Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਦਿਨ ਵੇਲੇ ਤੇਜ਼ ਧੁੱਪ, ਸਵੇਰੇ-ਸ਼ਾਮ ਠੰਢ ਦਾ ਅਹਿਸਾਸ
ਦੀਵਾਲੀ ’ਤੇ ਵੀ ਮੌਸਮ ਸਾਫ਼ ਰਹਿਣ ਦੀ ਸੰਭਾਵਨਾ, ਅਗਲੇ ਤਿੰਨ ਦਿਨ ਸਵੇਰੇ ਤੇ ਰਾਤ ਨੂੰ ਪੈ ਸਕਦੀ ਹੈ ਹਲਕੀ ਤੋਂ ਦਰਮਿਆਨੀ ਧੁੰਦ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਏਜੰਸੀ)। ਪੰਜਾਬ ਤੇ ਚੰਡੀਗੜ੍ਹ ’ਚ ਇਨ੍ਹੀਂ ਦਿਨੀਂ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਦਿਨ ਵੇਲੇ ਤੇਜ਼ ਧੁੱਪ ਨਿਕਲ ਰਹੀ ਹੈ, ਜਦਕਿ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਢ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਅਨੁਸਾਰ ਅੱਜ 7 ਨਵੰਬਰ ਨੂੰ ਸੂਬੇ ’ਚ ਮੌਸਮ ਖੁਸ਼ਕ ਰਹੇਗਾ, ਜਦਕਿ 8 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਵੀ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ’ਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਹਾਲਾਂਕਿ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। 6 ਨਵੰਬਰ ਨੂੰ ਬਠਿੰਡਾ ’ਚ ਸਭ ਤੋਂ ਵੱਧ 32.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਇੱਕ ਪੱਛਮੀ ਗੜਬੜੀ ਅੱਗੇ ਲੰਘ ਚੁੱਕੀ ਹੈ, ਜਦਕਿ ਨਵੀਂ ਪੱਛਮੀ ਗੜਬੜੀ 10 ਨਵੰਬਰ ਤੋਂ ਪੱਛਮੀ ਹਿਮਾਲਿਆਈ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪੰਜਾਬ ’ਚ ਅਗਲੇ ਪੰਜ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਫਿਲਹਾਲ ਅਗਲੇ ਕੁਝ ਦਿਨਾਂ ਦੌਰਾਨ ਮੌਸਮ ’ਚ ਕਿਸੇ ਵੱਡੇ ਬਦਲਾਅ ਦੇ ਆਸਾਰ ਨਹੀਂ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਰਾਤ ਤੇ ਸਵੇਰ ਸਮੇਂ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਕਾਰਨ ਸਵੇਰੇ ਅਤੇ ਸ਼ਾਮ ਨੂੰ ਠੰਢ ਦਾ ਅਹਿਸਾਸ ਬਣਿਆ ਰਹੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇਸ ਹਫ਼ਤੇ ਪੰਜਾਬ ’ਚ ਚੰਗੀ ਬਾਰਿਸ਼ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਪੂਰਬੀ ਜ਼ਿਲ੍ਹਿਆਂ ਪਟਿਆਲਾ, ਫਤਹਿਗੜ੍ਹ ਸਾਹਿਬ, ਮੋਹਾਲੀ, ਰੂਪਨਗਰ ਤੇ ਲੁਧਿਆਣਾ ਦੇ ਨਾਲ-ਨਾਲ ਉੱਤਰੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ’ਚ ਵੱਧ ਤੋਂ ਵੱਧ ਤਾਪਮਾਨ 28 ਤੋਂ 30 ਡਿਗਰੀ ਸੈਲਸੀਅਸ ਵਿਚਕਾਰ ਰਹਿ ਸਕਦਾ ਹੈ।
ਬਾਕੀ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 30 ਤੋਂ 32 ਡਿਗਰੀ ਤੱਕ ਰਹਿਣ ਦਾ ਅਨੁਮਾਨ ਹੈ। ਪੂਰੇ ਹਫ਼ਤੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਆਮ ਜਾਂ ਆਮ ਨਾਲੋਂ ਕੁਝ ਵੱਧ ਰਹਿ ਸਕਦਾ ਹੈ। ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਉੱਤਰੀ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ 10 ਤੋਂ 12 ਡਿਗਰੀ ਤੇ ਬਾਕੀ ਜ਼ਿਲ੍ਹਿਆਂ ’ਚ 12 ਤੋਂ 14 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਪੂਰੇ ਸੂਬੇ ਵਿੱਚ ਘੱਟੋ-ਘੱਟ ਤਾਪਮਾਨ ਆਮ ਦੇ ਨੇੜੇ ਰਹਿਣ ਦਾ ਅਨੁਮਾਨ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਰਾਤਾਂ ਠੰਢੀਆਂ ਰਹਿਣਗੀਆਂ।
ਇਹ ਵੀ ਪੜ੍ਹੋ : Delhi AQI Today: ਦੀਵਾਲੀ ਤੋਂ ਪਹਿਲਾਂ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ’ਚ ਏਕਿਊਆਈ 400 ਪਾਰ
Comments