Sangrur Bus Accident: ਬੱਸ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਹਰ ਪੱਖੋਂ ਖੜ੍ਹੀ ਹੈ ਪੰਜਾਬ ਸਰਕਾਰ: ਨਰਿੰਦਰ ਕੌਰ ਭਰਾਜ
ਜ਼ਖ਼ਮੀਆਂ ਦਾ ਹਾਲ ਜਾਣਿਆ, ਮੁਆਵਜ਼ਾ ਜਲਦ ਦੇਣ ਦਾ ਭਰੋਸਾ; ਸੰਗਰੂਰ ਸਿਵਲ ਹਸਪਤਾਲ ਵਿੱਚ ਦਵਾਈਆਂ ਦੀ ਗਿਣਤੀ 500 ਤੱਕ ਪੁੱਜੀ
ਪਟਿਆਲਾ (ਹਿੰ.ਸ.)। ਸੰਗਰੂਰ ਵਿੱਚ ਵਾਪਰੇ ਬੱਸ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਪੰਜਾਬ ਸਰਕਾਰ ਹਰ ਪੱਖੋਂ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਿਵਲ ਹਸਪਤਾਲ ਸੰਗਰੂਰ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਜ਼ਖ਼ਮੀਆਂ ਦਾ ਹਾਲ ਜਾਣਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਜਲਦ ਦਿਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਭਰਾਜ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ, ਜੋ ਆਪਣੇ ਬੱਚੇ ਦੀ ਕੀਮੋਥੈਰੇਪੀ ਕਰਵਾਉਣ ਲਈ ਚੰਡੀਗੜ੍ਹ ਜਾ ਰਹੀ ਸੀ। ਬੱਚਾ ਇਸ ਸਮੇਂ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਜ਼ਖ਼ਮੀ ਦੋ ਭੈਣਾਂ ਸਮੇਤ ਹੋਰ ਮਰੀਜ਼ਾਂ ਦੇ ਇਲਾਜ ਸਬੰਧੀ ਜਾਣਕਾਰੀ ਵੀ ਲਈ।
ਉਨ੍ਹਾਂ ਹਾਦਸੇ ਦੇ ਦੁੱਖ ਵਿੱਚ ਹਸਪਤਾਲ ਪ੍ਰਬੰਧਾਂ ਨੂੰ ਲੈ ਕੇ ਸਿਆਸਤ ਕਰਨ ਦੀ ਨਿਖੇਧੀ ਕਰਦਿਆਂ ਵਿਰੋਧੀ ਆਗੂਆਂ ਨੂੰ ਅਜਿਹੇ ਸਵਾਲ ਢੁੱਕਵੇਂ ਮੰਚਾਂ ’ਤੇ ਉਠਾਉਣ ਦੀ ਅਪੀਲ ਕੀਤੀ।
ਵਿਧਾਇਕ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਦੀ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ ਅਤੇ ਦਵਾਈਆਂ ਦੀਆਂ ਕਿਸਮਾਂ 150 ਤੋਂ ਵਧ ਕੇ 450 ਤੋਂ 500 ਹੋ ਗਈਆਂ ਹਨ। ਨਵੇਂ ਡਾਕਟਰਾਂ ਅਤੇ ਸੱਤ ਸਟਾਫ਼ ਨਰਸਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ। ਹਸਪਤਾਲ ਵਿੱਚ ਆਈਪੀਐੱਚਐੱਲ ਲੈਬ, ਚਾਰ ਬਿਸਤਰਿਆਂ ਵਾਲਾ ਆਈਸੀਯੂ ਅਤੇ ਨਵੀਆਂ ਜਾਂਚ ਮਸ਼ੀਨਾਂ ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸੰਗਰੂਰ ਮੈਡੀਕਲ ਕਾਲਜ ਦੀ ਉਸਾਰੀ ਦਾ ਟੈਂਡਰ ਅਲਾਟ ਹੋ ਗਿਆ ਹੈ। ਸਿਵਲ ਹਸਪਤਾਲ ਦੀ ਸਮਰੱਥਾ 200 ਤੋਂ ਵਧਾ ਕੇ 400 ਬਿਸਤਰਿਆਂ ਤੱਕ ਕੀਤੀ ਜਾ ਰਹੀ ਹੈ। ਇਸ ਨਾਲ ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਸਥਾਨਕ ਪੱਧਰ ’ਤੇ ਮਿਲਣਗੀਆਂ।
Read Also : ਅਮੂਲ ਤੇ ਮਦਰ ਡੇਅਰੀ ਤੋਂ ਬਾਅਦ, ਵੇਰਕਾ ਨੇ ਵੀ ਦੁੱਧ ਦੀ ਕੀਮਤ ਵਧਾਈ, 8 ਰੁਪਏ ਤੱਕ ਹੋਇਆ ਮਹਿੰਗਾ
Comments