹੈ। ਕਾਹਲੀ ਵਿੱਚ ਖਾਣਾ ਜਾਂ ਮੋਬਾਇਲ ਅਤੇ ਟੀਵੀ ਦੇਖਦੇ ਹੋਏ ਭੋਜਨ ਕਰਨ ਨਾਲ ਵਿਅਕਤੀ ਦਾ ਧਿਆਨ ਖਾਣੇ ਤੋਂ ਹਟ ਸਕਦਾ ਹੈ। ਅਜਿਹੀ ਸਥਿਤੀ ਵਿੱਚ ਕਈ ਵਾਰ ਉਹ ਆਪਣੀ ਭੁੱਖ ਅਤੇ ਢਿੱਡ ਭਰਨ ਦੇ ਸੰਕੇਤਾਂ ਨੂੰ ਸਹੀ ਢੰਗ ਨਾਲ ਸਮਝ ਨਹੀਂ ਪਾਉਂਦਾ। ਇਸ ਲਈ ਭੋਜਨ ਕਰਦੇ ਸਮੇਂ ਮਨ ਨੂੰ ਸ਼ਾਂਤ ਰੱਖੋ ਅਤੇ ਆਪਣਾ ਪੂਰਾ ਧਿਆਨ ਖਾਣੇ ਵੱਲ ਲਾਓ। ਹਰ ਬੁਰਕੀ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਸਭ ਤੋਂ ਬਿਹਤਰ ਇਹ ਹੈ ਕਿ ਭੋਜਨ ਕਰਨ ਤੋਂ ਪਹਿਲਾਂ 5 ਮਿੰਟ ਸਿਮਰਨ ਜ਼ਰੂਰ ਕਰੋ। ਪਰਿਵਾਰ ਦੇ ਮੈਂਬਰਾਂ ਨਾਲ ਬੈਠ ਕੇ ਬਿਨਾਂ ਕਾਹਲੀ ਕੀਤੇ ਭੋਜਨ ਕਰਨਾ ਵੀ ਇੱਕ ਚੰਗੀ ਆਦਤ ਹੋ ਸਕਦੀ ਹੈ। ਇਸ ਨਾਲ ਖਾਣੇ ਦੀ ਮਾਤਰਾ ਤੇ ਸੁਆਦ ਵੱਲ ਧਿਆਨ ਦੇਣਾ ਸੌਖਾ ਹੋ ਜਾਂਦਾ ਹੈ।
ਖਾਣ-ਪੀਣ ’ਚ ਅਪਣਾਓ ਇਹ ਪੰਜ ਚੰਗੀਆਂ ਆਦਤਾਂ:
- ਤਾਜ਼ਾ ਭੋਜਨ ਚੁਣੋ: ਰੋਜ਼ਾਨਾ ਦੀ ਖੁਰਾਕ ਵਿੱਚ ਮੌਸਮੀ ਫਲ, ਸਬਜ਼ੀਆਂ ਤੇ ਤਾਜ਼ਾ ਤਿਆਰ ਕੀਤਾ ਭੋਜਨ ਸ਼ਾਮਲ ਕਰੋ।
- ਸੰਤੁਲਿਤ ਥਾਲੀ ਬਣਾਓ: ਅਨਾਜ, ਦਾਲ, ਸਬਜ਼ੀਆਂ ਅਤੇ ਹੋਰ ਪੌਸ਼ਟਿਕ ਖੁਰਾਕ ਪਦਾਰਥਾਂ ਨੂੰ ਉਚਿਤ ਮਾਤਰਾ ਵਿੱਚ ਲਓ।
- ਭੁੱਖ ਅਨੁਸਾਰ ਖਾਓ: ਲੋੜ ਤੋਂ ਵੱਧ ਖਾਣਾ ਅਤੇ ਭੋਜਨ ਛੱਡਣ ਦੀ ਆਦਤ ਤੋਂ ਬਚੋ।
- ਹੌਲੀ-ਹੌਲੀ ਭੋਜਨ ਕਰੋ: ਹਰ ਬੁਰਕੀ ਨੂੰ ਚੰਗੀ ਤਰ੍ਹਾਂ ਚਬਾਓ ਅਤੇ ਕਾਹਲੀ ਵਿੱਚ ਖਾਣ ਤੋਂ ਪਰਹੇਜ਼ ਕਰੋ।
- ਧਿਆਨ ਲਾ ਕੇ ਖਾਓ: ਭੋਜਨ ਕਰਦੇ ਸਮੇਂ ਮੋਬਾਇਲ ਅਤੇ ਟੀਵੀ ਤੋਂ ਦੂਰੀ ਬਣਾਓ ਅਤੇ ਆਪਣਾ ਪੂਰਾ ਧਿਆਨ ਖਾਣੇ ਵੱਲ ਰੱਖੋ।
ਇਹ ਵੀ ਪੜ੍ਹੋ : India Population 2026: ਮਨੁੱਖੀ ਵਿਕਾਸ ਤੇ ਭਵਿੱਖ ਲਈ ਤਿਆਰੀ ਜ਼ਰੂਰੀ
Comments