ਭਾਰਤ ਨੇ ਰਿਕਾਰਡ ਛੇਵੀਂ ਵਾਰ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ, ਫਾਈਨਲ ’ਚ ਜਾਪਾਨ ਨੂੰ 4-1 ਨਾਲ ਹਰਾਇਆ

ਕਪਤਾਨ ਹਰਮਨਪ੍ਰੀਤ ਸਿੰਘ ਨੇ ਪੂਰੇ ਟੂਰਨਾਮੈਂਟ ਦੌਰਾਨ ਟੀਮ ਦੀ ਸ਼ਾਨਦਾਰ ਅਗਵਾਈ ਕੀਤੀ

Ravinder Sharma Picture
Published On

ਮੋਹਾਲੀ/ਚੰਡੀਗੜ੍ਹ (ਹਿੰ.ਸ.)। ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਮੁਕਾਬਲੇ ਵਿੱਚ ਆਪਣੇ ਅਜੇਤੂ ਸਫ਼ਰ ਨੂੰ ਲਗਾਤਾਰ ਜਾਰੀ ਰੱਖਦਿਆਂ ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ, ਮੋਹਾਲੀ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਜਾਪਾਨ ਨੂੰ 4-1 ਨਾਲ ਮਾਤ ਦੇ ਕੇ ਰਿਕਾਰਡ ਛੇਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ ਆਪਣੇ ਨਾਂਅ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ 2023 ਅਤੇ 2024 ਦੀਆਂ ਜਿੱਤਾਂ ਤੋਂ ਬਾਅਦ ਜੇਤੂ ਖ਼ਿਤਾਬਾਂ ਦੀ ਹੈਟ੍ਰਿਕ ਪੂਰੀ ਕਰ ਲਈ ਹੈ, ਜੋ ਪੂਰੇ ਟੂਰਨਾਮੈਂਟ ਦੌਰਾਨ ਸਾਰੇ 7 ਮੈਚ ਜਿੱਤ ਕੇ ਅਜੇਤੂ ਰਹੀ।

ਆਪਣਾ ਤੀਜਾ ਫਾਈਨਲ ਖੇਡ ਰਹੀ ਜਾਪਾਨ ਦੀ ਟੀਮ ਨੇ ਸ਼ੁਰੂਆਤ ਵਿੱਚ ਹੀ ਬੜ੍ਹਤ ਲੈ ਕੇ ਭਾਰਤ ਨੂੰ ਵੱਡਾ ਝਟਕਾ ਦਿੱਤਾ। ਤੀਜੇ ਮਿੰਟ ਵਿੱਚ ਕਾਜ਼ੂਮਾਸਾ ਮਾਤਸੂਮੋਤੋ ਨੇ ਸ਼ਾਨਦਾਰ ਬੈਕਹੈਂਡਰ ਰਾਹੀਂ ਗੋਲ ਕਰਕੇ ਜਾਪਾਨ ਨੂੰ 1-0 ਨਾਲ ਅੱਗੇ ਕਰ ਦਿੱਤਾ ਅਤੇ ਜਾਪਾਨ ਨੇ ਹਾਫ-ਟਾਈਮ ਤੱਕ ਇਹ ਲੀਡ ਬਣਾਈ ਰੱਖੀ। ਅੱਧੇ ਸਮੇਂ ਤੋਂ ਬਾਅਦ ਭਾਰਤ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ 42ਵੇਂ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਵੱਲੋਂ ਪੈਨਲਟੀ ਕਾਰਨਰ 'ਤੇ ਕੀਤੇ ਸ਼ਾਨਦਾਰ ਪਾਸ ਸਦਕਾ ਸ਼ਿਲਾਨੰਦ ਲਾਕੜਾ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।

ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਆਖ਼ਰੀ ਕੁਆਰਟਰ ਵਿੱਚ ਵਿਰੋਧੀ ਟੀਮ 'ਤੇ ਪੂਰੀ ਤਰ੍ਹਾਂ ਦਬਾਅ ਬਣਾ ਲਿਆ ਅਤੇ ਦਿਲਪ੍ਰੀਤ ਸਿੰਘ ਨੇ 47ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-1 ਕਰ ਦਿੱਤਾ। ਇਸ ਤੋਂ ਬਾਅਦ ਜੁਗਰਾਜ ਸਿੰਘ ਨੇ 52ਵੇਂ ਮਿੰਟ ਵਿੱਚ ਜ਼ੋਰਦਾਰ ਡਰੈਗ-ਫਲਿੱਕ ਰਾਹੀਂ ਇਹ ਲੀਡ 3-1 ਕਰ ਦਿੱਤੀ ਅਤੇ ਇਸ ਤੋਂ ਅਗਲੇ ਹੀ ਮਿੰਟ ਯਾਨੀ 53ਵੇਂ ਮਿੰਟ ਵਿੱਚ ਵਿਵੇਕ ਸਾਗਰ ਪ੍ਰਸਾਦ ਨੇ ਗੋਲ ਕਰਕੇ 4-1 ਦੇ ਸਕੋਰ ਨਾਲ ਭਾਰਤ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ।

