Mohammad Sadiq: ਸਿਆਸੀ ਅਖਾੜਾ, ਜ਼ਿਲ੍ਹਾ ਬਰਨਾਲਾ ’ਚ ਟੁਣਕ ਸਕਦੀ ਐ ਮੁਹੰਮਦ ਸਦੀਕ ਦੀ ਤੂੰਬੀ 

ਭਦੌੜ ਜਾਂ ਮਹਿਲ ਕਲਾਂ ਤੋਂ ਚੋਣ ਲੜਨ ਦੇ ਚਰਚੇ 

Khushdeep Singh Picture
Published On

ਬਰਨਾਲਾ (ਰਵੀ ਗੁਰਮਾ)। ਜ਼ਿਲ੍ਹਾ ਬਰਨਾਲਾ ਦੀ ਸਿਆਸੀ ਹਵਾ ਵਿੱਚ ਇੱਕ ਵਾਰ ਫਿਰ ਸਦੀਕ ਦੀ ਤੂੰਬੀ ਦੀ ਟੁਣਕ ਸੁਣਾਈ ਦੇਣ ਲੱਗੀ ਹੈ। ਇੰਟਰਨੈਸ਼ਨਲ ਗਾਇਕ ਸਾਬਕਾ ਵਿਧਾਇਕ ਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਵੱਲੋਂ ਭਦੌੜ ਜਾਂ ਮਹਿਲ ਕਲਾਂ ਹਲਕੇ ਤੋਂ ਚੋਣ ਲੜਨ ਦੇ ਚਰਚੇ ਛਿੜ ਗਏ ਹਨ। ਸਦੀਕ, ਜਿਹੜੇ ਆਪਣੀ ਤੂੰਬੀ ਤੇ ਰਵਾਇਤੀ ਪੰਜਾਬੀ ਗਾਇਕੀ ਲਈ ਜਾਣੇ ਜਾਂਦੇ ਹਨ ਤੇ ਇਸ ਤੋਂ ਪਹਿਲਾਂ ਉਹ 2012 ਤੋਂ 2017 ਤੱਕ ਭਦੌੜ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਰਹੇ ਹਨ, ਫਿਰ ਉਹ 2019 ਤੋਂ 2024 ਤੱਕ ਫਰੀਦਕੋਟ ਤੋਂ ਲੋਕ ਸਭਾ ਚੋਣ ਜਿੱਤ ਕੇ ਸੰਸਦ ਵੀ ਰਹੇ ਹਨ।

ਉਹਨਾਂ ਬਾਰੇ ਇਨ੍ਹੀਂ ਦਿਨੀਂ ਮੁੜ ਸਿਆਸੀ ਮੈਦਾਨ ਵਿੱਚ ਆਉਣ ਬਾਰੇ ਗੱਲਾਂ ਚੱਲ ਰਹੀਆਂ ਹਨ।  ਉਨ੍ਹਾਂ ਨੇ ਸੱਚ ਕਹੂੰ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਲੋਕ ਤੇ ਪਾਰਟੀ ਹਾਈ ਕਮਾਂਡ ਮੌਕਾ ਦੇਣ ਤਾਂ ਉਹ ਲੋਕਾਂ ਦੀ ਸੇਵਾ ਲਈ ਤਿਆਰ ਹਨ। ਇਸ ਬਿਆਨ ਤੋਂ ਬਾਅਦ ਸਹਿਜੇ ਅੰਦਾਜ਼ਾ ਲਾਇਆ ਆ ਸਕਦਾ ਹੈ ਕਿ ਉਹ ਵਿਧਾਨ ਸਭਾ ਚੋਣ ਲੜਨ ਦਾ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਹ ਜਿਆਦਾ ਦੂਰ ਕਿਸੇ ਹਲਕੇ ਵਿੱਚੋਂ ਚੋਣ ਲੜਨ ਦੀ ਬਜਾਏ ਆਪਣੇ ਨੇੜਲੇ ਹਲਕਿਆਂ ਵਿੱਚੋਂ ਹੀ ਕਿਤੋਂ ਉਮੀਦਵਾਰ ਬਣਨ।

ਸਿਆਸੀ ਮਾਹਿਰਾਂ ਅਨੁਸਾਰ ਭਦੌੜ ਹਲਕਾ, ਜਿੱਥੇ ਸਦੀਕ ਪਹਿਲਾਂ ਵੀ ਚੋਣ ਲੜ ਚੁੱਕੇ ਹਨ ਤੇ ਜਿੱਤ ਹਾਸਲ ਕਰ ਚੁੱਕੇ ਹਨ, ਉਨ੍ਹਾਂ ਲਈ ਇੱਕ ਮਜ਼ਬੂਤ ਬਦਲ ਮੰਨਿਆ ਜਾ ਰਿਹਾ ਹੈ। ਕਿਉਂਕਿ ਪਹਿਲਾਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪ੍ਰਿੰਸੀਪਲ ਸੈਕਟਰੀ ਰਹੇ ਦਰਬਾਰਾ ਸਿੰਘ ਗੁਰੂ ਨੂੰ ਇੱਕ ਵੱਡੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਭਦੌੜ ਹਲਕਾ ਉਨ੍ਹਾਂ ਦਾ ਆਪਣਾ ਜਾਣਿਆ ਪਛਾਣਿਆ ਹਲਕਾ ਹੈ। ਉਸੇ ਤਰ੍ਹਾਂ ਮਹਿਲ ਕਲਾਂ ਹਲਕੇ ਤੋਂ ਵੀ ਉਨ੍ਹਾਂ ਦੇ ਨਾਂਅ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕਿਉਂਕਿ ਮਹਿਲ  ਕਲਾਂ ਵਿਧਾਨ ਸਭਾ ਹਲਕੇ ਵਿੱਚ ਦਰਜਨ ਭਰ ਲੋਕ ਟਿਕਟ ਦੀ ਦਾਅਵੇਦਾਰੀ ਜਿਤਾ ਰਹੇ ਹਨ।

