Kapurthala Murder: ਕਪੂਰਥਲਾ 'ਚ ਪਟਾਕੇ ਚਲਾ ਰਹੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ, 6 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਮਨੀ

Satinder Mathur  Picture
Published On

Kapurthala Murder: ਕਪੂਰਥਲਾ, (ਸੱਚ ਕਹੂੰ ਨਿਊਜ਼/ਹਿੰ.ਸ.)। ਕਪੂਰਥਲਾ ਦੇ ਥਾਣਾ ਸਿਟੀ ਇਲਾਕੇ ਵਿੱਚ ਸੋਮਵਾਰ ਰਾਤ ਪਟਾਕੇ ਚਲਾ ਰਹੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਦੇ ਦੋਸਤ ਤੁਰੰਤ ਉਸ ਨੂੰ ਸਕੂਟੀ 'ਤੇ ਹਸਪਤਾਲ ਲੈ ਕੇ ਪਹੁੰਚੇ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ 27 ਸਾਲਾ ਮਨੀ ਵਜੋਂ ਹੋਈ ਹੈ, ਜੋ ਮੁਹੱਲਾ ਮੇਹਤਾਬਗੜ੍ਹ ਦੇ ਰਹਿਣ ਵਾਲੇ ਬੱਗਾ ਸਿੰਘ ਦਾ ਪੁੱਤਰ ਸੀ। ਮਨੀ ਪਹਿਲਵਾਨੀ ਕਰਦਾ ਸੀ ਅਤੇ ਉਸ ਦਾ ਕਰੀਬ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੀ ਪਟਾਕਾ ਮਾਰਕੀਟ ’ਚ ਹਮਲਾ, ਹਮਲਾਵਰਾਂ ਨੇ ਪਟਾਕਾ ਕਾਰੋਬਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

ਜਾਣਕਾਰੀ ਅਨੁਸਾਰ ਮਨੀ ਸੋਮਵਾਰ ਰਾਤ ਕਰੀਬ 8 ਵਜੇ ਮੁਹੱਲਾ ਮੇਹਤਾਬਗੜ੍ਹ ਵਿੱਚ ਆਪਣੇ ਘਰ ਦੇ ਨੇੜੇ ਪਟਾਕੇ ਚਲਾ ਰਿਹਾ ਸੀ। ਇਸੇ ਦੌਰਾਨ ਮੁਹੱਲੇ ਦੇ ਰਹਿਣ ਵਾਲੇ ਦੋ ਨੌਜਵਾਨ ਕੋਮਲ ਅਤੇ ਮਨੀ ਉੱਥੇ ਪਹੁੰਚੇ ਅਤੇ ਪਿਸਤੌਲ ਨਾਲ ਉਸ 'ਤੇ ਦੋ ਫਾਇਰ ਕਰ ਦਿੱਤੇ। ਇਨ੍ਹਾਂ ਵਿੱਚੋਂ ਇੱਕ ਗੋਲੀ ਪਟਾਕੇ ਚਲਾ ਰਹੇ ਮਨੀ ਦੀ ਛਾਤੀ ਵਿੱਚ ਲੱਗੀ, ਜਿਸ ਕਾਰਨ ਉਹ ਮੌਕੇ 'ਤੇ ਹੀ ਡਿੱਗ ਪਿਆ। ਮਨੀ ਦੇ ਦੋਸਤਾਂ ਅਨੁਸਾਰ ਉਸ ਦੇ ਸਾਹ ਨਹੀਂ ਚੱਲ ਰਹੇ ਸਨ। ਇਸ ਦੇ ਬਾਵਜੂਦ ਉਹ ਉਸ ਨੂੰ ਸਕੂਟੀ 'ਤੇ ਹੀ ਹਸਪਤਾਲ ਲੈ ਕੇ ਦੌੜੇ। ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।

ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ ਦੋ ਖੋਲ ਬਰਾਮਦ ਕੀਤੇ ਹਨ। ਡੀਐੱਸਪੀ ਇਨਵੈਸਟੀਗੇਸ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਡੀਐੱਸਪੀ ਅਨੁਸਾਰ ਮਨੀ ਸਥਾਨਕ ਪੱਧਰ ਦਾ ਪਹਿਲਵਾਨ ਸੀ ਅਤੇ ਉਸ ਦਾ ਮੁਲਜ਼ਮਾਂ ਨਾਲ ਕੋਈ ਵਿਵਾਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਕਿਸੇ ਹੋਰ ਵਿਅਕਤੀ ਵੱਲ ਗੋਲੀਆਂ ਚਲਾਈਆਂ ਸਨ ਅਤੇ ਇਸ ਦੌਰਾਨ ਅਚਾਨਕ ਇੱਕ ਗੋਲੀ ਮਨੀ ਨੂੰ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਖ਼ੁਲਾਸਾ ਹੋ ਸਕੇਗਾ।

ਮਨੀ ਦੀ ਰਿਸ਼ਤੇਦਾਰ ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਹਾਲੇ ਉਸ ਦੀ ਪਤਨੀ ਦੇ ਹੱਥਾਂ ਤੋਂ ਲਾਲ ਚੂੜਾ ਵੀ ਨਹੀਂ ਉਤਰਿਆ ਸੀ ਕਿ ਪਰਿਵਾਰ ਦਾ ਸੁਹਾਗ ਉਜਾੜ ਦਿੱਤਾ ਗਿਆ। ਮਨੀ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

Comments

Post Your Comment

About The Author

Related Posts