ਭਾਰਤੀ ਟੀਮ, ਜਿਸਨੇ ਜਲੰਧਰ ਵਿਖੇ ਵੀ ਲੀਗ ਗੇੜ ਵਿੱਚ ਜਾਪਾਨ ਨੂੰ 4-1 ਨਾਲ ਮਾਤ ਦਿੱਤੀ ਸੀ, ਨੇ ਹੁਣ 2011, 2016, 2018 (ਸਾਂਝਾ ਖ਼ਿਤਾਬ), 2023, 2024 ਅਤੇ 2026 ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ। ਦੂਜੇ ਪਾਸੇ, ਜਾਪਾਨ ਨੂੰ ਅਜੇ ਵੀ ਆਪਣੇ ਪਹਿਲੇ ਖ਼ਿਤਾਬ ਦੀ ਉਡੀਕ ਹੈ, ਜਿਸਨੂੰ 2013, 2021 ਅਤੇ ਹੁਣ 2026 ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਕਪਤਾਨ ਹਰਮਨਪ੍ਰੀਤ ਸਿੰਘ ਨੇ ਪੂਰੇ ਟੂਰਨਾਮੈਂਟ ਦੌਰਾਨ ਟੀਮ ਦੀ ਸ਼ਾਨਦਾਰ ਅਗਵਾਈ ਕੀਤੀ, ਜਦਕਿ ਹਾਰਦਿਕ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ, ਅਮਿਤ ਰੋਹੀਦਾਸ, ਸ਼ਿਲਾਨੰਦ ਲਾਕੜਾ ਅਤੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਫਾਈਨਲ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

ਕਾਂਸੀ ਤਗ਼ਮੇ ਦਾ ਮੈਚ: ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾਇਆ

ਵੀਰਵਾਰ ਨੂੰ ਦਿਨ ਦੇ ਪਹਿਲੇ ਮੁਕਾਬਲੇ ‘ਚ ਮਲੇਸ਼ੀਆ ਨੇ ਕਾਂਸੀ ਤਗ਼ਮੇ ਲਈ ਖੇਡੇ ਮੈਚ ਵਿੱਚ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਮਲੇਸ਼ੀਆ ਨੇ 1-2 ਨਾਲ ਪੱਛੜਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਆਪਣੇ ਨਾਂਅ ਕਰ ਲਿਆ। ਫਿਤਰੀ ਸਾਰੀ ਨੇ ਦੂਜੇ ਮਿੰਟ ਵਿੱਚ ਹੀ ਮਲੇਸ਼ੀਆ ਨੂੰ ਲੀਡ ਦਿਵਾ ਦਿੱਤੀ, ਪਰ ਦੱਖਣੀ ਕੋਰੀਆ ਨੇ ਪੰਜਵੇਂ ਮਿੰਟ ਵਿੱਚ ਪਾਰਕ ਗਿਊਨ ਵੂ ਦੇ ਪੈਨਲਟੀ ਕਾਰਨਰ ਰਾਹੀਂ ਜਵਾਬੀ ਹਮਲੇ ਨਾਲ ਸਕੋਰ ਬਰਾਬਰ ਕਰ ਦਿੱਤਾ ਅਤੇ 13ਵੇਂ ਮਿੰਟ ਵਿੱਚ ਚੁਨ ਸੇਮਿਨ ਦੇ ਗੋਲ ਦੀ ਬਦੌਲਤ ਲੀਡ ਹਾਸਲ ਕਰ ਲਈ।

ਆਖ਼ਰੀ ਦੋ ਕੁਆਰਟਰਾਂ ਵਿੱਚ ਮਲੇਸ਼ੀਆ ਨੇ ਜ਼ੋਰਦਾਰ ਹਮਲਾ ਬੋਲਿਆ। ਤਜਰਬੇਕਾਰ ਫਾਰਵਰਡ ਫੈਜ਼ਲ ਸਾਰੀ ਨੇ 34ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਅਬੂ ਕਮਾਲ ਅਜ਼ਰਾਈ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 45ਵੇਂ ਅਤੇ 50ਵੇਂ ਮਿੰਟ ਵਿੱਚ ਦੋ ਗੋਲ ਦਾਗ਼ ਕੇ ਮਲੇਸ਼ੀਆ ਨੂੰ 4-2 ਨਾਲ ਬੜ੍ਹਤ ਦਿਵਾਈ। ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਅਬੂ ਕਮਾਲ ਅਜ਼ਰਾਈ ਨੂੰ 'ਮੈਨ ਆਫ਼ ਦ ਮੈਚ' ਚੁਣਿਆ ਗਿਆ। ਕਪਤਾਨ ਮਰਹਾਨ ਜਲੀਲ ਨੇ 58ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ 5-2 ਦੇ ਵੱਡੇ ਫ਼ਰਕ ਨਾਲ 'ਸਪੀਡੀ ਟਾਈਗਰਜ਼' ਦੀ ਜਿੱਤ ਪੱਕੀ ਕਰ ਦਿੱਤੀ।

ਮੋਹਾਲੀ ਵਿਖੇ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮਵਿੱਚ ਇਹ ਫਾਈਨਲ ਮੈਚ ਖੇਡਿਆ ਗਿਆ ਅਤੇ ਇਸੇ ਸਟੇਡੀਅਮ ਵਿੱਚ ਟੂਰਨਾਮੈਂਟ ਦੇ ਨਾਕਆਊਟ ਗੇੜ ਦੇ ਮੈਚ ਕਰਵਾਏ ਗਏ। ਇਸ ਤੋਂ ਪਹਿਲਾਂ ਲੀਗ ਗੇੜ ਦੇ ਮੁਕਾਬਲੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਜਲੰਧਰ ਵਿਖੇ ਖੇਡੇ ਗਏ।

Read Also : ਢਾਕਾ ਦੇ ਮੀਰਪੁਰ ਉਦਯੋਗਿਕ ਖੇਤਰ ਵਿੱਚ ਬੀਜੀਬੀ ਦੀਆਂ 33 ਪਲਟਨ ਤਾਇਨਾਤ, ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ

Comments

Post Your Comment

About The Author

Related Posts