Aman Arora: ਕੇਜਰੀਵਾਲ ਨੂੰ ਛੱਡੋ ਅਬੋਹਰ ਤੋਂ ਸੁਹਾਣੀ ਡੋਡਾ ਦੇ ਖ਼ਿਲਾਫ਼ ਲੜ ਕੇ ਦਿਖਾਉਣ ਸੁਨੀਲ ਜਾਖੜ : ਅਮਨ ਅਰੋੜਾ
‘ਆਪ’ ਦੇ ਪ੍ਰਧਾਨ ਅਮਨ ਅਰੋੜਾ ਦਾ ਤਿੱਖ਼ਾ ਹਮਲਾ, ਆਪਣੇ ਗੜ੍ਹ ’ਚ ਜਿੱਤ ਕੇ ਦਿਖਾਉਣ ਸੁਨੀਲ ਜਾਖੜ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਸੁਨੀਲ ਜਾਖੜ ਨੂੰ ਜੇਕਰ ਜ਼ਿਆਦਾ ਹੀ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਹੈ ਤਾਂ ਸੁਨੀਲ ਜਾਖੜ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਜਾਂ ਫਿਰ ਮਨੀਸ਼ ਸਿਸੋਦੀਆ ਛੱਡੋ ਅਬੋਹਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਸੁਹਾਣੀ ਡੋਡਾ ਦੇ ਖ਼ਿਲਾਫ਼ ਹੀ ਚੋਣ ਜਿੱਤ ਕੇ ਦਿਖਾ ਦੇਣ। ਅਬੋਹਰ ਵਿਧਾਨ ਸਭਾ ਸੀਟ ਤਾਂ ਸੁਨੀਲ ਜਾਖੜ ਦੇ ਸਭ ਤੋਂ ਜ਼ਿਆਦਾ ਦਬਦਬੇ ਵਿੱਚ ਹੀ ਆਉਂਦੀ ਹੈ ਤਾਂ ਇੱਥੇ ਉਹ ਸਾਡੇ ਵਰਕਰ ਦੇ ਸਾਹਮਣੇ ਲੜ ਕੇ ਹੀ ਹਿੰਮਤ ਦਿਖਾ ਦੇਣ ਤਾਂ ਉਹ ਮੰਨ ਜਾਣਗੇ।
ਇਹ ਤਿੱਖ਼ਾ ਸ਼ਬਦੀ ਹਮਲਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਗਿਆ ਹੈ। ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸਿਰਫ਼ ਸੁਨੀਲ ਜਾਖੜ ਹੀ ਨਹੀਂ, ਸਗੋਂ ਕੋਈ ਵੀ ਅਕਾਲੀ ਜਾਂ ਫਿਰ ਕਾਂਗਰਸ ਦਾ ਲੀਡਰ ਹੀ ਉਨ੍ਹਾਂ ਦੇ ਕਿਸੇ ਵੀ ਨਵੇਂ ਉਮੀਦਵਾਰ ਦੇ ਅੱਗੇ ਚੋਣ ਲੜ ਕੇ ਜਿੱਤ ਦੇ ਦਿਖਾ ਦੇਣ, ਕਿਉਂਕਿ ਇਸ ਸਮੇਂ ਬਾਕੀ ਪਾਰਟੀਆਂ ਦੇ ਲੀਡਰਾਂ ਦੀ ਹਾਲਤ ਕਾਫ਼ੀ ਜ਼ਿਆਦਾ ਪਤਲੀ ਹੈ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੰਗੀ ਪੁਜੀਸ਼ਨ ਵਿੱਚ ਨਜ਼ਰ ਆ ਰਹੇ ਹਨ।
