Fazilka News: ਡਰੋਨ ਰਾਹੀਂ ਸਰਹੱਦ ਪਾਰੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ
ਫ਼ਾਜ਼ਿਲਕਾ ਪੁਲਿਸ ਤੇ ਬੀਐਸਐਫ ਨੂੰ ਮਿਲੀ ਵੱਡੀ ਸਫਲਤਾ
ਫ਼ਾਜ਼ਿਲਕਾ (ਰਜਨੀਸ਼ ਰਵੀ)। ਫ਼ਾਜ਼ਿਲਕਾ ਪੁਲਿਸ ਵੱਲੋਂ ਸਰਹੱਦ ਪਾਰੋਂ ਡਰੋਨ ਰਾਹੀਂ ਹੋਣ ਵਾਲੀ ਨਸ਼ਿਆਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ। ਇਸੇ ਮੁਹਿੰਮ ਤਹਿਤ ਫ਼ਾਜ਼ਿਲਕਾ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਸਰਚ ਆਪ੍ਰੇਸ਼ਨ ਚਲਾ ਕੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਪਿੰਡ ਦੇਨਾ ਸਿਕੰਦਰੀ ਨੇੜਿਓਂ ਇੱਕ ਡਰੋਨ ਅਤੇ ਦੋ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ।
ਸੁਰੱਖਿਆ ਦਸਤਿਆਂ ਨੂੰ ਥਾਣਾ ਸਦਰ ਫ਼ਾਜ਼ਿਲਕਾ ਵਿੱਚ ਪਿੰਡ ਦੇਨਾ ਸਿਕੰਦਰੀ ਦੇ ਖੇਤਾਂ ਵਿੱਚ ਡਰੋਨ ਡਿੱਗਣ ਸਬੰਧੀ ਸੂਚਨਾ ਪ੍ਰਾਪਤ ਹੋਈ। ਇਸ ’ਤੇ ਸ੍ਰੀ ਬਲਵਿੰਦਰ ਸਿੰਘ, ਡੀ.ਐਸ.ਪੀ. ਸਬ-ਡਵੀਜ਼ਨ ਫ਼ਾਜ਼ਿਲਕਾ ਅਤੇ ਸ੍ਰੀ ਲਵਦੀਪ ਸਿੰਘ ਗਿੱਲ, ਡੀ.ਐਸ.ਪੀ. ਸਬ-ਡਵੀਜ਼ਨ ਫ਼ਾਜ਼ਿਲਕਾ ਦੀ ਅਗਵਾਈ ਹੇਠ ਐਸ.ਆਈ. ਬਸੰਤ ਸਿੰਘ ਅਤੇ ਏ.ਐਸ.ਆਈ. ਸੁਰੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਬੀ.ਐਸ.ਐਫ. ਦੇ ਜਵਾਨਾਂ ਨਾਲ ਤਾਲਮੇਲ ਕਰਦਿਆਂ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਦੇਨਾ ਸਿਕੰਦਰੀ ਨੇੜਿਓਂ ਇੱਕ ਡਰੋਨ ਅਤੇ ਦੋ ਨਾਜਾਇਜ਼ ਹਥਿਆਰ ਬਰਾਮਦ ਹੋਏ। ਇਸ ਸਬੰਧੀ ਥਾਣਾ ਸਦਰ ਫ਼ਾਜ਼ਿਲਕਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਐਸਐਸਪੀ ਗਗਨ ਅਜੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਡਰੋਨ ਅਤੇ 02 ਪਿਸਟਲ 9 ਐਮ.ਐਮ. ਸਮੇਤ ਮੈਗਜ਼ੀਨ ਬਰਾਮਦ ਹੋਏ ਹਨ। ਇਸ ਬਾਬਤ ਥਾਣਾ ਸਦਰ ਫ਼ਾਜ਼ਿਲਕਾ ਵੱਲੋਂ ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 348 ਮਿਤੀ 05-11-2026, ਜੁਰਮ 10,11,12 ਏਅਰਕ੍ਰਾਫਟ ਐਕਟ ਅਤੇ 25/54/59 ਅਸਲਾ ਐਕਟ ਦਰਜ ਕੀਤਾ ਗਿਆ ਹੈ।
Read Also ; ਰਾਜਪੁਰਾ ’ਚ ਚੱਲਦੀ ਟਰੇਨ ਨੂੰ ਲੱਗੀ ਭਿਆਨਕ ਅੱਗ, ਯਾਤਰੀਆਂ ਵਿੱਚ ਮਚੀ ਹਫੜਾ-ਦਫੜੀ
Comments