ਭਾਜਪਾ ਪ੍ਰਧਾਨ ਨਿਤਿਨ ਨਵੀਨ ਅੱਜ ਪੰਜਾਬ ਦੌਰੇ ’ਤੇ, ਜਲੰਧਰ ਤੋਂ 'ਸਮਰਸਤਾ ਸੰਕਲਪ ਯਾਤਰਾ' ਦੀ ਕਰਨਗੇ ਸ਼ੁਰੂਆਤ

ਯਾਤਰਾ 17 ਜ਼ਿਲ੍ਹਿਆਂ ਵਿੱਚ 700 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ

Ravinder Sharma Picture
Published On

ਚੰਡੀਗੜ੍ਹ (ਹਿੰ.ਸ.)। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅੱਜ ਪੰਜਾਬ ਦੇ ਇੱਕ ਦਿਨ੍ਹਾਂ ਦੌਰੇ ’ਤੇ ਪਹੁੰਚਣ ਵਾਲੇ ਹਨ। ਉਹ ਜਲੰਧਰ ਤੋਂ ਭਾਜਪਾ ਦੀ 16 ਦਿਨਾਂ "ਸਮਰਸਤਾ ਸੰਕਲਪ ਯਾਤਰਾ" ਨੂੰ ਹਰੀ ਝੰਡੀ ਦਿਖਾਉਣਗੇ। ਜਲੰਧਰ ਵਿੱਚ ਠਹਿਰਾਅ ਦੌਰਾਨ ਉਹ ਡੇਰਾ ਸੱਚਖੰਡ ਬੱਲਾਂ ਵਿਖੇ ਪੂਜਾ ਕਰਨਗੇ, ਜਨਤਕ ਸਭਾ ਨੂੰ ਸੰਬੋਧਨ ਕਰਨਗੇ ਅਤੇ ਸੰਤ ਸਮਾਜ ਨਾਲ ਦੁਪਹਿਰ ਦੇ ਖਾਣੇ ਅਤੇ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਜਯੰਤੀ ਸਮਾਗਮਾਂ ਨੂੰ ਸਮਰਪਿਤ ‘ਸਮਰਸਤਾ ਸੰਕਲਪ ਯਾਤਰਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਯਾਤਰਾ 18 ਨਵੰਬਰ ਨੂੰ ਜਲੰਧਰ ਤੋਂ ਸ਼ੁਰੂ ਹੋ ਕੇ 2,558 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ 3 ਦਸੰਬਰ ਨੂੰ ਵਾਰਾਣਸੀ ਪਹੁੰਚੇਗੀ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਜਲੰਧਰ-ਪਠਾਨਕੋਟ ਹਾਈਵੇਅ ਉੱਤੇ ਪੈਂਦੇ ਪਿੰਡ ਰਾਏਪੁਰ (ਨੇੜੇ ਡੇਰਾ ਸੱਚਖੰਡ ਬੱਲਾਂ) ਤੋਂ ਯਾਤਰਾ ਦੀ ਸ਼ੁਰੂਆਤ ਕਰਵਾਉਣਗੇ। ਇਹ ਯਾਤਰਾ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸੂਬਿਆਂ ਵਿੱਚੋਂ ਗੁਜ਼ਰੇਗੀ।

ਨਿਰਧਾਰਤ ਪ੍ਰੋਗਰਾਮ ਅਨੁਸਾਰ, ਨਿਤਿਨ ਨਵੀਨ ਦੁਪਹਿਰ 1:10 ਵਜੇ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਮੰਦਰ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ। ਇਸ ਤੋਂ ਬਾਅਦ, ਦੁਪਹਿਰ 1:35 ਵਜੇ, ਉਹ ਜਲੰਧਰ-ਪਠਾਨਕੋਟ ਜੀਟੀ ਰੋਡ 'ਤੇ ਡੇਰਾ ਸੱਚਖੰਡ ਬੱਲਾਂ ਦੇ ਨੇੜੇ ਪਿੰਡ ਰਾਏਪੁਰ ਵਿੱਚ ਸਮਰਸਤਾ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ। ਉਹ ਇਸ ਮੌਕੇ ਆਯੋਜਿਤ ਜਨਤਕ ਸਭਾ ਨੂੰ ਵੀ ਸੰਬੋਧਨ ਕਰਨਗੇ। ਦੁਪਹਿਰ 2:55 ਵਜੇ, ਉਹ ਪਿੰਡ ਰਾਏਪੁਰ ਵਿੱਚ ਸੰਤ ਸਮਾਜ ਨਾਲ ਦੁਪਹਿਰ ਦੇ ਖਾਣੇ ਅਤੇ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਪੰਜਾਬ ਭਾਜਪਾ ਦੇ ਅਨੁਸਾਰ ‘ਸਮਰਸਤਾ ਸੰਕਲਪ ਯਾਤਰਾ’ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਮਾਨਤਾ, ਭਗਤੀ, ਸਮਾਜਿਕ ਏਕਤਾ ਤੇ ਮਨੁੱਖਤਾ ਦੇ ਸੰਦੇਸ਼ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਆਪਕ ਪੱਧਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਇਹ ਯਾਤਰਾ ਜਲੰਧਰ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਹੁੰਦੀ ਹੋਈ ਮੁਕੇਰੀਆਂ, ਪਠਾਨਕੋਟ, ਬਟਾਲਾ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ, ਲੁਧਿਆਣਾ, ਰੋਪੜ, ਮੋਹਾਲੀ ਹੁੰਦੇ ਹੋਏ ਚੰਡੀਗੜ੍ਹ ਵਿੱਚ ਦਾਖ਼ਲ ਹੋਵੇਗੀ। ਇਹ ਪੰਜਾਬ ਵਿੱਚ 5 ਦਿਨਾਂ ਦੌਰਾਨ 17 ਜ਼ਿਲ੍ਹਿਆਂ ਵਿੱਚ 700 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।

ਇਹ ਯਾਤਰਾ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 46 ਸ਼ਹਿਰਾਂ ਵਿੱਚੋਂ ਗੁਜ਼ਰੇਗੀ, ਇਸ ਦੌਰਾਨ 29 ਵੱਡੇ ਸਮਾਗਮ ਅਤੇ 27 ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਰਾਹੀਂ, ਸੰਤ ਰਵਿਦਾਸ ਜੀ ਦੇ ਵਿਚਾਰ, ਖਾਸ ਕਰਕੇ 'ਬੇਗਮਪੁਰਾ' (ਭਾਵ ਦੁੱਖ ਰਹਿਤ ਸਮਾਜ) ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਸਮਾਜਿਕ ਸਮਾਨਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। "ਸਮਰਸਤਾ ਸੰਕਲਪ ਯਾਤਰਾ" ਵੱਖ-ਵੱਖ ਸੂਬਿਆਂ ਵਿੱਚੋਂ ਹੁੰਦੀ ਹੋਈ ਉੱਤਰ ਪ੍ਰਦੇਸ਼ ਪਹੁੰਚੇਗੀ ਅਤੇ 3 ਦਸੰਬਰ ਨੂੰ ਵਾਰਾਣਸੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਵਿਖੇ ਸਮਾਪਤ ਹੋਵੇਗੀ।

Read Also : ਬੰਗਲਾਦੇਸ਼ 'ਚ ਰਾਤ ਭਰ ਹਿੰਸਾ, ਸੰਸਦ ਦਾ ਘਰ, ਥਾਣਾ, ਰੇਲਵੇ ਸਟੇਸ਼ਨ, ਵਾਹਨ ਸਾੜੇ

Comments

Post Your Comment

About The Author

Related Posts