Bathinda Stubble Burning: ਬਠਿੰਡਾ ’ਚ ਪਰਾਲੀ ਸਾੜਨ ਦੇ ਨਹੀਂ ਰੁਕ ਰਹੇ ਮਾਮਲੇ, ਇੱਕੋ ਦਿਨ ’ਚ 132 ਖੇਤਾਂ ਨੂੰ ਲਾਈ ਅੱਗ
ਦੋ ਦਿਨਾਂ ’ਚ 144 ਨਵੇਂ ਮਾਮਲੇ ਆਏ ਸਾਹਮਣੇ, ਬਠਿੰਡਾ 406 ਮਾਮਲਿਆਂ ਨਾਲ ਚੌਥੇ ਸਥਾਨ ’ਤੇ
ਬਠਿੰਡਾ (ਸੱਚ ਕਹੂੰ ਨਿਊਜ਼/ਏਜੰਸੀ)। ਪੰਜਾਬ ’ਚ ਝੋਨੇ ਦੀ ਕਟਾਈ ਦੇ ਨਾਲ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਬਠਿੰਡਾ ਜ਼ਿਲ੍ਹੇ ’ਚ ਪ੍ਰਸ਼ਾਸਨ ਵੱਲੋਂ ਡਰੋਨ ਰਾਹੀਂ ਨਿਗਰਾਨੀ ਕਰਨ ਤੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਦਾਅਵਿਆਂ ਦੇ ਬਾਵਜੂਦ ਖੇਤਾਂ ’ਚ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ। ਦੀਵਾਲੀ ਵਾਲੇ ਦਿਨ 8 ਨਵੰਬਰ ਨੂੰ ਜ਼ਿਲ੍ਹੇ ’ਚ ਇੱਕੋ ਦਿਨ ਪਰਾਲੀ ਸਾੜਨ ਦੇ 132 ਮਾਮਲੇ ਸਾਹਮਣੇ ਆਏ।
ਇਸ ਨਾਲ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਜ਼ਿਲ੍ਹੇ ’ਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਵਧ ਕੇ 406 ਹੋ ਗਈ ਹੈ। 8 ਨਵੰਬਰ ਨੂੰ ਬਠਿੰਡਾ ਵਿੱਚ 262 ਮਾਮਲੇ ਦਰਜ ਸਨ, ਜਦਕਿ ਅਗਲੇ ਦੋ ਦਿਨਾਂ ਵਿੱਚ 144 ਨਵੇਂ ਮਾਮਲੇ ਸਾਹਮਣੇ ਆਏ। ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਬਠਿੰਡਾ ਚੌਥੇ ਸਥਾਨ ’ਤੇ ਹੈ। ਅੰਕੜਿਆਂ ਅਨੁਸਾਰ ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਅਚਾਨਕ ਵਾਧਾ ਹੋਇਆ।
ਸੰਗਰੂਰ ’ਚ ਸਭ ਤੋਂ ਵੱਧ 194, ਫਿਰੋਜ਼ਪੁਰ ’ਚ 157 ਤੇ ਬਠਿੰਡਾ ’ਚ 132 ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ ਪਟਿਆਲਾ ’ਚ 92, ਬਰਨਾਲਾ ’ਚ 91 ਅਤੇ ਲੁਧਿਆਣਾ ਵਿੱਚ 71 ਘਟਨਾਵਾਂ ਸਾਹਮਣੇ ਆਈਆਂ। 7 ਨਵੰਬਰ ਤੱਕ ਸੂਬੇ ’ਚ ਕੁੱਲ 3,307 ਮਾਮਲੇ ਸਨ, ਜੋ 8 ਨਵੰਬਰ ਨੂੰ 1,152 ਨਵੇਂ ਮਾਮਲੇ ਜੁੜਨ ਨਾਲ ਵਧ ਕੇ 4,459 ਹੋ ਗਏ। ਜ਼ਿਲ੍ਹਾਵਾਰ ਸੂਚੀ ’ਚ ਤਰਨਤਾਰਨ 654 ਮਾਮਲਿਆਂ ਨਾਲ ਪਹਿਲੇ, ਫਿਰੋਜ਼ਪੁਰ 592 ਨਾਲ ਦੂਜੇ, ਸੰਗਰੂਰ 488 ਨਾਲ ਤੀਜੇ ਤੇ ਬਠਿੰਡਾ 406 ਨਾਲ ਚੌਥੇ ਸਥਾਨ ’ਤੇ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਡਰੋਨ ਕੈਮਰਿਆਂ ਰਾਹੀਂ ਖੇਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਲਈ ਜ਼ਿਲ੍ਹਾ ਪੱਧਰ ’ਤੇ ਰੋਸਟਰ ਤਿਆਰ ਕੀਤਾ ਗਿਆ ਹੈ।
