Hero Asian Champions Trophy 2026: ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾਇਆ, ਲਗਾਤਾਰ ਤੀਜੀ ਜਿੱਤ ਦਰਜ
ਮਲੇਸ਼ੀਆ ਨੇ ਬੰਗਲਾਦੇਸ਼ ਨੂੰ 6-1 ਨਾਲ ਹਰਾਇਆ, ਦੱਖਣੀ ਕੋਰੀਆ ਨੇ ਚੀਨ ਨੂੰ 2-1 ਨਾਲ ਦਿੱਤੀ ਮਾਤ
Hero Asian Champions Trophy 2026: ਜਲੰਧਰ, (ਸੱਚ ਕਹੂੰ ਨਿਊਜ਼/ਹਿੰ.ਸ.)। ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਾਪਾਨ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਮਲੇਸ਼ੀਆ ਨੇ ਵੀ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ, ਜਦਕਿ ਦੱਖਣੀ ਕੋਰੀਆ ਨੇ ਚੀਨ ਨੂੰ ਹਰਾਉਂਦਿਆਂ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ: Bangladeshi Women Returned Home: ਭਾਰਤੀ ਜੇਲ੍ਹ ’ਚ ਤਿੰਨ ਸਾਲ ਕੱਟਣ ਤੋਂ ਬਾਅਦ 10 ਬੰਗਲਾਦੇਸ਼ੀ ਔਰਤਾਂ ਦੇਸ਼ ਪਰਤੀਆਂ
ਭਾਰਤ ਅਤੇ ਜਾਪਾਨ ਵਿਚਾਲੇ ਹੋਏ ਮੁਕਾਬਲੇ ’ਚ ਭਾਰਤੀ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਅਭਿਸ਼ੇਕ ਨੈਨ ਨੇ 11ਵੇਂ ਅਤੇ 51ਵੇਂ ਮਿੰਟ ਵਿੱਚ ਦੋ ਫੀਲਡ ਗੋਲ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਕਪਤਾਨ ਹਰਮਨਪ੍ਰੀਤ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਜਦੋਂਕਿ ਵਿਸ਼ਨੂਕਾਂਤ ਨੇ 56ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਭਾਰਤ ਦੀ ਜਿੱਤ 4-1 ਨਾਲ ਯਕੀਨੀ ਬਣਾਈ। ਜਾਪਾਨ ਵੱਲੋਂ ਸ਼ੋਤਾ ਯਾਮਾਦਾ ਨੇ 15ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਰਾਹੀਂ ਇਕਲੌਤਾ ਗੋਲ ਕੀਤਾ।
ਦੂਜੇ ਮੁਕਾਬਲੇ ਵਿੱਚ ਮਲੇਸ਼ੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਨੂੰ 6-1 ਨਾਲ ਕਰਾਰੀ ਹਾਰ ਦਿੱਤੀ ਅਤੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਮਲੇਸ਼ੀਆ ਵੱਲੋਂ ਅਬੂ ਕਮਾਲ ਅਜ਼ਰਾਈ ਨੇ 14ਵੇਂ ਮਿੰਟ ਵਿੱਚ ਫੀਲਡ ਗੋਲ ਅਤੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ।
ਮੁਹੰਮਦ ਅਖੀਮੁੱਲਾ ਅਨੁਆਰ ਏਸੂਕ ਨੇ 29ਵੇਂ, ਅਜ਼ੀਮੁੱਦੀਨ ਕਮਾਰੁੱਦੀਨ ਨੇ 32ਵੇਂ, ਸ਼ੈਲੋ ਸਿਲਵੇਰੀਅਸ ਨੇ 33ਵੇਂ ਅਤੇ ਆਇਮਨ ਰੋਜ਼ੇਮੀ ਨੇ 50ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਦੀ ਜਿੱਤ ਨੂੰ ਵੱਡੇ ਫਰਕ ਵਿੱਚ ਬਦਲ ਦਿੱਤਾ। ਬੰਗਲਾਦੇਸ਼ ਵੱਲੋਂ ਅਮੀਰੁਲ ਇਸਲਾਮ ਨੇ 26ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ।
ਇੱਕ ਹੋਰ ਰੋਮਾਂਚਕ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਚੀਨ ਨੂੰ 2-1 ਨਾਲ ਹਰਾਇਆ। ਚੀਨ ਨੇ 8ਵੇਂ ਮਿੰਟ ਵਿੱਚ ਚੇਨ ਚੋਂਗਕੋਂਗ ਦੇ ਪੈਨਲਟੀ ਸਟ੍ਰੋਕ ਰਾਹੀਂ ਗੋਲ ਕਰਕੇ ਬੜ੍ਹਤ ਬਣਾਈ ਸੀ, ਪਰ ਦੱਖਣੀ ਕੋਰੀਆ ਨੇ ਦੂਜੇ ਹਾਫ਼ ਵਿੱਚ ਜ਼ੋਰਦਾਰ ਵਾਪਸੀ ਕੀਤੀ। ਕਪਤਾਨ ਕਿਮ ਯੋਂਗ-ਬੋਕ ਨੇ 35ਵੇਂ ਮਿੰਟ ਵਿੱਚ ਅਤੇ ਕਿਮ ਜਾਏਹੋ ਨੇ 36ਵੇਂ ਮਿੰਟ ਵਿੱਚ ਲਗਾਤਾਰ ਦੋ ਫੀਲਡ ਗੋਲ ਕਰਕੇ ਦੱਖਣੀ ਕੋਰੀਆ ਨੂੰ 2-1 ਨਾਲ ਜਿੱਤ ਦਿਵਾਈ। ਇਸ ਜਿੱਤ ਨਾਲ ਦੱਖਣੀ ਕੋਰੀਆ ਨੇ ਟੂਰਨਾਮੈਂਟ ਵਿੱਚ ਆਪਣਾ ਜਿੱਤ ਦਾ ਖਾਤਾ ਖੋਲ੍ਹਿਆ।
Comments