Charanjit Singh Channi: ਬਰਿੰਦਰ ਢਿੱਲੋਂ-ਤਰਖਾਣ ਮਾਜਰਾ ਵਿਵਾਦ ’ਚ ਚੰਨੀ ਦੀ ਐਂਟਰੀ, ਬੋਲੇ, ਇੰਨੇ ਕਮਜ਼ੋਰ ਤਾਂ ਨਹੀਂ ਸੀ ਕਿ ਰੋਂਦੇ ਰਹਿੰਦੇ, ਦੋ-ਚਾਰ ਧਰ ਦਿੰਦੇ
ਚੰਨੀ ਦੇ ਬਿਆਨ ਨੇ ਵਿਵਾਦ ਨੂੰ ਦਿੱਤਾ ਨਵਾਂ ਮੋੜ, ਕਿਹਾ, ਦੋ-ਚਾਰ ਧਰ ਕੇ ਕਰਨੀ ਸੀ ਮੇਰੇ ਨਾਲ ਗੱਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਵਿੱਚ ਬਰਿੰਦਰ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਤਰਖਾਣ ਮਾਜਰਾ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਹੋਰ ਭਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ। ਚਰਨਜੀਤ ਸਿੰਘ ਚੰਨੀ ਨੇ ਤਰਖਾਣ ਮਾਜਰਾ ਦੇ ਹੱਕ ਵਿੱਚ ਹਮਦਰਦੀ ਜਤਾਉਣ ਦੀ ਬਜਾਏ ਉਨ੍ਹਾਂ ਨੂੰ ਤਿੱਖੀ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਬਰਿੰਦਰ ਢਿੱਲੋਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਸੀ ਤਾਂ ਉਨ੍ਹਾਂ ਨੂੰ ਵੀ ਦੋ ਥੱਪੜ ਧਰ ਦੇਣੇ ਚਾਹੀਦੇ ਸਨ।
ਉਨ੍ਹਾਂ ਕਿਹਾ ਕਿ ਅਸੀਂ ਇੰਨੇ ਕਮਜ਼ੋਰ ਨਹੀਂ ਹਾਂ ਕਿ ਰੋਂਦੇ ਰਹੀਏ। ਚਰਨਜੀਤ ਚੰਨੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਇੰਨੀ ਹੀ ਗੱਲ ਸੀ ਤਾਂ ਚਾਰ ਛਿੱਤਰ ਮਾਰ ਦਿੰਦੇ।ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਇਸ ਪੂਰੇ ਮਾਮਲੇ ਨੂੰ ਕਾਂਗਰਸ ਦੇ ਦੋ ਵਰਕਰਾਂ ਵਿਚਕਾਰ ਹੋਈ ਆਪਸੀ ਲੜਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਧਿਰ ਵੱਲੋਂ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਲਾਏ ਜਾ ਰਹੇ ਹਨ, ਜਦੋਂਕਿ ਦੂਜੀ ਧਿਰ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ।
ਚਰਨਜੀਤ ਚੰਨੀ ਨੇ ਕਿਹਾ ਕਿ ਇਹ ਦੋ ਵਿਅਕਤੀਆਂ ਵਿਚਕਾਰ ਹੋਇਆ ਨਿੱਜੀ ਵਿਵਾਦ ਹੈ, ਪਰ ਦੂਜੀਆਂ ਸਿਆਸੀ ਪਾਰਟੀਆਂ ਇਸ ਨੂੰ ਬੇਲੋੜਾ ਵੱਡਾ ਮੁੱਦਾ ਬਣਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਸਿੱਧਾ ਸਬੰਧ ਨਹੀਂ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਨੂੰ ਬੇਨਤੀ ਕਰਨਗੇ ਕਿ ਦੋਵਾਂ ਆਗੂਆਂ ਨੂੰ ਬਿਠਾ ਕੇ ਮਾਮਲੇ ਦਾ ਹੱਲ ਕੱਢਿਆ ਜਾਵੇ। ਚਰਨਜੀਤ ਚੰਨੀ ਨੇ ਤਰਖਾਣ ਮਾਜਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਗਲਤ ਹੋਇਆ ਸੀ ਤਾਂ ਉਨ੍ਹਾਂ ਨੂੰ ਵੀ ਉਸੇ ਸਮੇਂ ਜਵਾਬ ਦੇਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਬਰਿੰਦਰ ਢਿੱਲੋਂ ਇਕੱਲੇ ਸਨ ਅਤੇ ਉੱਥੇ ਮੌਜ਼ੂਦ ਹੋਰ ਲੋਕਾਂ ਨੂੰ ਉਨ੍ਹਾਂ ਨੂੰ ਫੜ ਲੈਣਾ ਚਾਹੀਦਾ ਸੀ। ਚੰਨੀ ਦੇ ਇਸ ਬਿਆਨ ਸਬੰਧੀ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮਾਮਲਾ ਪਹਿਲਾਂ ਹੀ ਕਾਂਗਰਸ ਦੀ ਅੰਦਰੂਨੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 27 ਅਕਤੂਬਰ 2026 ਵਿੱਚ ਚੰਡੀਗੜ੍ਹ ਦੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿੱਚ ਬਰਿੰਦਰ ਢਿੱਲੋਂ ਅਤੇ ਰਣਜੀਤ ਸਿੰਘ ਤਰਖਾਣ ਮਾਜਰਾ ਵਿਚਕਾਰ ਵਿਵਾਦ ਹੋਇਆ ਸੀ। ਤਰਖਾਣ ਮਾਜਰਾ ਨੇ ਦੋਸ਼ ਲਾਇਆ ਸੀ ਕਿ ਬਰਿੰਦਰ ਢਿੱਲੋਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਕਾਂਗਰਸ ਹਾਈਕਮਾਂਡ ਤੋਂ ਇਨਸਾਫ਼ ਦੀ ਮੰਗ ਕੀਤੀ ਸੀ। ਇਸ ਮਾਮਲੇ ਨੇ ਉਸ ਸਮੇਂ ਹੋਰ ਤੂਲ ਫੜ ਲਿਆ, ਜਦੋਂ ਬਰਿੰਦਰ ਢਿੱਲੋਂ ਖ਼ਿਲਾਫ਼ ਐੱਫਆਈਆਰ ਵੀ ਦਰਜ ਹੋ ਗਈ ਸੀ।
ਇਹ ਵੀ ਪੜ੍ਹੋ : PCS Mains Result: ਬਿਕਰਮ ਸਿੰਘ ਮਜੀਠੀਆ ਤੋਂ ਹਰਭਜਨ ਸਿੰਘ ਈਟੀਓ ਨੇ ਪੁੱਛੇ ਦੋ ਵੱਡੇ ਸਵਾਲ
Comments