Samana News: ਇਸ ਬੱਚੇ ਦੀ ਇਮਾਨਦਾਰੀ ਦੇਖ ਕੇ ਤੁਸੀਂ ਵੀ ਕਹਿ ਉੱਠੋਗੇ, ਵਾਹ! ਵਾਹ!, ਕਿਸ ਨੇ ਦਿੱਤੀ ਇਹ ਸਿੱਖਿਆ?

ਬਿਨਾਂ ਕਿਸੇ ਲਾਲਚ ਦੇ ਫੋਨ ਚੁੱਕਿਆ ਅਤੇ ਘਰ ਆ ਕੇ ਆਪਣੇ ਪਿਤਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ

Ravinder Sharma Picture
Published On

ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਇੱਕ ਛੋਟੇ ਜਿਹੇ ਬੱਚੇ ਨੇ ਇਮਾਨਦਾਰੀ ਦੀ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਬੱਚੇ ਨੇ ਸੜਕ ਕਿਨਾਰੇ ਡਿੱਗਿਆ ਹੋਇਆ ਮਹਿੰਗਾ ਆਈਫੋਨ ਲੱਭਣ ਤੋਂ ਬਾਅਦ ਉਸ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਅਸਲ ਮਾਲਕ ਤੱਕ ਪਹੁੰਚਾ ਕੇ ਮਾਨਵਤਾ ਅਤੇ ਇਮਾਨਦਾਰੀ ਦਾ ਸੰਦੇਸ਼ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਪ੍ਰੀਤ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵਿਹਾਨ ਇੰਸਾਂ ਬਾਜ਼ਾਰ ਵਿੱਚ ਕੁਝ ਸਮਾਨ ਖਰੀਦਣ ਲਈ ਗਿਆ ਹੋਇਆ ਸੀ। ਇਸ ਦੌਰਾਨ ਉਸ ਦੀ ਨਜ਼ਰ ਸੜਕ ਕਿਨਾਰੇ ਪਏ ਇੱਕ ਆਈਫੋਨ ’ਤੇ ਪਈ। ਵਿਹਾਨ ਨੇ ਬਿਨਾਂ ਕਿਸੇ ਲਾਲਚ ਦੇ ਫੋਨ ਚੁੱਕਿਆ ਅਤੇ ਘਰ ਆ ਕੇ ਆਪਣੇ ਪਿਤਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਪ੍ਰੀਤ ਇੰਸਾਂ ਨੇ ਦੱਸਿਆ ਕਿ ਫੋਨ ਦੇ ਅਸਲ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਕੁਝ ਸਮੇਂ ਬਾਅਦ ਉਸ ਫੋਨ ’ਤੇ ਇੱਕ ਕਾਲ ਆਈ। ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਦਾ ਮੋਬਾਈਲ ਫੋਨ ਕਿਤੇ ਗੁੰਮ ਹੋ ਗਿਆ ਹੈ। ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਫੋਨ ਸੁਰੱਖਿਅਤ ਉਨ੍ਹਾਂ ਕੋਲ ਹੈ ਤਾਂ ਉਸ ਦੀ ਚਿੰਤਾ ਦੂਰ ਹੋ ਗਈ। ਉਨ੍ਹਾਂ ਨੇ ਫੋਨ ਦੇ ਮਾਲਕ ਨੂੰ ਬਿਨਾਂ ਕਿਸੇ ਦੇਰੀ ਦੇ ਆਪਣਾ ਮੋਬਾਈਲ ਲੈ ਜਾਣ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਜਦੋਂ ਫੋਨ ਅਸਲ ਮਾਲਕ ਨੂੰ ਵਾਪਸ ਸੌਂਪਿਆ ਗਿਆ ਤਾਂ ਉਨ੍ਹਾਂ ਦੇ ਬੇਟੇ ਵਿਹਾਨ ਇੰਸਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਬੱਚੇ ਵੱਲੋਂ ਦਿਖਾਈ ਗਈ ਇਮਾਨਦਾਰੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਉਨ੍ਹਾਂ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਚੰਗੀਆਂ ਸਿੱਖਿਆਵਾਂ ਬੱਚਿਆਂ ਵਿੱਚ ਇਮਾਨਦਾਰੀ ਅਤੇ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ।