ਵੱਖ-ਵੱਖ ਪਿੰਡਾਂ ’ਚ ਟੀਮਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰ ਰਹੀਆਂ ਹਨ। ਗੁਰਦੁਆਰਿਆਂ ਤੇ ਮੰਦਰਾਂ ਰਾਹੀਂ ਵੀ ਮੁਨਿਆਦੀ ਕਰਵਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਾਲੀ ਸਾੜਨ ਵਾਲਿਆਂ ਵਿਰੁੱਧ ਐੱਫਆਈਆਰ ਦਰਜ ਕਰਨ, ਮਾਲ ਰਿਕਾਰਡ ’ਚ ਰੈੱਡ ਐਂਟਰੀ ਕਰਨ ਅਤੇ ਵਾਤਾਵਰਣ ਸਬੰਧੀ ਜੁਰਮਾਨਾ ਵਸੂਲਣ ਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲਿਸ ਮੁਖੀ ਸੁਹੇਲ ਕਾਸਿਮ ਮੀਰ ਨੇ ਵੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਮਦਦ ਲਈ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ। ਕਿਸਾਨ ਪਰਾਲੀ ਪ੍ਰਬੰਧਨ ਲਈ ਬੇਲਰ, ਸੁਪਰ ਸੀਡਰ ਤੇ ਹੋਰ ਮਸ਼ੀਨਰੀ ਸਬੰਧੀ ਜਾਣਕਾਰੀ ਲਈ 0164-2212525 ’ਤੇ ਸੰਪਰਕ ਕਰ ਸਕਦੇ ਹਨ। ਦੂਜੇ ਪਾਸੇ ਪਿੰਡ ਭੈਣੀ ਚੂਹੜ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਆਪਣੀ 50 ਏਕੜ ਜ਼ਮੀਨ ਵਿੱਚ ਬਿਨਾਂ ਅੱਗ ਲਾਏ ਪਰਾਲੀ ਦਾ ਪ੍ਰਬੰਧਨ ਕੀਤਾ ਹੈ। ਪਿੰਡ ਗਹਿਰੀ ਦੇਵੀ ਨਗਰ ਦੇ ਕਿਸਾਨ ਪ੍ਰਗਟ ਸਿੰਘ ਵੀ 2016 ਤੋਂ 22 ਏਕੜ ਵਿੱਚ ਹੈਪੀ ਸੀਡਰ ਰਾਹੀਂ ਪਰਾਲੀ ਦਾ ਪ੍ਰਬੰਧਨ ਕਰਕੇ ਕਣਕ ਦੀ ਸਫ਼ਲ ਖੇਤੀ ਕਰ ਰਹੇ ਹਨ।
ਪ੍ਰਗਟ ਸਿੰਘ ਅਨੁਸਾਰ ਪਰਾਲੀ ਨੂੰ ਖੇਤ ’ਚ ਮਿਲਾਉਣ ਨਾਲ ਉਨ੍ਹਾਂ ਦੀ ਜ਼ਮੀਨ ਵਿੱਚ ਆਰਗੈਨਿਕ ਕਾਰਬਨ ਦੀ ਮਾਤਰਾ 0.25 ਫ਼ੀਸਦੀ ਤੋਂ ਵਧ ਕੇ 0.85 ਤੋਂ 1.1 ਫ਼ੀਸਦੀ ਤੱਕ ਪਹੁੰਚ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਉਨ੍ਹਾਂ ਦੇ ਖੇਤ ਦਾ ਦੌਰਾ ਕਰਕੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨਕ ਤਰੀਕੇ ਤੇ ਆਧੁਨਿਕ ਮਸ਼ੀਨਰੀ ਅਪਣਾ ਕੇ ਪਰਾਲੀ ਸਾੜੇ ਬਿਨਾਂ ਵੀ ਚੰਗਾ ਉਤਪਾਦਨ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Punjab Weather Update: ਪੰਜਾਬ-ਚੰਡੀਗੜ੍ਹ ’ਚ ਠੰਢ ਦਾ ਅਸਰ ਘੱਟ, 12-13 ਨਵੰਬਰ ਨੂੰ ਮੀਂਹ ਦੀ ਸੰਭਾਵਨਾ
Comments