Talwandi Bhai News: ਸਿਹਤਮੰਦ ਭਵਿੱਖ ਲਈ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਬੇਹੱਦ ਜ਼ਰੂਰੀ

ਤਾਂ ਜੋ ਕੋਈ ਵੀ ਬੱਚਾ ਸੁਰੱਖਿਆ ਕਵਚ ਤੋਂ ਵਾਂਝਾ ਨਾ ਰਹੇ

Ravinder Sharma Picture
Published On

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਅੱਜ ਵਿਸ਼ਵ ਟੀਕਾਕਰਨ ਦਿਵਸ ਦੇ ਮੌਕੇ 'ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਆਪਣੇ ਬੱਚਿਆਂ ਦਾ ਮਾਰੂ ਬਿਮਾਰੀਆਂ ਤੋਂ ਬਚਾਅ ਕਰਨ ਲਈ ਸਮੇਂ ਸਿਰ ਟੀਕਾਕਰਨ ਕਰਵਾਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਆਮ ਜਨਤਾ 'ਚ ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ, ਤਾਂ ਜੋ ਕੋਈ ਵੀ ਬੱਚਾ ਸੁਰੱਖਿਆ ਕਵਚ ਤੋਂ ਵਾਂਝਾ ਨਾ ਰਹੇ।

ਸਿਵਲ ਸਰਜਨ ਫਿਰੋਜ਼ਪੁਰ ਡਾ ਪਰਮਿੰਦਰ ਸਿੰਘ ਦੀ ਰਹਿਨੁਮਾਈ ਹੇਠ ਸੀਐਚਸੀ ਫਿਰੋਜ਼ਸ਼ਾਹ ਵਿਖੇ ਮਨਾਏ ਗਏ ਵਿਸ਼ਵ ਟੀਕਾਕਰਨ ਦਿਵਸ ਦੇ ਸਬੰਧ ਵਿੱਚ ਬੋਲਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਰੇਖਾ ਭੱਟੀ ਨੇ ਦੱਸਿਆ ਕਿ ਟੀਕਾਕਰਨ ਬੱਚਿਆਂ ਨੂੰ ਪੋਲੀਓ, ਖਸਰਾ, ਰੁਬੇਲਾ, ਕਾਲੀ ਖੰਘ, ਟੈਟਨਸ ਅਤੇ ਹੇਪਾਟਾਈਟਿਸ-ਬੀ ਵਰਗੀਆਂ ਕਈ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਤਰੀਕਾ ਹੈ।

ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਇਹ ਟੀਕੇ ਬਿਲਕੁਲ ਮੁਫ਼ਤ ਲਗਾਏ ਜਾਂਦੇ ਹਨ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਕੋਈ ਵੀ ਦੇਸ਼ ਜਾਂ ਸੂਬਾ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸਦੀ ਆਉਣ ਵਾਲੀ ਪੀੜ੍ਹੀ ਤੰਦਰੁਸਤ ਹੋਵੇਗੀ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਟੀਕਾਕਰਨ ਕਾਰਡ (ਮਮਤਾ ਕਾਰਡ) ਨੂੰ ਸੰਭਾਲ ਕੇ ਰੱਖਣ ਅਤੇ ਡਾਕਟਰ ਵੱਲੋਂ ਦੱਸੀਆਂ ਤਰੀਕਾਂ ਅਨੁਸਾਰ ਸਾਰੇ ਟੀਕੇ ਲਾਜ਼ਮੀ ਲਗਵਾਉਣ। ਜੇਕਰ ਕਿਸੇ ਕਾਰਨ ਕੋਈ ਟੀਕਾ ਛੁੱਟ ਗਿਆ ਹੋਵੇ, ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।

ਸਿਹਤ ਵਿਭਾਗ ਵੱਲੋਂ ਸਮੂਹ ਨਾਗਰਿਕਾਂ, ਸਮਾਜਿਕ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਵੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਸ਼ਤ-ਪ੍ਰਤੀਸ਼ਤ ਟੀਕਾਕਰਨ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ ਅਤੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

Read Also : ਕਪੂਰਥਲਾ 'ਚ ਪਟਾਕੇ ਚਲਾ ਰਹੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ, 6 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Comments

Post Your Comment

About The Author

Related Posts