Lehragaga News: ਲੇਹਲ ਕਲਾਂ ਤੇ ਬੱਲਰਾਂ 'ਚ ਅੱਗ ਦਾ ਕਹਿਰ! ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਹੋਈ ਸੁਆਹ
ਕਿਸਾਨ ਨੇ ਠੇਕੇ ’ਤੇ ਲਈ ਸੀ ਜ਼ਮੀਨ , ਲੱਖਾਂ ਰੁਪਏ ਦਾ ਨੁਕਸਾਨ
ਲੇਹਲ ਕਲਾਂ ਤੇ ਬੱਲਰਾਂ ਦੇ ਕਿਸਾਨਾਂ ’ਤੇ ਅੱਗ ਦਾ ਕਹਿਰ, 7-8 ਕਿੱਲੇ ਖੜ੍ਹੀ ਜੀਰੀ ਸੜ ਕੇ ਸੁਆਹ
ਲਹਿਰਾਗਾਗਾ, (ਰਾਜ ਸਿੰਗਲਾ)। ਹਲਕਾ ਲਹਿਰਾ ਦੇ ਪਿੰਡ ਲੇਹਲ ਕਲਾਂ ਅਤੇ ਬੱਲਰਾਂ ਦੇ ਕਿਸਾਨਾਂ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਖੇਤਾਂ ਪੱਕ ਕੇ ਤਿਆਰ ਹੋਈ ਖੜ੍ਹੀ ਕਰੀਬ 7 ਤੋਂ 8 ਕਿੱਲੇ ਜੀਰੀ ਦੀ ਫ਼ਸਲ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਲੇਹਲ ਕਲਾਂ ਦੇ ਕਿਸਾਨ ਹਰਪਾਲ ਸਿੰਘ ਉਰਫ਼ ਕਾਲਾ ਪੁੱਤਰ ਸੁਖਦੇਵ ਸਿੰਘ ਅਤੇ ਪਿੰਡ ਬੱਲਰਾਂ ਦੇ ਕਿਸਾਨ ਅਵਤਾਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਦੇ ਖੇਤਾਂ ਵਿੱਚ ਖੜ੍ਹੀ ਜੀਰੀ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਿਸਾਨਾਂ ਦੀ ਪੱਕੀ ਹੋਈ ਸਾਰੀ ਫ਼ਸਲ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ: USA News: ਅਮਰੀਕਾ ’ਚ ਸਥਾਈ ਡੇਲਾਈਟ ਸੇਵਿੰਗ ਟਾਈਮ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ: ਮਾਹਰ
ਪੀੜਤ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕੀਤੀ ਗਈ ਸੀ। ਅੱਜ ਉਹ ਜੀਰੀ ਦੀ ਕਟਾਈ ਕਰਨ ਦੀ ਤਿਆਰੀ ਕਰ ਰਹੇ ਸਨ ਪਰ ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਕਾਰਨ ਫ਼ਸਲ ਦੀ ਕਟਾਈ ਸਮੇਂ ਸਿਰ ਨਹੀਂ ਹੋ ਸਕੀ। ਇਸ ਵਾਰ ਫ਼ਸਲ ਵੀ ਕਾਫ਼ੀ ਵਧੀਆ ਹੋਈ ਸੀ ਅਤੇ ਮੰਡੀ ਵਿੱਚ ਜੀਰੀ ਦੇ ਚੰਗੇ ਭਾਅ ਮਿਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਚੰਗੀ ਆਮਦਨ ਦੀ ਉਮੀਦ ਸੀ।
ਕਿਸਾਨਾਂ ਨੇ ਦੁਖੀ ਮਨ ਨਾਲ ਕਿਹਾ ਕਿ ਉਨ੍ਹਾਂ ਨੇ ਜ਼ਮੀਨ ਠੇਕੇ ’ਤੇ ਲੈ ਕੇ ਫ਼ਸਲ ਤਿਆਰ ਕਰਨ ਲਈ ਆਪਣੀ ਪੂਰੀ ਮਿਹਨਤ ਅਤੇ ਪੂੰਜੀ ਲਗਾਈ ਸੀ, ਪਰ ਅੱਗ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਹੁਣ ਉਨ੍ਹਾਂ ਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਚੜ੍ਹਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤਾਂ ਅਸੀਂ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਾਂ।
ਕਿਸਾਨਾਂ ਨੇ ਇਹ ਵੀ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੱਗ ਕਾਰਨ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਇਸ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲ ਸਕਣ। ਇੱਕ ਪਾਸੇ ਬੇਮੌਸਮੀ ਬਾਰਿਸ਼ ਨੇ ਕਟਾਈ ਵਿੱਚ ਦੇਰੀ ਕਰਵਾਈ ਅਤੇ ਦੂਜੇ ਪਾਸੇ ਅੱਗ ਨੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਨੂੰ ਪਲਾਂ ’ਚ ਰਾਖ ਕਰ ਦਿੱਤਾ।
Comments