Dengue Research In Chandigarh: ਡੇਂਗੂ ਪੀੜਤ ਬੱਚਿਆਂ ਦੇ ਇਲਾਜ ਲਈ ਜੀਐਮਸੀਐਚ-32 ਚੰਡੀਗੜ੍ਹ ’ਚ ਖੋਜ ਸ਼ੁਰੂ

ਆਈਸੀਐਮਆਰ ਦੇ ਸਹਿਯੋਗ ਨਾਲ ਰਵਾਇਤੀ ਫਲੂਇਡ ਥੈਰੇਪੀ ਤੇ ਪਲਾਜ਼ਮਾਲਾਈਟ ਦੀ ਹੋਵੇਗੀ ਤੁਲਨਾ; ਵਧੇਰੇ ਪ੍ਰਭਾਵਸ਼ਾਲੀ ਇਲਾਜ ਦੀ ਕੀਤੀ ਜਾਵੇਗੀ ਪਛਾਣ

Satinder Mathur  Picture
Published On

Dengue Research In Chandigarh: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਡੇਂਗੂ ਸ਼ੌਕ ਸਿੰਡਰੋਮ ਤੋਂ ਪੀੜਤ ਬੱਚਿਆਂ ਦੀ ਜਾਨ ਬਚਾਉਣ ਅਤੇ ਉਨ੍ਹਾਂ ਦੇ ਇਲਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ)-32 ਵਿੱਚ ਇੱਕ ਅਹਿਮ ਖੋਜ ਅਧਿਐਨ ਸ਼ੁਰੂ ਕੀਤਾ ਗਿਆ ਹੈ। ਹਸਪਤਾਲ ਦੇ ਬਾਲ ਰੋਗ ਵਿਭਾਗ ਵੱਲੋਂ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐਮਆਰ) ਦੇ ਸਹਿਯੋਗ ਨਾਲ ਇਹ ਟ੍ਰਾਇਲ ਕੀਤਾ ਜਾ ਰਿਹਾ ਹੈ। ਇਸ ਵਿੱਚ ਰਵਾਇਤੀ ਫਲੂਇਡ ਥੈਰੇਪੀ ਅਤੇ ਪਲਾਜ਼ਮਾਲਾਈਟ ਦੀ ਪ੍ਰਭਾਵਸ਼ੀਲਤਾ ਦੀ ਤੁਲਨਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Samana News: ਇਸ ਬੱਚੇ ਦੀ ਇਮਾਨਦਾਰੀ ਦੇਖ ਕੇ ਤੁਸੀਂ ਵੀ ਕਹਿ ਉੱਠੋਗੇ, ਵਾਹ! ਵਾਹ!, ਕਿਸ ਨੇ ਦਿੱਤੀ ਇਹ ਸਿੱਖਿਆ?

ਇਸ ਖੋਜ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਗੰਭੀਰ ਡੇਂਗੂ ਨਾਲ ਪੀੜਤ ਬੱਚਿਆਂ ਦੇ ਇਲਾਜ ਵਿੱਚ ਕਿਹੜਾ ਤਰਲ ਪਦਾਰਥ ਵਧੇਰੇ ਕਾਰਗਰ ਸਾਬਤ ਹੁੰਦਾ ਹੈ। ਇਸ ਦੇ ਨਤੀਜਿਆਂ ਰਾਹੀਂ ਬੱਚਿਆਂ ਦੀ ਮੌਤ ਦਰ ਘਟਾਉਣ ਅਤੇ ਇਲਾਜ ਲਈ ਬਿਹਤਰ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਪਲਾਜ਼ਮਾਲਾਈਟ ਇੱਕ ਸੰਤੁਲਿਤ ਇਲੈਕਟ੍ਰੋਲਾਈਟ ਘੋਲ ਹੈ। ਖੋਜ ਦੌਰਾਨ ਦੋਵਾਂ ਤਰ੍ਹਾਂ ਦੀਆਂ ਫਲੂਇਡ ਥੈਰੇਪੀਆਂ ਦੇ ਪ੍ਰਭਾਵਾਂ ਦਾ ਵਿਗਿਆਨਕ ਢੰਗ ਨਾਲ ਮੁਲਾਂਕਣ ਕੀਤਾ ਜਾਵੇਗਾ। ਇਸ ਵਿੱਚ ਇਹ ਦੇਖਿਆ ਜਾਵੇਗਾ ਕਿ ਕਿਹੜਾ ਫਲੂਇਡ ਬੱਚਿਆਂ ਦੇ ਸਰੀਰ ਦੇ ਅੰਗਾਂ ਦੀ ਸੁਰੱਖਿਆ, ਖੂਨ ਦਾ ਸੰਚਾਰ ਬਰਕਰਾਰ ਰੱਖਣ ਅਤੇ ਸਿਹਤਯਾਬੀ ਵਿੱਚ ਵਧੇਰੇ ਮਦਦਗਾਰ ਹੈ।