ਅਮਨ ਅਰੋੜਾ ਵੱਲੋਂ ਖ਼ਾਸ ਕਰਕੇ ਸੁਨੀਲ ਜਾਖੜ ਨੂੰ ਉਸ ਸਮੇਂ ਨਿਸ਼ਾਨੇ ’ਤੇ ਲਿਆ, ਜਦੋਂ ਖ਼ੁਦ ਸੁਨੀਲ ਜਾਖੜ ਨੇ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਜਾਂ ਫਿਰ ਮਨੀਸ਼ ਸਿਸੋਦੀਆਂ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤਾਂ ਉਹ ਉਹਨਾਂ ਦੇ ਖ਼ਿਲਾਫ਼ ਚੋਣ ਲੜਦੇ ਹੋਏ ਇਨ੍ਹਾਂ ‘ਆਪ’ ਦੇ ਵੱਡੇ ਲੀਡਰਾਂ ਨੂੰ ਹੀ ਚੋਣ ਮੈਦਾਨ ਵਿੱਚ ਮਾਤ ਦੇ ਦੇਣਗੇ। ਸੁਨੀਲ ਜਾਖੜ ਦੇ ਇਸ ਬਿਆਨ ’ਤੇ ਹੀ ਟਿੱਪਣੀ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਇਹੋ ਜਿਹੀ ਹਾਸੋ-ਹੀਣੀ ਗੱਲਾਂ ਸੁਨੀਲ ਜਾਖੜ ਦੇ ਮੂੰਹ ਤੋਂ ਚੰਗੀ ਨਹੀਂ ਲੱਗਦੀਆਂ ਹਨ, ਜਦੋਂ ਉਹ ਆਪਣੇ ਅਬੋਹਰ ਵਿਧਾਨ ਸਭਾ ਹਲਕੇ ਤੋਂ ਵੀ ਜਿੱਤ ਹਾਸਲ ਕਰਨ ਦੀ ਤਾਕਤ ਨਹੀਂ ਰੱਖਦੇ ਹਨ।
ਇਥੇ ਹੀ ਅਮਨ ਅਰੋੜਾ ਨੇ ਏਥੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਈ ਵਿਧਾਨ ਸਭਾ ਸੀਟਾਂ ’ਤੇ ਹਲਕਾ ਇੰਚਾਰਜ਼ ਲਾਏ ਹਨ ਤਾਂ ਉਨ੍ਹਾਂ ਸੀਟਾਂ ’ਤੇ ਹਲਕਾ ਇੰਚਾਰਜ਼ਾਂ ਨੂੰ ਹੀ ਟਿਕਟ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਲਾਉਣ ਦਾ ਮਕਸਦ ਹੀ ਇਹੋ ਸੀ। ਉਨ੍ਹਾਂ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਸਾਰੇ ਹਲਕਾ ਇੰਚਾਰਜ਼ ਬਾਰੇ ਇਹ ਦਾਅਵਾ ਨਹੀਂ ਕਰ ਸਕਦੇ ਹਨ, ਪਰ ਜ਼ਿਆਦਾਤਰ ਹਲਕਾ ਇੰਚਾਰਜ਼ਾਂ ਨੂੰ ਹੀ ਟਿਕਟ ਮਿਲੇਗੀ। ਅਮਨ ਅਰੋੜਾ ਦੇ ਇਸ ਬਿਆਨ ਤੋਂ ਬਾਅਦ ਹੁਣ ਸਥਿਤੀ ਇਸ ਮਾਮਲੇ ਵਿੱਚ ਵੀ ਸਾਫ਼ ਹੋ ਗਈ ਹੈ ਕਿ ਆਉਂਦੇ ਉਮੀਦਵਾਰਾਂ ਦੀ ਲਿਸਟਾਂ ਵਿੱਚ ਵੀ ਹਲਕਾ ਇੰਚਾਰਜ਼ਾਂ ਦੀ ਲਾਟਰੀ ਲੱਗਣ ਦੇ ਜ਼ਿਆਦਾ ਉਮੀਦ ਹੈ, ਜਦੋਂ ਕਿ ਕਈ ਹੋਰ ਮੌਜ਼ੂਦਾ ਵਿਧਾਇਕਾਂ ਦੀ ਟਿਕਟ ਕੱਟ ਸਕਦੀ ਹੈ।
Comments