ਜੇਕਰ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਟਿਕਟ ਮਿਲਦੀ ਹੈ ਤਾਂ ਸੁਭਾਵਿਕ ਗੱਲ ਹੈ ਕਿ ਦੂਜੇ ਉਸ ਉਮੀਦਵਾਰ ਦਾ ਵਿਰੋਧ ਕਰਨ ਤੋਂ ਗੁਰੇਜ ਨਹੀਂ ਕਰਨਗੇ , ਪਰ ਜੇਕਰ ਕਿਸੇ ਵੱਡੇ ਚਿਹਰੇ ਦੇ ਨਾਂਅ ਉੱਪਰ ਮੋਹਰ ਲੱਗਦੀ ਹੈ ਤਾਂ ਉਹਨਾਂ ਦਾਅਵੇਦਾਰਾਂ ਨੂੰ ਉਸ ਦਾ ਸਾਥ ਦੇਣਾ ਪਵੇਗਾ। ਜਿਸ ਕਰਕੇ ਪਾਰਟੀ ਮੁਹੰਮਦ ਸਦੀਕ ਨੂੰ ਮਹਿਲ ਕਲਾਂ ਤੋਂ ਉਮੀਦਵਾਰ ਵਜੋਂ ਉਤਾਰ ਸਕਦੀ ਹੈ। ਜ਼ਿਲ੍ਹੇ ਵਿਚ ਆਪ, ਅਕਾਲੀ ਦਲ ਤੇ ਕਾਂਗਰਸ ਸਮੇਤ ਵੱਖ-ਵੱਖ ਪਾਰਟੀਆਂ ਦੇ ਕਾਰਕੁਨ ਇਸ ਮਸਲੇ ’ਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਸਦੀਕ ਦੀ ਤੂੰਬੀ ਤੇ ਉਨ੍ਹਾਂ ਦੀ ਹਰਮਨ-ਪਿਆਰਤਾ ਨੂੰ ਧਿਆਨ ਵਿਚ ਰੱਖਦਿਆਂ ਬਹੁਤੇ ਲੋਕ ਮੰਨਦੇ ਹਨ।

ਕਿ ਜੇ ਉਹ ਮੈਦਾਨ ਵਿਚ ਉਤਰਦੇ ਹਨ ਤਾਂ ਇਲਾਕਾਈ ਸਮੀਕਰਨ ਬਦਲ ਸਕਦੇ ਹਨ। ਉਨ੍ਹਾਂ ਦੀ ਗਾਇਕੀ ਲੋਕਾਂ ਨਾਲ ਭਾਵੁਕ ਰਿਸ਼ਤਾ ਰੱਖਦੀ ਹੈ ਤੇ ਸਿਆਸੀ ਤੌਰ ’ਤੇ ਵੀ ਉਨ੍ਹਾਂ ਨੂੰ ਪੁਰਾਣਾ ਤਜ਼ਰਬਾ ਹੈ। ਹਾਲਾਂਕਿ ਅਜੇ ਤੱਕ ਉਨ੍ਹਾਂ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ।ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀੇ ਪਹਿਲਾਂ ਹੀ ਚਰਚੇ ਹੋ ਰਹੇ ਹਨ। ਇਸ ਵਿਚਾਲੇ ਸਦੀਕ ਦੇ ਨਾਂਅ ਦੀ ਅਵਾਜ਼ ਨੇ ਇਨ੍ਹਾਂ ਚਰਚਿਆਂ ਨੂੰ ਹੋਰ ਰੋਚਕ ਬਣਾ ਦਿੱਤਾ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਤੂੰਬੀ ਦੀ ਇਹ ਟੁਣਕ ਅਸਲ ਚੋਣ ਮੈਦਾਨ ਤੱਕ ਪਹੁੰਚਦੀ ਹੈ ਜਾਂ ਸਿਰਫ਼ ਗੱਲਾਂ ਤੱਕ ਹੀ ਸੀਮਿਤ ਰਹਿੰਦੀ ਹੈ।

ਇਹ ਵੀ ਪੜ੍ਹੋ : Turkey Ukraine Peace Talks: ਯੂਕਰੇਨ ’ਚ ਸ਼ਾਂਤੀ ਯਤਨਾਂ ਨੂੰ ਲੈ ਕੇ ਰੂਸ ਤੇ ਅਮਰੀਕਾ ਦੇ ਸੰਪਰਕ ’ਚ ਤੁਰਕੀ

Comments

Post Your Comment

About The Author

Related Posts