ਇਸ ਖੋਜ ਦੇ ਨਤੀਜੇ ਗੰਭੀਰ ਡੇਂਗੂ ਨਾਲ ਪੀੜਤ ਬੱਚਿਆਂ ਦੇ ਇਲਾਜ ਲਈ ਵਧੇਰੇ ਸਟੀਕ ਕੌਮੀ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਿੱਚ ਸਹਾਇਕ ਹੋ ਸਕਦੇ ਹਨ। ਇਸ ਨਾਲ ਡਾਕਟਰਾਂ ਨੂੰ ਮਰੀਜ਼ ਦੀ ਸਥਿਤੀ ਅਨੁਸਾਰ ਢੁੱਕਵੀਂ ਫਲੂਇਡ ਥੈਰੇਪੀ ਚੁਣਨ ਲਈ ਵਿਗਿਆਨਕ ਆਧਾਰ ਮਿਲੇਗਾ। ਇਸ ਪ੍ਰਾਜੈਕਟ ਤਹਿਤ ਡਾਟਾ ਐਂਟਰੀ ਆਪਰੇਟਰ ਦੀ ਇੱਕ ਅਸਾਮੀ ਲਈ ਵੀ ਭਰਤੀ ਕੀਤੀ ਜਾ ਰਹੀ ਹੈ। ਚੁਣੇ ਗਏ ਉਮੀਦਵਾਰ ਨੂੰ 29,200 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾਵੇਗਾ। ਉਮੀਦਵਾਰ ਕੋਲ ਬੀਸੀਏ, ਆਈਟੀ ਜਾਂ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ ਅਤੇ ਉਮਰ ਵੱਧ ਤੋਂ ਵੱਧ 30 ਸਾਲ ਹੋਣੀ ਨਿਰਧਾਰਤ ਕੀਤੀ ਗਈ ਹੈ।

ਇਹ ਨਿਯੁਕਤੀ ਤਿੰਨ ਮਹੀਨਿਆਂ ਦੇ ਠੇਕੇ ’ਤੇ ਹੋਵੇਗੀ। ਚਾਹਵਾਨ ਉਮੀਦਵਾਰ 13 ਨਵੰਬਰ 2026 ਨੂੰ ਸ਼ਾਮ 5 ਵਜੇ ਤੱਕ ਆਪਣਾ ਬਾਇਓਡਾਟਾ ਅਤੇ ਲੋੜੀਂਦੇ ਦਸਤਾਵੇਜ਼ ਈਮੇਲ ਰਾਹੀਂ ਭੇਜ ਸਕਦੇ ਹਨ। ਇਸ ਤੋਂ ਇਲਾਵਾ ਦਸਤਾਵੇਜ਼ਾਂ ਦੀ ਹਾਰਡ ਕਾਪੀ ਬਾਲ ਰੋਗ ਵਿਭਾਗ, ਬਲਾਕ-ਡੀ, ਲੈਵਲ-4, ਜੀਐਮਸੀਐਚ-32 ਵਿਖੇ ਵੀ ਜਮ੍ਹਾਂ ਕਰਵਾਉਣੀ ਹੋਵੇਗੀ।

Comments

Post Your Comment

About The Author

Related Posts