Tarn Taran Weapons Seizure: ਤਰਨਤਾਰਨ ’ਚ ਨਸ਼ੇ ਅਤੇ ਹਥਿਆਰਾਂ ਦੀਆਂ ਦੋ ਵੱਡੀਆਂ ਖੇਪਾਂ ਬਰਾਮਦ

ਬੀਐੱਸਐੱਫ ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪ੍ਰੇਸ਼ਨਾਂ ਦੌਰਾਨ 5 ਕਿਲੋ 419 ਗ੍ਰਾਮ ਅਫ਼ੀਮ, ਚਾਰ ਪਿਸਤੌਲ, ਛੇ ਮੈਗਜ਼ੀਨ ਅਤੇ 50 ਕਾਰਤੂਸ ਜ਼ਬਤ

Satinder Mathur  Picture
Published On

Tarn Taran Weapons Seizure: ਤਰਨਤਾਰਨ, (ਸੱਚ ਕਹੂੰ ਨਿਊਜ਼/ਹਿੰ.ਸ.)| ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਨੇ ਦੋ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੌਰਾਨ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀਆਂ ਖੇਪਾਂ ਬਰਾਮਦ ਕੀਤੀਆਂ ਹਨ। ਸਰਹੱਦੀ ਪਿੰਡ ਡਲੀਰੀ ਅਤੇ ਗਹਿਰੀ ਦੇ ਖੇਤਾਂ ਵਿੱਚ ਚਲਾਏ ਗਏ ਸਰਚ ਆਪ੍ਰੇਸ਼ਨਾਂ ਦੌਰਾਨ ਕੁੱਲ 5 ਕਿੱਲੋ 419 ਗ੍ਰਾਮ ਅਫ਼ੀਮ, ਚਾਰ ਪਿਸਤੌਲ, ਛੇ ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਦੋਵੇਂ ਮਾਮਲਿਆਂ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Ludhiana Murder Case: ਲੁਧਿਆਣਾ ’ਚ ਆਸਟ੍ਰੇਲੀਆ ਤੋਂ ਪਰਤੀ ਔਰਤ ਦਾ ਚਾਕੂ ਮਾਰ ਕੇ ਕਤਲ

ਪਹਿਲੀ ਬਰਾਮਦਗੀ ਪਿੰਡ ਡਲੀਰੀ ਦੇ ਖੇਤਾਂ ਵਿੱਚੋਂ ਹੋਈ। ਥਾਣਾ ਖਾਲੜਾ ਦੇ ਮੁਖੀ ਸਬ-ਇੰਸਪੈਕਟਰ ਅਮਰਜੀਤ ਸਿੰਘ ਅਨੁਸਾਰ ਪੁਲਿਸ ਨੂੰ ਸਰਹੱਦੀ ਖੇਤਾਂ ਵਿੱਚ ਸ਼ੱਕੀ ਸਾਮਾਨ ਲੁਕਾ ਕੇ ਰੱਖੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਖਾਲੜਾ ਪੁਲਿਸ ਅਤੇ ਬੀਐੱਸਐੱਫ ਦੀ 115ਵੀਂ ਬਟਾਲੀਅਨ ਨੇ ਬੀਓਪੀ ਕਮਾਂਡਰ ਰਾਜ ਕੁਮਾਰ ਦੀ ਅਗਵਾਈ ਹੇਠ ਸਾਂਝਾ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਖੇਤਾਂ ਵਿੱਚ ਲੁਕਾਇਆ ਪੀਲੇ ਰੰਗ ਦਾ ਪੈਕੇਟ ਮਿਲਿਆ। ਇਸ ਵਿੱਚੋਂ 4 ਕਿੱਲੋ 19 ਗ੍ਰਾਮ ਅਫ਼ੀਮ, .30 ਬੋਰ ਦੇ ਦੋ ਪਿਸਤੌਲ, ਦੋ ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਹੋਏ। ਥਾਣਾ ਖਾਲੜਾ ਵਿੱਚ ਕੇਸ ਨੰਬਰ 320 ਦਰਜ ਕਰਕੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਜਾਂਚ ਕੀਤੀ ਜਾ ਰਹੀ ਹੈ।