ਦੂਜੇ ਪਾਸੇ, ਮੋਬਾਈਲ ਦੇ ਮਾਲਕ ਸੂਰਜ ਕੁਮਾਰ ਨੇ ਦੱਸਿਆ ਕਿ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਕਿ ਉਸ ਦਾ ਫੋਨ ਕਦੋਂ ਜੇਬ ਵਿੱਚੋਂ ਡਿੱਗ ਗਿਆ। ਜਦੋਂ ਉਹ ਘਰ ਪਹੁੰਚਿਆ ਅਤੇ ਜੇਬ ਵਿੱਚ ਮੋਬਾਈਲ ਨਾ ਮਿਲਿਆ ਤਾਂ ਉਹ ਕਾਫ਼ੀ ਪ੍ਰੇਸ਼ਾਨ ਹੋ ਗਿਆ। ਉਸ ਨੇ ਤੁਰੰਤ ਆਪਣੇ ਨੰਬਰ ’ਤੇ ਫੋਨ ਕੀਤਾ। ਫੋਨ ਚੁੱਕਣ ਵਾਲਿਆਂ ਨੇ ਦੱਸਿਆ ਕਿ ਉਸ ਦਾ ਮੋਬਾਈਲ ਉਨ੍ਹਾਂ ਕੋਲ ਸੁਰੱਖਿਅਤ ਹੈ ਅਤੇ ਉਹ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰ ਹਨ। ਉਨ੍ਹਾਂ ਨੇ ਸੂਰਜ ਕੁਮਾਰ ਨੂੰ ਭਰੋਸਾ ਦਿਵਾਇਆ ਕਿ ਉਹ ਬਿਨਾਂ ਕਿਸੇ ਚਿੰਤਾ ਦੇ ਆ ਕੇ ਆਪਣਾ ਫੋਨ ਲੈ ਜਾਵੇ।

ਸੂਰਜ ਕੁਮਾਰ ਨੇ ਵਿਹਾਨ ਇੰਸਾਂ ਦੀ ਇਮਾਨਦਾਰੀ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਮਹਿੰਗੀਆਂ ਵਸਤਾਂ ਗੁਆਉਣ ਤੋਂ ਡਰਦੇ ਹਨ, ਉੱਥੇ ਇੱਕ ਛੋਟੇ ਬੱਚੇ ਵੱਲੋਂ ਅਜਿਹਾ ਨੇਕ ਕਾਰਜ ਕਰਨਾ ਬੇਹੱਦ ਕਾਬਿਲੇ-ਤਾਰੀਫ਼ ਹੈ। ਉਨ੍ਹਾਂ ਪੂਜਨੀਕ ਗੁਰੂ ਜੀ ਅਤੇ ਸਮੂਹ ਸੇਵਾਦਾਰਾਂ ਦਾ ਆਪਣਾ ਗੁੰਮ ਹੋਇਆ ਮੋਬਾਈਲ ਵਾਪਸ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਵਿਹਾਨ ਇੰਸਾਂ ਦੇ ਇਸ ਛੋਟੇ ਜਿਹੇ ਪਰ ਸ਼ਲਾਘਾਯੋਗ ਉਪਰਾਲੇ ਨੇ ਇਹ ਸੰਦੇਸ਼ ਦਿੱਤਾ ਹੈ ਕਿ ਇਮਾਨਦਾਰੀ ਦੀ ਸਿੱਖਿਆ ਉਮਰ ਦੀ ਮੋਹਤਾਜ ਨਹੀਂ ਹੁੰਦੀ, ਸਗੋਂ ਚੰਗੇ ਸੰਸਕਾਰ ਹੀ ਮਨੁੱਖ ਨੂੰ ਸਹੀ ਰਸਤਾ ਦਿਖਾਉਂਦੇ ਹਨ। ਇਸ ਮੌਕੇ ਸੇਵਾਦਾਰ ਸੰਨੀ ਇੰਸਾਂ, ਮੋਹਿਤ ਇੰਸਾਂ ਤੇ ਹੋਰ ਹਾਜ਼ਰ ਸਨ।

Read Also ; ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ, ਪੁਲਿਸ ਨੇ ਕੀਤਾ ਐਨਕਾਊਂਟਰ

Comments

Post Your Comment

About The Author

Related Posts