Punjab Assembly Elections 2027: ‘ਆਪ’, ਅਕਾਲੀ ਦਲ ਅਤੇ ਕਾਂਗਰਸ ਨੂੰ ਝਟਕਾ, ਤਿੰਨ ਜ਼ਿਲ੍ਹਿਆਂ ਦੇ ਕਈ ਆਗੂ ਭਾਜਪਾ ’ਚ ਸ਼ਾਮਲ
ਨਾਇਬ ਸਿੰਘ ਸੈਣੀ ਤੇ ਕੇਵਲ ਸਿੰਘ ਢਿੱਲੋਂ ਨੇ ਕੀਤਾ ਸਵਾਗਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਤਾਂ ਸਭ ਤੋਂ ਜਿਆਦਾ ਇਸ ਸਮੇਂ ਭਾਜਪਾ ’ਚ ਹੀ ਸ਼ਾਮਲ ਹੋ ਰਹੇ ਹਨ। ਵੀਰਵਾਰ ਨੂੰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨਾਲ ਸਬੰਧਿਤ ਤਿੰਨ ਜ਼ਿਲ੍ਹਿਆਂ ਦੇ ਕਈ ਆਗੂ ਆਪਣੇ ਸਮਰਥਕਾਂ ਸਮੇਤ ਭਾਜਪਾ ’ਚ ਸ਼ਾਮਲ ਹੋਏ ਹਨ। ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਵੇਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਇਸ ਮੌਕੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ, ਵਿਨੀਤ ਜੋਸ਼ੀ, ਸਾਬਕਾ ਪੁਲਿਸ ਮੁਖੀ ਪਰਮਦੀਪ ਸਿੰਘ ਗਿੱਲ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਮੋਗਾ ’ਚ ਆਮ ਆਦਮੀ ਪਾਰਟੀ ਨੂੰ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਵੱਲੋਂ ਪਾਰਟੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਸਭ ਤੋਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਨਾਲ ਪਾਰਟੀ ਦੇ ਵੱਖ-ਵੱਖ ਜਥੇਬੰਦਕ ਵਿੰਗਾਂ ਤੇ ਵਾਰਡ ਪੱਧਰ ’ਤੇ ਸਰਗਰਮ ਆਗੂ ਵੀ ਭਾਜਪਾ ’ਚ ਆਏ। ਇਸੇ ਤਰਾਂ ਲੁਧਿਆਣਾ ਦੇ ਅਕਾਲੀ ਆਗੂ ਸੁਰਿੰਦਰ ਸਿੰਘ ਚੌਹਾਨ ਨੇ ਵੀ ਆਪਣੇ ਸਾਥੀਆਂ ਨਾਲ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ।
ਉਨ੍ਹਾਂ ਨੂੰ ਅਕਾਲੀ ਦਲ ਦੀ ਜਥੇਬੰਦੀ ’ਚ ਅਹਿਮ ਜ਼ਿੰਮੇਵਾਰੀਆਂ ਮਿਲੀਆਂ ਹੋਈਆਂ ਸਨ ਤੇ ਉਹ ਉਦਯੋਗਿਕ ਖੇਤਰ ਨਾਲ ਵੀ ਜੁੜੇ ਰਹੇ ਹਨ। ਸੰਗਰੂਰ ਜ਼ਿਲੇ੍ਹ ਦੇ ਲਹਿਰਾਗਾਗਾ ਨਾਲ ਸਬੰਧਿਤ ਨੌਜਵਾਨ ਆਗੂ ਹਾਰਦਿਕ ਨੈਨ ਦੀ ਸ਼ਮੂਲੀਅਤ ਵੀ ਇਸ ਸਮਾਗਮ ਦਾ ਖਿੱਚ ਦਾ ਕੇਂਦਰ ਰਹੀ। ਉਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਐੱਨ. ਐੱਸ. ਯੂ. ਆਈ. ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੇ ਨਾਲ ਮਨੁੱਖੀ ਅਧਿਕਾਰਾਂ, ਕਿਸਾਨਾਂ, ਸੂਚਨਾ ਦੇ ਅਧਿਕਾਰ ਤੇ ਪ੍ਰਵਾਸੀ ਭਾਰਤੀਆਂ ਨਾਲ ਜੁੜੀਆਂ ਜਥੇਬੰਦੀਆਂ ਦੇ ਕਈ ਅਹੁਦੇਦਾਰਾਂ ਨੇ ਵੀ ਭਾਜਪਾ ’ਚ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : Hardial Singh Kamboj BJP: ਕਾਂਗਰਸ ਨੂੰ ਵੱਡਾ ਝਟਕਾ, ਦੋ ਵਾਰ ਵਿਧਾਇਕ ਰਹੇ ਹਰਦਿਆਲ ਕੰਬੋਜ ਭਾਜਪਾ ’ਚ ਸ਼ਾਮਲ
Comments