ਦੂਜੀ ਬਰਾਮਦਗੀ ਸਰਹੱਦੀ ਪਿੰਡ ਗਹਿਰੀ ਦੇ ਖੇਤਾਂ ਵਿੱਚੋਂ ਹੋਈ। ਇੱਥੇ ਗਸ਼ਤ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੂੰ ਇੱਕ ਸ਼ੱਕੀ ਪੈਕੇਟ ਮਿਲਿਆ, ਜਿਸ ਨੂੰ ਬਾਅਦ ਵਿੱਚ ਪੁਲਿਸ ਦੇ ਹਵਾਲੇ ਕੀਤਾ ਗਿਆ। ਥਾਣਾ ਸਰਾਏ ਅਮਾਨਤ ਖਾਂ ਦੇ ਸਬ-ਇੰਸਪੈਕਟਰ ਮੰਗਲ ਸਿੰਘ ਨੇ ਦੱਸਿਆ ਕਿ ਪੈਕੇਟ ਦੀ ਜਾਂਚ ਕਰਨ ’ਤੇ 1 ਕਿੱਲੋ 400 ਗ੍ਰਾਮ ਅਫ਼ੀਮ, 100 ਗ੍ਰਾਮ ਪੈਕਿੰਗ ਸਮੱਗਰੀ, .30 ਬੋਰ ਦਾ ਇੱਕ ਪਿਸਤੌਲ ਅਤੇ .45 ਬੋਰ ਦਾ ਇੱਕ ਪਿਸਤੌਲ ਬਰਾਮਦ ਹੋਇਆ। ਦੋਵਾਂ ਪਿਸਤੌਲਾਂ ਨਾਲ ਦੋ-ਦੋ ਮੈਗਜ਼ੀਨ ਸਨ। ਇਸ ਮਾਮਲੇ ਵਿੱਚ ਕੇਸ ਨੰਬਰ 145 ਤਹਿਤ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਕਾਰਵਾਈ ਕੀਤੀ ਗਈ ਹੈ।

ਮੁੱਢਲੀ ਜਾਂਚ ਵਿੱਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨਸ਼ੇ ਅਤੇ ਹਥਿਆਰਾਂ ਦੀਆਂ ਇਹ ਖੇਪਾਂ ਸਰਹੱਦ ਪਾਰੋਂ ਡਰੋਨ ਜਾਂ ਕਿਸੇ ਹੋਰ ਤਰੀਕੇ ਨਾਲ ਭਾਰਤੀ ਇਲਾਕੇ ਵਿੱਚ ਪਹੁੰਚਾਈਆਂ ਗਈਆਂ ਹੋ ਸਕਦੀਆਂ ਹਨ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਇਹ ਸਾਮਾਨ ਕਿਸ ਨੇ ਖੇਤਾਂ ਵਿੱਚੋਂ ਚੁੱਕਣਾ ਸੀ ਅਤੇ ਇਸ ਨੂੰ ਅੱਗੇ ਕਿਹੜੇ ਸਥਾਨਕ ਤਸਕਰੀ ਨੈੱਟਵਰਕ ਤੱਕ ਪਹੁੰਚਾਇਆ ਜਾਣਾ ਸੀ। ਅਧਿਕਾਰੀਆਂ ਮੁਤਾਬਕ ਤਕਨੀਕੀ ਅਤੇ ਮੈਦਾਨੀ ਜਾਂਚ ਅੱਗੇ ਵਧਣ ਨਾਲ ਇਸ ਪਿੱਛੇ ਸਰਗਰਮ ਨੈੱਟਵਰਕ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।

Comments

Post Your Comment

About The Author

Related Posts