Road Accident: ਬਠਿੰਡਾ-ਮਲੋਟ ਰੋਡ ’ਤੇ ਪੀਆਰਟੀਸੀ ਬੱਸ ਨੇ ਬੁਲੇਟ ਸਵਾਰ ਨੌਜਵਾਨ ਨੂੰ ਦਰੜਿਆ, ਮੌਤ

ਸੁਖਮਨਦੀਪ ਸਿੰਘ ਟਿਊਸ਼ਨ ਪੜ੍ਹ ਕੇ ਪਿੰਡ ਪਰਤ ਰਿਹਾ ਸੀ, ਬੱਸ ਚਾਲਕ ’ਤੇ ਗਲਤ ਦਿਸ਼ਾ ’ਚ ਬੱਸ ਚਲਾਉਣ ਦਾ ਦੋਸ਼

Khushdeep Singh Picture
Published On

ਬਠਿੰਡਾ (ਸੱਚ ਕਹੂੰ ਨਿਊਜ਼/ਏਜੰਸੀ)। ਬਠਿੰਡਾ-ਮਲੋਟ ਰੋਡ ’ਤੇ ਬੱਲੂਆਣਾ ਟੋਲ ਪਲਾਜ਼ਾ ਨੇੜੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਦੋਸ਼ ਹੈ ਕਿ ਪੀਆਰਟੀਸੀ ਦੀ ਸਰਕਾਰੀ ਬੱਸ ਦਾ ਚਾਲਕ ਗਲਤ ਦਿਸ਼ਾ ’ਚ ਬੱਸ ਚਲਾ ਰਿਹਾ ਸੀ, ਜਿਸ ਦੌਰਾਨ ਸਾਹਮਣੇ ਤੋਂ ਆ ਰਹੇ ਬੁਲੇਟ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਪਿੰਡ ਕਰਮਗੜ੍ਹ ਸੱਤਰਾ ਦੇ ਰਹਿਣ ਵਾਲੇ ਸੁਖਮਨਦੀਪ ਸਿੰਘ ਪੁੱਤਰ ਰਾਮ ਕ੍ਰਿਸ਼ਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਖਮਨਦੀਪ ਸਿੰਘ ਸੋਮਵਾਰ ਦੇਰ ਸ਼ਾਮ ਬੱਲੂਆਣਾ ਵਿਖੇ ਟਿਊਸ਼ਨ ਪੜ੍ਹਨ ਗਿਆ ਸੀ। ਟਿਊਸ਼ਨ ਤੋਂ ਛੁੱਟੀ ਹੋਣ ਮਗਰੋਂ ਉਹ ਆਪਣੇ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਵਾਪਸ ਆ ਰਿਹਾ ਸੀ। ਇਸ ਦੌਰਾਨ ਬੱਲੂਆਣਾ ਟੋਲ ਪਲਾਜ਼ਾ ਨੇੜੇ ਕਥਿਤ ਤੌਰ ’ਤੇ ਗਲਤ ਦਿਸ਼ਾ ਤੋਂ ਆ ਰਹੀ ਪੀਆਰਟੀਸੀ ਬੱਸ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ’ਤੇ ਰੁਕਣ ਦੀ ਬਜਾਏ ਬੱਸ ਸਮੇਤ ਫ਼ਰਾਰ ਹੋ ਗਿਆ। ਉਹ ਬਠਿੰਡਾ ਵੱਲ ਜਾਣ ਦੀ ਬਜਾਏ ਪਿੰਡਾਂ ਦੇ ਰਸਤਿਆਂ ਰਾਹੀਂ ਬੱਸ ਲੈ ਕੇ ਵਾਪਸ ਮਲੋਟ ਪਹੁੰਚ ਗਿਆ। ਪੁਲਿਸ ਨੇ ਪਿੱਛਾ ਕਰਦਿਆਂ ਮੁਲਜ਼ਮ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਮ੍ਰਿਤਕ ਸੁਖਮਨਦੀਪ ਸਿੰਘ ਦਾ ਪਿਤਾ ਭਾਰਤੀ ਫ਼ੌਜ ’ਚ ਸੇਵਾ ਨਿਭਾਅ ਰਿਹਾ ਹੈ। ਉਸ ਨੇ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਟਿਊਸ਼ਨ ਭੇਜਿਆ ਸੀ, ਪਰ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਪੁੱਤਰ ਘਰ ਵਾਪਸ ਨਹੀਂ ਪਰਤੇਗਾ।

ਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿਤਾ ਦਾ ਵਿਰਲਾਪ ਵੇਖ ਕੇ ਮੌਕੇ ’ਤੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਹਾਦਸੇ ਤੋਂ ਗੁੱਸੇ ’ਚ ਆਏ ਪਿੰਡ ਕਰਮਗੜ੍ਹ ਸੱਤਰਾ ਦੇ ਵਸਨੀਕਾਂ ਤੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਲਾਸ਼ ਸੜਕ ਦੇ ਵਿਚਕਾਰ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੁਲਜ਼ਮ ਬੱਸ ਚਾਲਕ ਖਿਲਾਫ਼ ਸਖ਼ਤ ਕਾਰਵਾਈ ਕਰਨ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਪਰਿਵਾਰ ਨੂੰ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ। ਧਰਨੇ ਕਾਰਨ ਬਠਿੰਡਾ-ਮਲੋਟ ਰੋਡ ’ਤੇ ਆਵਾਜਾਈ ਵੀ ਪ੍ਰਭਾਵਿਤ ਰਹੀ। 

ਇਹ ਵੀ ਪੜ੍ਹੋ : Starlink Internet: ਵਾਈ-ਫਾਈ ਤੋਂ ਸਟਾਰਲਿੰਕ ਤੱਕ, ਕਿਵੇਂ ਬਦਲ ਰਹੀ ਹੈ ਇੰਟਰਨੈੱਟ ਦੀ ਦੁਨੀਆ

Comments

Post Your Comment

About The Author

Related Posts